ਜਤਿੰਦਰ ਪੰਮੀ, ਜਲੰਧਰ : ਸਿੱਖਿਆ ਦੇ ਪਾਸਾਰ 'ਚ ਅਹਿਮ ਭੂੂਮਿਕਾ ਨਿਭਾਉਣ ਵਾਲੀ ਡੀਏਵੀ ਕਾਲਜ ਪ੍ਰਬੰਧਕ ਕਮੇਟੀ ਨੇ ਲਾਹੌਰ 'ਚ ਵਿਚ ਨੌਜਵਾਨ ਪੀੜ੍ਹੀ ਨੂੰ ਤਕਨੀਕੀ ਤੌਰ 'ਤੇ ਪਰਪੱਕ ਬਣਾਉਣ ਲਈ 1939 ਵਿਚ ਦਯਾਨੰਦ ਟੈਕਨੀਕਲ ਇੰਸਟੀਚਿਊਟ ਖੋਲਿ੍ਹਆ ਸੀ। ਇਸ ਸੰਸਥਾ ਵਿਚ ਉਦਯੋਗ 'ਚ ਕੰਮ ਕਰਨ ਵਾਲੇ ਕਿਰਤੀ ਤਿਆਰ ਕਰਨ ਲਈ ਉਨ੍ਹਾਂ ਨੂੰ ਤਕਨੀਕੀ ਸਿਖਲਾਈ ਦਿੱਤੀ ਜਾਂਦੀ ਸੀ। ਜਦੋਂ ਲਾਹੌਰ ਵਿਚ ਇਹ ਸੰਸਥਾ ਸਥਾਪਤ ਕੀਤੀ ਗਈ ਤਾਂ ਡੀਏਵੀ ਕਾਲਜ ਪ੍ਰਬੰਧਕ ਕਮੇਟੀ ਦੇ ਉਸ ਵੇਲੇ ਦੇ ਪ੍ਰਧਾਨ ਪੰਡਤ ਮੇਹਰ ਚੰਦ ਦੇ ਮਨ 'ਚ ਇਹ ਵਿਚਾਰ ਆਇਆ ਕਿ ਡੀਏਵੀ ਕਮੇਟੀ ਨੇ ਸਿੱਖਿਆ ਦੇ ਪਾਸਾਰ 'ਚ ਕਾਫੀ ਵੱਡਾ ਯੋਗਦਾਨ ਪਾਇਆ ਹੈ ਪਰ ਤਕਨੀਕੀ ਸਿੱਖਿਆ ਵਾਲੇ ਪਾਸੇ ਹਾਲੇ ਤਕ ਕੋਈ ਧਿਆਨ ਨਹੀਂ ਦਿੱਤਾ ਗਿਆ ਜਦੋਂਕਿ ਤਕਨੀਕੀ ਸਿੱਖਿਆ ਤੋਂ ਬਿਨਾਂ ਸਿੱਖਿਆ ਅਧੂਰੀ ਹੈ। ਇਸ ਲਈ ਉਨ੍ਹਾਂ ਨੇ ਇੰਜੀਨੀਅਰਿੰਗ ਵਿਚ ਡਿਪਲੋਮਾ ਕੋਰਸ ਕਰਵਾਉਣ ਦੀ ਯੋਜਨਾ ਉਲੀਕਣੀ ਸ਼ੁਰੂ ਕਰ ਦਿੱਤੀ ਸੀ ਤੇ ਇਸ ਲਈ 50 ਹਜ਼ਾਰ ਰੁਪਏ ਦੀ ਰਾਸ਼ੀ ਵਿਚ ਇਕੱਤਰ ਕੀਤੀ ਗਈ। ਇੰਜੀਨੀਅਰਿੰਗ ਦੀ ਪੜ੍ਹਾਈ ਕਰਵਾਉਣ ਲਈ ਗੌਰਮਿੰਟ ਸਕੂਲ ਆਫ ਇੰਜੀਨੀਅਰਿੰਗ ਰਸੂਲ ਦੀ ਤਰਜ਼ 'ਤੇ ਹੀ 12 ਮਾਰਚ 1944 ਵਿਚ ਟੈਕਨੀਕਲ ਇੰਸਟੀਚਿਊਟ ਦਾ ਨੀਂਹ ਪੱਥਰ ਬਖਸ਼ੀ ਟੇਕ ਚੰਦ ਨੇ ਰੱਖਿਆ ਪਰ ਉਹ ਇਸ ਸੰਸਥਾ ਨੂੰ ਪ੍ਰਫੁੱਲਤ ਹੁੰਦੇ ਨਹੀਂ ਦੇਖ ਸਕੇ। ਇਸ ਤੋਂ ਛੇਤੀ ਬਾਅਦ ਹੀ ਉਹ ਅਕਾਲ ਚਲਾਣਾ ਕਰ ਗਏ ਤੇ ਇਸ ਇੰਸਟੀਚਿਊਟ ਨੂੰ ਚਲਾਉਣ ਵਾਲੇ ਪਾਸੇ ਦੇਸ਼ ਦੇ ਵੰਡ ਤਕ ਕੋਈ ਕਦਮ ਨਹੀਂ ਚੁੱਕਿਆ ਜਾ ਸਕਿਆ। ਹਾਲਾਂਕਿ ਆਜ਼ਾਦੀ ਤੋਂ ਬਾਅਦ ਭਾਰਗੋ ਕੈਂਪ ਵਿਖੇ ਖਾਲੀ ਪਈ ਟੈਨਰੀ ਵਿਚ ਭਾਰਤ ਸਰਕਾਰ ਦੇ ਲੇਬਰ ਤੇ ਰੁਜ਼ਗਾਰ ਮੰਤਰਾਲੇ ਅਧੀਨ ਦਯਾਨੰਦ ਇੰਡਸਟਰੀਅਲ ਸਕੂਲ ਸ਼ੁਰੂ ਕੀਤਾ ਗਿਆ ਸੀ, ਜਿਸ ਦੇ ਪਹਿਲੇ ਪਿ੍ਰੰਸੀਪਲ ਹੰਸ ਰਾਜ ਕੁੰਦਰਾ ਨੂੰ ਨਿਯੁਕਤ ਕੀਤਾ ਗਿਆ ਸੀ। ਇਸ ਸਕੂਲ ਵਿਚ ਵੋਕੇਸ਼ਨਲ ਟਰੇਡਾਂ 'ਚ ਕੋਰਸ ਸ਼ੁਰੂ ਕੀਤੇ ਗਏ, ਜਿਸ ਵਿਚ ਫੁਟਵੀਅਰ, ਲੈਦਰ ਗੁਡਜ਼, ਕਾਰਪੈਂਟਰੀ, ਖੇਡਾਂ ਦਾ ਸਾਮਾਨ ਤੇ ਖੇਡ ਲੈਦਰ ਸ਼ਾਮਲ ਸਨ। 1950 ਵਿਚ ਚੰਚਲ ਦਾਸ ਜੋ ਕਿ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੇ ਯਤਨਸ਼ੀਲ ਤੇ ਭਰੋਸੇਯੋਗ ਮੈਂਬਰ ਸਨ ਅਤੇ ਦਯਾਨੰਦ ਪੋਲੀਟੈਕਨਿਕ ਇੰਸਟੀਚਿਊਟ ਅੰਮਿ੍ਤਸਰ ਦੇ ਪਿ੍ਰੰਸੀਪਲ ਸਨ, ਨੂੰ ਜਲੰਧਰ ਦੇ ਭਾਰਗੋ ਕੈਂਪ ਵਿਚਲੇ ਟੈਕਨੀਕਲ ਸਕੂਲ ਵਿਚ ਹੰਸ ਰਾਜ ਕੁੰਦਰਾ ਦੀ ਥਾਂ 'ਤੇ ਤਾਇਨਾਤ ਕੀਤਾ ਗਿਆ। ਡੀਏਵੀ ਕਮੇਟੀ ਦਾ ਇਹ ਕਦਮ ਜਲੰਧਰ ਵਿਚ ਤਕਨੀਕੀ ਸਿੱਖਿਆ ਦੇ ਪਾਸਾਰ ਵਿਚ ਮੀਲ ਪੱਥਰ ਸਿੱਧ ਹੋਇਆ। 1952 ਵਿਚ ਇਹ ਤਕਨੀਕੀ ਸੰਸਥਾ ਜੀਟੀ ਰੋਡ 'ਤੇ ਬਰਲਟਨ ਪਾਰਕ ਦੇ ਸਾਹਮਣੇ ਪੰਜਾਬ ਉਦਯੋਗ ਵਿਭਾਗ ਦੀ ਇਮਾਰਤ ਵਿਚ ਤਬਦੀਲ ਕਰ ਦਿੱਤੀ ਗਈ ਜੋ ਕਿ ਬਾਅਦ ਵਿਚ ਪਿ੍ਰੰਸੀਪਲ ਚੰਚਲ ਦਾਸ ਦੇ ਯਤਨਾਂ ਸਦਕਾ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਵੱਲੋਂ ਖਰੀਦ ਲਈ ਗਈ। ਡੀਏਵੀ ਮੈਨੇਜਿੰਗ ਕਮੇਟੀ ਨੇ ਉਸ ਵੇਲੇ 2 ਲੱਖ ਰੁਪਏ ਖਰਚ ਕੇ ਇਥੇ ਵਧੀਆ ਇਮਾਰਤ ਤਿਆਰ ਕਰਵਾਈ, ਜਿਸ ਦਾ ਡਿਜ਼ਾਈਨ ਨਵੀਂ ਦਿੱਲੀ ਦੇ ਪ੍ਰਸਿੱਧ ਆਰਕੀਟੈਕਟ ਟੀਆਰ ਮਹਿੰਦਰੂ ਵੱਲੋਂ ਤਿਆਰ ਕੀਤਾ ਗਿਆ। ਇਸ ਇਮਾਰਤ ਵਿਚ ਇਸ ਵੇਲੇ ਮੇਹਰ ਚੰਦ ਆਈਟੀਆਈ ਚੱਲ ਰਹੀ ਹੈ। 1954 ਵਿਚ ਪਹਿਲੀ ਵਾਰ ਇਸ ਤਕਨੀਕੀ ਸਕੂਲ ਵਿਚ ਸਿਵਲ ਇੰਜੀਨੀਅਰਿੰਗ ਦੇ ਦੋ ਸਾਲਾ ਓਵਰਸੀਅਰ ਤੇ ਡਰਾਫਟਸਮੈਨ ਕੋਰਸ ਸ਼ੁਰੂ ਕੀਤੇ ਗਏ ਅਤੇ ਇਸ ਦਾ ਨਾਂ ਪੰਡਤ ਮੇਹਰ ਚੰਦ ਦੀ ਯਾਦ ਨੂੰ ਸਮਰਪਿਤ ਕਰਦਿਆਂ ਉਨ੍ਹਾਂ ਦੇ ਨਾਮ ਉਪਰ ਮੇਹਰ ਚੰਦ ਪੋਲੀਟੈਕਨਿਕ ਰੱਖ ਦਿੱਤਾ ਗਿਆ। ਇਹ ਉਹ ਸਮਾਂ ਸੀ ਜਦੋਂ ਡਿਪਲੋਮਾ ਕਰਨ 'ਚ ਕਾਫੀ ਉਲਝਣ ਪੈਦਾ ਹੋ ਗਈ ਸੀ ਕਿਉਂਕਿ ਨਾ ਤਾਂ ਡਿਪਲੋਮੇ ਲਈ ਕਈ ਮਾਪਦੰਡ ਸੀ ਤੇ ਨਾ ਹੀ ਕੋਈ ਸਰਕਾਰੀ ਵਿਭਾਗ ਸੀ ਜਿਹੜਾ ਇਨ੍ਹਾਂ ਕੋਰਸਾਂ ਨੂੰ ਮਾਨਤਾ ਦਿੰਦਾ। ਕੁਝ ਨਿੱਜੀ ਸੰਸਥਾਨ ਸਨ, ਜਿਹੜੇ ਕਿ ਪ੍ਰਰਾਈਵੇਟ ਕਮੇਟੀਆਂ ਨੇ ਖੋਲ੍ਹੇ ਸਨ ਜੋ ਕਿ ਆਪਣੇ ਵੱਲੋਂ ਤਿਆਰ ਕੀਤਾ ਸਿਲੇਬਸ ਹੀ ਪੜ੍ਹਾਉਂਦੇ ਸਨ। ਦਸੰਬਰ 1955 ਵਿਚ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਨੇ ਇਸ ਪੋਲੀਟੈਕਨਿਕ ਵਿਚ ਇਕ ਕਮੇਟੀ ਭੇਜੀ, ਜਿਸ ਨੇ ਇਸ ਸੰਸਥਾ ਦੇ ਵਿਸਥਾਰ ਲਈ ਅਧਿਐਨ ਕੀਤਾ ਅਤੇ ਇਸ ਦੀ ਇਮਾਰਤ, ਉਪਕਰਣਾਂ ਤੇ ਲਾਇਬ੍ਰੇਰੀ ਲਈ 11 ਲੱਖ ਰੁਪਏ ਦੀ ਗ੍ਾਂਟ ਅਤੇ ਪੌਣੇ ਤਿੰਨ ਲੱਖ ਰੁਪਏ ਦਾ ਕਰਜ਼ਾ 150 ਵਿਦਿਆਰਥੀਆਂ ਵਾਸਤੇ ਹੋਸਟਲ ਤਿਆਰ ਕਰਨ ਵਾਸਤੇ ਮਨਜ਼ੂਰ ਕੀਤਾ। ਇਸ ਦੇ ਨਾਲ ਹੀ ਇਥੇ ਕਰਵਾਏ ਜਾਂਦੇ ਡਿਪਲੋਮੇ ਦੀ ਮਿਆਦ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ ਦੇ ਤਿੰਨ ਸਾਲਾ ਨੈਸ਼ਨਲ ਸਰਟੀਫਿਕੇਟ ਕੋਰਸ ਤਕ ਵਧਾ ਦਿੱਤੀ। ਏਆਈਸੀਟੀਈ ਨੇ ਜੁਲਾਈ 1958 ਵਿਚ ਇਥੇ ਮਕੈਨੀਕਲ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਵਿਚ ਡਿਪਲੋਮਾ ਤੇ ਡਰਾਫਟਸਮੈਨਸ਼ਿਪ ਕੋਰਸ ਮਨਜ਼ੂਰ ਕਰ ਦਿੱਤਾ, ਜਿਸ ਲਈ ਹਰ ਕੋਰਸ ਦੀਆਂ 30 ਸੀਟਾਂ ਅਲਾਟ ਕਰ ਦਿੱਤੀਆਂ ਗਈਆਂ ਅਤੇ ਇਹ ਸੰਸਥਾ ਪੂਰੀ ਤਰ੍ਹਾਂ ਪੋਲੀਟੈਕਨਿਕ ਬਣ ਗਈ। ਚੰਚਲ ਦਾਸ ਨੂੰ 11 ਫਰਵਰੀ 1958 ਵਿਚ ਪੱਕੇ ਤੌਰ 'ਤੇ ਪਿ੍ਰੰਸੀਪਲ ਬਣਾ ਦਿੱਤਾ ਗਿਆ। 1 ਅਪ੍ਰਰੈਲ 1962 ਵਿਚ ਚੰਚਲ ਦਾਸ ਪਿ੍ਰੰਸੀਪਲ ਦੇ ਅਹੁਦੇ ਤੋਂ ਸੇਵਾਮੁਕਤ ਹੋ ਕੇ ਇਸ ਦੇ ਡਾਇਰੈਕਟਰ ਬਣ ਗਏ ਤੇ ਉਨ੍ਹਾਂ ਦੀ ਥਾਂ ਪਿ੍ਰੰਸੀਪਲ ਦਾ ਅਹੁਦਾ ਵਾਈਪੀ ਮੇਅਰ ਨੇ ਸੰਭਾਲ ਲਿਆ। ਭਾਰਤ ਵਿਚ ਜਦੋਂ ਕੌਮੀ ਐਮਰਜੈਂਸੀ ਦੌਰਾਨ ਵੱਡੇ ਪੱਧਰ 'ਤੇ ਇੰਜੀਨੀਅਰਾਂ ਦੀ ਲੋੜ ਮਹਿਸੂਸ ਕੀਤੀ ਗਈ ਤਾਂ ਇਥੇ ਕਰਵਾਏ ਜਾਂਦੇ ਸਾਰੇ ਕੋਰਸਾਂ ਦੀਆਂ ਸੀਟਾਂ ਵਧਾ ਕੇ ਪ੍ਰਤੀ ਕੋਰਸ 60 ਕਰ ਦਿੱਤੀਆਂ ਗਈਆਂ, ਜਿਸ ਨਾਲ 1954 ਵਿਚ 80 ਵਿਦਿਆਰਥੀਆਂ ਵਾਲੇ ਇਸ ਪੋਲੀਟੈਕਨਿਕ ਦੀ ਗਿਣਤੀ 1964 ਵਿਚ 240 ਤਕ ਪੁੱਜ ਗਈ। 1965 ਤਕ ਇਹ ਗਿਣਤੀ 660 ਤਕ ਪੁੱਜ ਗਈ। 1982 'ਚ ਇਥੇ ਇਲੈਕਟ੍ਰੋਨਿਕ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਦਾ ਡਿਪਲੋਮਾ ਸ਼ੁਰੂ ਕੀਤਾ ਗਿਆ, ਜਿਸ ਦੀਆਂ 30 ਸੀਟਾਂ ਅਲਾਟ ਹੋਈਆਂ ਤੇ 1987 ਵਿਚ ਡੀ-ਫਾਰਮੇਸੀ ਸ਼ੁਰੂ ਕੀਤੀ ਗਈ, ਜਿਸ ਲਈ 40 ਸੀਟਾਂ ਮਿਲੀਆਂ। 2003-04 ਵਿਚ ਮਕੈਨੀਕਲ ਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਦੀਆਂ ਸੀਟਾਂ ਦੀ ਗਿਣਤੀ 40 ਤੋਂ 60 ਕਰ ਦਿੱਤੀ ਗਈ। 2010 ਵਿਚ ਪਿ੍ਰੰਸੀਪਲ ਜਗਰੂਪ ਸਿੰਘ ਨੇ ਪ੍ਰਬੰਧਕੀ ਕਮੇਟੀ ਦੀ ਰਹਿਨੁਮਾਈ ਹੇਠ ਸਵੇਰੇ ਦੇ ਸਮੇਂ 'ਚ ਆਟੋਮੋਬਾਈਲ ਇੰਜੀਨੀਅਰਿੰਗ ਅਤੇ ਸ਼ਾਮ ਦੇ ਸਮੇਂ 'ਚ ਪੰਜ ਵਿਸ਼ਿਆਂ ਸਿਵਲ, ਇਲੈਕਟ੍ਰੀਕਲ, ਮਕੈਨੀਕਲ, ਇਲੈਕਟ੍ਰੋਨਿਕਸ ਤੇ ਕੰਪਿਊਟਰ ਇੰਜੀਨੀਅਰਿੰਗ ਦੇ ਨਵੇਂ ਡਿਪਲੋਮੇ ਸ਼ੁਰੂ ਕੀਤੇ। 2013-14 ਤੋਂ ਇਥੇ ਆਰਕੀਟੈਕਚਰ ਦਾ ਡਿਪਲੋਮਾ ਵੀ ਸ਼ੁਰੂ ਕੀਤਾ ਗਿਆ ਹੈ ਤੇ ਇਸ ਪੋਲੀਟੈਕਨਿਕ ਵਿਚ ਇਸ ਵੇਲੇ ਢਾਈ ਹਜ਼ਾਰ ਦੇ ਕਰੀਬ ਵਿਦਿਆਰਥੀ ਤਕਨੀਕੀ ਸਿੱਖਿਆ ਹਾਸਲ ਕਰ ਰਹੇ ਹਨ। ਪਿ੍ਰੰਸੀਪਲ ਵਾਈਪੀ ਮੇਅਰ ਨੇ 1969 ਤਕ ਮੇਹਰ ਚੰਦ ਪੋਲੀਟੈਕਨਿਕ ਲਈ ਆਪਣੀਆਂ ਸੇਵਾਵਾਂ ਦਿੱਤੀਆਂ। ਉਨ੍ਹਾਂ ਤੋਂ ਬਾਅਦ 1-8-1969 ਨੂੰ ਐੱਸਕੇ ਅਰੋੜਾ ਨੇ ਪਿ੍ਰੰਸੀਪਲ ਦਾ ਅਹੁਦਾ ਸੰਭਾਲਿਆ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਸੰਸਥਾ ਨੂੰ ਤਕਨੀਕੀ ਸਿੱਖਿਆ ਦੇ ਨਾਲ਼-ਨਾਲ਼ ਖੇਡਾਂ ਅਤੇ ਹੋਰ ਸਰਗਰਮੀਆਂ ਵਿਚ ਬੁਲੰਦੀਆਂ 'ਤੇ ਪਹੁੰਚਾਇਆ। ਉਹ ਬਹੁਤ ਹੀ ਦਿ੍ੜ੍ਹ ਇਰਾਦੇ, ਆਜ਼ਾਦ ਖਿਆਲਾਂ ਵਾਲੇ ਤੇ ਆਪਣੇ ਵਿਚਾਰਾਂ ਨੂੰ ਵਿਹਾਰਕ ਰੂਪ ਦੇਣ ਵਾਲੇ ਵਿਅਕਤੀ ਸਨ। ਉਨ੍ਹਾਂ ਨੇ ਬਹੁਤ ਸਾਰੇ ਨੌਜਵਾਨ ਦੀਆਂ ਜ਼ਿੰਦਗੀਆਂ ਸੰਵਾਰੀਆਂ। ਉਨ੍ਹਾਂ ਦੇ ਵਿਦਿਆਰਥੀ ਅੱਜ ਵੀ ਪਿ੍ਰੰਸੀਪਲ ਮੇਅਰ ਨੂੰ ਬੜੇ ਸਤਿਕਾਰ ਨਾਲ ਯਾਦ ਕਰਦੇ ਹਨ। ਉਹ 3-9-1974 ਨੂੰ ਸੇਵਾਮੁਕਤ ਹੋਏ। ਉਨ੍ਹਾਂ ਤੋਂ ਬਾਅਦ ਥੋੜ੍ਹੇ ਸਮੇਂ ਲਈ 4-9-1974 ਤੋਂ 13-2-1975 ਤਕ ਬੀਐੱਲ ਹਾਂਡੂ ਨੂੰ ਪਿ੍ਰੰਸੀਪਲ ਬਣਾਇਆ ਗਿਆ ਤੇ 1975 ਵਿਚ ਐੱਸਪੀ ਲੂਥਰਾ ਨੇ ਪਿ੍ਰੰਸੀਪਲ ਦਾ ਅਹੁਦਾ ਸੰਭਾਲਿਆ। ਉਨ੍ਹਾਂ ਨੇ ਪਿ੍ਰੰਸੀਪਲ ਦੇ ਨਾਲ਼-ਨਾਲ਼ ਡਾਇਰੈਕਟਰ ਵਜੋਂ ਵੀ ਸੇਵਾਵਾਂ ਨਿਭਾਈਆਂ। ਉਨ੍ਹਾਂ ਦੇ ਵਿਦਿਆਰਥੀਆਂ ਤੇ ਸਟਾਫ ਨਾਲ ਬਹੁਤ ਵਧੀਆ ਰਿਸ਼ਤੇ ਸਨ, ਜਿਸ ਸਦਕਾ ਵਿਦਿਆਰਥੀ ਤੇ ਅਧਿਆਪਕ ਉਨ੍ਹਾਂ ਦਾ ਬਹੁਤ ਹੀ ਸਤਿਕਾਰ ਕਰਦੇ ਸਨ। ਉਨ੍ਹਾਂ ਦੀ ਸੁਚੱਜੀ ਅਗਵਾਈ ਸਕਦਾ ਵਿਦਿਆਰਥੀਆਂ ਦੇ ਵਿੱਦਿਅਕ ਤੇ ਹੋਰ ਸਰਗਰਮੀਆਂ ਵਿਚ ਵਧੀਆ ਨਤੀਜੇ ਆਉਂਦੇ ਸਨ। ਡਾ. ਲੂਥਰਾ ਨੇ ਆਪਣੇ ਕਾਰਜਕਾਲ ਦੌਰਾਨ ਪੋਲੀਟੈਕਨਿਕ ਵਿਚ ਕੌਮੀ ਇੰਜੀਨੀਅਰਿੰਗ ਸੇਵਾ ਯੋਜਨਾ (ਐੱਨਈਐੱਸਐੱਸ) ਸ਼ੁਰੂ ਕੀਤੀ ਸੀ। ਉਹ 3-11-1977 ਨੂੰ ਸੇਵਾਮੁਕਤ ਹੋ ਗਏ ਅਤੇ ਉਨ੍ਹਾਂ ਦੀ ਥਾਂ ਡਾ. ਐੱਸਕੇ ਸਚਦੇਵ ਨੇ ਪਿ੍ਰੰਸੀਪਲ ਦਾ ਅਹੁਦਾ ਸੰਭਾਲਿਆ ਤੇ ਉਹ 1978 ਵਿਚ ਸੇਵਾਮੁਕਤ ਹੋ ਗਏ। ਉਨ੍ਹਾਂ ਤੋਂ ਬਾਅਦ ਬੀਐੱਲ ਹਾਂਡੂ ਨੂੰ ਮੁੜ ਪਿ੍ਰੰਸੀਪਲ ਬਣਾਇਆ ਗਿਆ, ਜਿਨ੍ਹਾਂ ਨੇ ਇਸ ਅਹੁਦੇ 'ਤੇ ਲੰਮਾਂ ਸਮਾਂ ਸੇਵਾਵਾਂ ਦਿੱਤੀਆਂ। ਉਨ੍ਹਾਂ ਦੀ ਅਗਵਾਈ ਹੇਠ ਮੇਹਰ ਚੰਦ ਪੋਲੀਟੈਕਨਿਕ ਨੇ ਨਾ ਸਿਰਫ਼ ਤਕਨੀਕੀ ਸਿੱਖਿਆ ਬਲਕਿ ਖੇਡਾਂ ਦੇ ਖੇਤਰ ਵਿਚ ਵੀ ਅਹਿਮ ਪ੍ਰਰਾਪਤੀਆਂ ਕੀਤੀਆਂ, ਸਗੋਂ ਉਨ੍ਹਾਂ ਨੇ ਸੰਸਥਾ ਵਿਚ ਕਈ ਨਵੇਂ ਕੋਰਸ ਸ਼ੁਰੂ ਕਰਵਾਏ, ਜਿਨ੍ਹਾਂ ਵਿਚ ਫਾਰਮੇਸ ਤੇ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਕੋਰਸ ਸ਼ਾਮਲ ਹਨ। ਉਹ 1997 ਵਿਚ ਸੇਵਾਮੁਕਤ ਹੋਏ ਅਤੇ ਉਨ੍ਹਾਂ ਦੀ ਥਾਂ ਸੀਐੱਲ ਕੋਛੜ ਨੂੰ ਪਿ੍ਰੰਸੀਪਲ ਨਿਯੁਕਤ ਕੀਤਾ ਗਿਆ। ਉਨ੍ਹਾਂ ਨੇ 28-2-1999 ਤਕ ਪਿ੍ਰੰਸੀਪਲ ਵਜੋਂ ਸੇਵਾਵਾਂ ਦਿੱਤੀਆਂ। ਉਨ੍ਹਾਂ ਤੋਂ ਬਾਅਦ 1999 ਤੋਂ 2002 ਤਕ ਆਰਕੇ ਧਵਨ, 2002 ਤੋਂ 2005 ਤਕ ਐੱਮਐੱਲ ਓਹਰੀ ਤੇ 2005 ਤੋਂ 2009 ਤਕ ਐੱਸਕੇ ਸਹਿਦੇਵ ਨੇ ਪਿ੍ਰੰਸੀਪਲ ਵਜੋਂ ਸੇਵਾਵਾਂ ਦਿੱਤੀਆਂ। 1-2-2009 ਨੂੰ ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ ਪਿ੍ਰੰਸੀਪਲ ਦਾ ਅਹੁਦਾ ਜਗਰੂਪ ਸਿੰਘ ਨੇ ਸੰਭਾਲਿਆ ਜਿਹੜੇ ਕਿ ਮੌਜੂਦਾ ਸਮੇਂ ਵੀ ਸੇਵਾਵਾਂ ਦੇ ਰਹੇ ਹਨ। ਉਨ੍ਹਾਂ ਦੇ ਕਾਰਜਕਾਲ ਦੌਰਾਨ ਕਾਲਜ ਨੇ ਕਈ ਨਵੀਆਂ ਪੁਲਾਂਘਾਂ ਪੁੱਟੀਆਂ ਹਨ ਤੇ ਕਈ ਨਵੇਂ ਕੋਰਸ ਸ਼ੁਰੂ ਕੀਤੇ ਗਏ ਹਨ। 2013 ਵਿਚ ਮੇਹਰ ਚੰਦ ਪੋਲੀਟੈਕਨਿਕ ਨੂੰ ਉੱਤਰੀ ਭਾਰਤ ਦਾ ਸਭ ਤੋਂ ਵਧੀਆ ਸੰਸਥਾਨ ਐਲਾਨਿਆ ਗਿਆ ਤੇ 2014 ਵਿਚ ਭਾਰਤ ਸਰਕਾਰ ਦੇ ਐੱਮਐੱਚਆਰਡੀ ਵੱਲੋਂ ਪੋਲੀਟੈਕਨਿਕ ਨੂੰ ਕਮਿਊਨਿਟੀ ਕਾਲਜ ਦਾ ਦਰਜਾ ਦਿੱਤਾ ਗਿਆ। ਇਸੇ ਸਾਲ ਹੀ ਬਿ੍ਟਿਸ਼ ਕੌਂਸਲ ਵੱਲੋਂ ਇਸ ਦੀ ਯੂਕੇਆਈਈਆਰਆਈ ਅਧੀਨ ਸੰਸਥਾਗਤ ਸਮਰੱਥਾ ਨਿਰਮਾਣ ਵਜੋਂ ਚੋਣ ਕੀਤੀ ਗਈ। ਕਾਲਜ ਦੇ ਪੁਰਾਣੇ ਵਿਦਿਆਰਥੀਆਂ ਵਿਚ ਸੀਐੱਲ ਕੋਛੜ ਤੋਂ ਇਲਾਵਾ ਰਾਜ ਕੁਮਾਰ ਚੌਧਰੀ, ਗੁਲਜ਼ਾਰੀ ਲਾਲ, ਜਗਦੀਸ਼ ਬੰਮੀ, ਰਾਜ ਕੁਮਾਰ, ਜਸਪਾਲ ਸਿੰਘ, ਅਸ਼ਵਨੀ ਕੁਮਾਰ, ਪ੍ਰਦੀਪ ਢੀਂਗਰਾ, ਵਿਨੋਦ ਕਪੂਰ, ਕੁਲਦੀਪ ਰਾਜ ਸ਼ਰਮਾ ਆਦਿ ਸ਼ਾਮਲ ਹਨ।