ਜਤਿੰਦਰ ਪੰਮੀ, ਜਲੰਧਰ : ਬਰਲਟਨ ਪਾਰਕ ਸ਼ਹਿਰ ਦੇ ਵਿਚਾਲਿਓਂ ਲੰਘਦੇ ਪੁਰਾਣੇ ਜੀਟੀ ਰੋਡ 'ਤੇ ਸਥਿਤ ਹੈ, ਡੀਏਵੀ ਕਾਲਜ ਫਲਾਈਓਵਰ ਦੇ ਨਾਲ ਹੈ। ਗੁਲਾਬ ਦੇਵੀ ਰੋਡ ਵਾਲੇ ਪਾਸੇ ਵੀ ਇਸੇ ਦੇ ਗੇਟ ਬਣੇ ਹੋਏ ਹਨ ਤੇ ਇਸ ਪਾਸੇ ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਸਥਿਤ ਹੈ। ਬਰਲਟਨ ਪਾਰਕ ਦਾ ਕੰਟਰੋਲ ਨਗਰ ਨਿਗਮ ਅਧੀਨ ਹੈ, ਜਦੋਂਕਿ ਹਾਕੀ ਸਟੇਡੀਅਮ ਪੰਜਾਬ ਖੇਡ ਵਿਭਾਗ ਅਧੀਨ ਹੈ। ਇਥੇ ਪੰਜਾਬ ਯੁਵਕ ਸੇਵਾਵਾਂ ਵਿਭਾਗ ਦਾ ਦਫ਼ਤਰ ਵੀ ਮੌਜੂਦ ਹੈ, ਜਿਥੇ ਯੂਥ ਹੋਸਟਲ ਵੀ ਚੱਲ ਰਿਹਾ ਹੈ। ਇਸ ਪਾਰਕ ਦੀ ਉਸਾਰੀ ਆਜ਼ਾਦੀ ਤੋਂ ਪਹਿਲਾਂ 1930-40 ਦੇ ਦਹਾਕੇ ਦੌਰਾਨ ਹੋਈ ਸੀ ਜੋ ਕਿ ਬਰਤਾਨਵੀ ਹਕੂਮਤ ਵੇਲੇ ਲੈਫਟੀਨੈਂਟ ਕਰਨਲ ਪੀਐੱਸ ਐੱਮ ਬਰਲਟਨ ਜੋ ਕਿ 22 ਨਵੰਬਰ 1918 ਤੋਂ 27 ਨਵੰਬਰ 1920 ਤਕ ਜਲੰਧਰ ਡਵੀਜਨ ਦੇ 66ਵੇਂ ਕਮਿਸ਼ਨਰ ਸਨ, ਦੀ ਯਾਦ ਵਿਚ 50 ਏਕੜ ਤੋਂ ਵੀ ਵਧ ਰਕਬੇ ਵਿਚ ਕੀਤੀ ਗਈ ਸੀ। ਖੁੱਲ੍ਹੀ ਜਗ੍ਹਾ ਹੋਣ ਕਰ ਕੇ ਇਸ ਥਾਂ ਦੀ ਵਰਤੋਂ ਖੇਡ ਮੈਦਾਨ ਵਜੋਂ ਕੀਤੀ ਜਾਂਦੀ ਰਹੀ ਸੀ ਤੇ ਇਹ ਸਿਲਸਿਲਾ ਪੱਕੇ ਤੌਰ 'ਤੇ ਚੱਲਦਾ ਰਿਹਾ। ਬਰਲਟਨ ਪਾਰਕ ਖੇਡ ਮੈਦਾਨਾਂ ਦਾ ਗੜ੍ਹ ਬਣ ਗਿਆ ਅਤੇ ਮੁਸਲਮਾਨਾਂ ਦੇ ਇਸਲਾਮੀਆ ਸਕੂਲ ਤੇ ਸ਼ਹਿਰ ਦੇ ਹੋਰਨਾਂ ਸਕੂਲਾਂ ਵੱਲੋਂ ਇਥੇ ਮੈਚ ਕਰਵਾਏ ਜਾਂਦੇ ਸਨ। ਆਜ਼ਾਦੀ ਤੋਂ ਬਾਅਦ ਜਲੰਧਰ ਸ਼ਹਿਰ ਵਿਚ ਖੇਡਾਂ ਦੇ ਸਾਮਾਨ ਬਣਨ ਤੇ ਸਪੋਰਟਸ ਕਾਲਜ ਹੋਣ ਕਰ ਕੇ ਇਥੇ ਫੁੱਟਬਾਲ ਤੇ ਹਾਕੀ ਦੇ ਮੈਚ ਬਹੁਤ ਜ਼ਿਆਦਾ ਖੇਡੇ ਜਾਂਦੇ ਸਨ। ਬਹੁਤ ਸਾਰੇ ਮੈਚ ਬਰਲਟਨ ਪਾਰਕ ਸਥਿਤ ਮੈਦਾਨਾਂ 'ਚ ਵੀ ਹੁੰਦੇ ਸਨ। ਕ੍ਰਿਕਟ ਦਾ ਰੁਝਾਨ ਵਧਣ ਨਾਲ ਇਥੇ ਕ੍ਰਿਕਟ ਦੇ ਮੈਚ ਵੀ ਖੇਡੇ ਜਾਣ ਲੱਗੇ ਤੇ ਫਿਰ ਇਥੇ 1955 ਵਿਚ ਮਹਾਤਮਾ ਗਾਂਧੀ ਦੇ ਨਾਂ 'ਤੇ ਗਾਂਧੀ ਸਟੇਡੀਅਮ ਬਣਾ ਦਿੱਤਾ ਗਿਆ ਜਿਸ ਨੂੰ ਬੀਐੱਸ ਬੇਦੀ ਸਟੇਡੀਅਮ ਵਜੋਂ ਵੀ ਜਾਣਿਆ ਜਾਂਦਾ ਸੀ। ਜਿਹੜਾ ਕਿ ਇਸ ਵੇਲੇ ਢਾਹ ਦਿੱਤਾ ਹੋਇਆ ਹੈ ਪਰ ਖੇਡ ਦਾ ਮੈਦਾਨ ਹਾਲੇ ਵੀ ਕ੍ਰਿਕਟ ਮੈਚਾਂ ਤੇ ਅਭਿਆਸ ਲਈ ਵਰਤਿਆ ਜਾਂਦਾ ਹੈ। ਸਟੇਡੀਅਮ ਉਸਾਰਨ ਤੋਂ ਬਾਅਦ ਇਥੇ ਸਤੰਬਰ 1983 ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਇਕ ਟੈਸਟ ਮੈਚ ਤੇ ਤਿੰਨ ਇਕ ਦਿਨਾ ਮੈਚ ਖੇਡੇ ਗਏ ਸਨ ਜਿਨ੍ਹਾਂ ਵਿਚ ਭਾਰਤ ਨੇ ਜਿੱਤ ਹਾਸਲ ਕੀਤੀ ਸੀ। ਇਹ ਮੈਦਾਨ ਪੰਜਾਬ ਤੇ ਉੱਤਰੀ ਜ਼ੋਨ ਦੀਆਂ ਟੀਮਾਂ ਲਈ ਘਰੇਲੂ ਮੈਦਾਨ ਸੀ ਜਿਸ ਵਿਚ 16,000 ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਹੋਇਆ ਸੀ। ਇਥੇ ਪਹਿਲਾਂ ਇਕ ਦਿਨਾ ਮੈਚ ਭਾਰਤ ਤੇ ਇੰਗਲੈਂਡ ਵਿਚਾਲੇ 20 ਦਸੰਬਰ 1981 ਵਿਚ ਖੇਡਿਆ ਗਿਆ ਸੀ, ਜਦੋਂਕਿ ਆਖ਼ਰੀ ਇਕ ਦਿਨਾ ਮੈਚ 20 ਫਰਵਰੀ 1994 ਵਿਚ ਭਾਰਤ ਤੇ ਸ੍ਰੀਲੰਕਾ ਵਿਚਾਲੇ ਖੇਡਿਆ ਗਿਆ ਸੀ। ਬਰਲਟਨ ਪਾਰਕ 'ਚ ਲਾਅਨ ਟੈਨਿਸ ਗਰਾਊਂਡ ਵੀ ਹੈ, ਤੇ ਫੁੱਟਬਾਲ ਦਾ ਮੈਦਾਨ ਵੀ।

ਇਥੇ ਸਥਿਤ ਓਲੰਪੀਅਨ ਸੁਰਜੀਤ ਸਿੰਘ ਹਾਕੀ ਸਟੇਡੀਅਮ 1992 ਵਿਚ ਹੋਂਦ 'ਚ ਆਇਆ ਸੀ। ਇਹ ਸਟੇਡੀਅਮ ਪੰਜਾਬ ਖੇਡ ਵਿਭਾਗ ਅਧੀਨ ਚੱਲ ਰਿਹਾ ਹੈ, ਜਿਥੇ ਐਸਟਰੋਟਰਫ ਲਾਈ ਹੋਈ ਹੈ ਜਿਸ 'ਤੇ ਕੌਮੀ ਤੇ ਕੌਮਾਂਤਰੀ ਪੱਧਰ ਮੈਚ ਖੇਡੇ ਜਾਂਦੇ ਹਨ। ਇਥੇ ਹਰ ਸਾਲ ਓਲੰਪੀਅਨ ਸੁਰਜੀਤ ਸਿੰਘ ਦੀ ਯਾਦ ਵਿਚ ਕੌਮਾਂਤਰੀ ਪੱਧਰ ਦਾ ਇੰਡੀਅਨ ਆਇਲ ਸਰਵੋ ਓਲੰਪੀਅਨ ਸੁਰਜੀਤ ਸਿੰਘ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਸਟੇਡੀਅਮ ਦੇ ਨਾਲ ਹੀ ਖੇਡ ਵਿਭਾਗ ਦੇ ਅਧੀਨ ਸੁਰਜੀਤ ਹਾਕੀ ਅਕੈਡਮੀ ਵੀ ਚੱਲ ਰਹੀ ਹੈ, ਜਿਥੋਂ ਹੁਣ ਤਕ ਹਾਕੀ ਦੇ ਕਈ ਕੌਮੀ, ਕੌਮਾਂਤਰੀ ਤੇ ਓਲੰਪੀਅਨ ਖਿਡਾਰੀ ਪੈਦਾ ਹੋ ਚੁੱਕੇ ਹਨ।

ਡੀਏਵੀ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਕਾਲਜ (ਡੇਵੀਏਟ) ਤੇ ਕਬੀਰ ਨਗਰ ਨਾਲ ਲੱਗਦੇ ਪਾਰਕ ਦੇ ਇਕ ਹਿੱਸੇ ਵਿਚ ਪਿਛਲੇ ਕਈ ਦਹਾਕਿਆਂ ਤੋਂ ਦੁਸਹਿਰੇ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਪਿਛਲੇ ਇਕ ਦਹਾਕੇ ਤੋਂ ਇਥੇ ਦੀਵਾਲੀ ਦੇ ਤਿਉਹਾਰ ਮੌਕੇ ਪਟਾਕਿਆਂ ਦੀ ਮਾਰਕੀਟ ਸਜਾਈ ਜਾਂਦੀ ਹੈ, ਜਿਥੋਂ ਸ਼ਹਿਰ ਵਾਸੀ ਪਟਾਕੇ ਖ਼ਰੀਦ ਕੇ ਲਿਜਾਂਦੇ ਹਨ। ਇਸ ਵਿਸ਼ਾਲ ਪਾਰਕ ਦੇ ਕੁਝ ਹਿੱਸੇ ਨੂੰ ਸਪੋਰਟਸ ਹੱਬ ਬਣਾਉਣ ਦਾ ਪ੍ਰਰਾਜੈਕਟ ਪਿਛਲੇ ਇਕ ਦਹਾਕੇ ਦੇ ਵੱਧ ਸਮੇਂ ਤੋਂ ਹੀ ਚੱਲ ਰਿਹਾ ਹੈ। ਸਪੋਰਟਸ ਹੱਬ ਬਣਾਉਣ ਦਾ ਪ੍ਰਰਾਜੈਕਟ ਪਹਿਲੀ ਵਾਰ ਅਕਾਲੀ-ਭਾਜਪਾ ਸਰਕਾਰ 'ਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਨੇ 2008 ਵਿਚ ਲਿਆਂਦਾ ਸੀ ਤੇ ਬਾਅਦ ਵਿਚ ਮੇਅਰ ਰਾਕੇਸ਼ ਰਾਠੌਰ ਦਾ ਵੀ ਡ੍ਰੀਮ ਪ੍ਰਰੋਜੈਕਟ ਸੀ, ਜਿਨ੍ਹਾਂ ਨੇ 2010 ਵਿਚ ਇਹ ਪ੍ਰਰਾਜੈਕਟ ਪਾਸ ਕਰਵਾਇਆ ਸੀ ਪਰ ਫੰਡਾਂ ਦੀ ਘਾਟ ਕਾਰਨ ਇਹ ਵਿਚਾਲੇ ਹੀ ਲਟਕ ਗਿਆ। ਹੁਣ ਬਰਲਟਨ ਪਾਰਕ ਦੇ 12 ਏਕੜ ਖੇਤਰ ਨੂੰ ਸਮਾਰਟ ਸਿਟੀ ਤਹਿਤ ਬਹੁ-ਮੰਤਰੀ ਸਪੋਰਟਸ ਹੱਬ ਵਿਚ ਤਬਦੀਲ ਕੀਤਾ ਜਾ ਰਿਹਾ ਹੈ ਜਿਸ ਉਪਰ 250 ਕਰੋੜ ਦੀ ਲਾਗਤ ਨਾਲ ਆਊਟਡੋਰ ਤੇ ਇਨਡੋਰ ਸਟੇਡੀਅਮ ਤਿਆਰ ਕੀਤੇ ਜਾਣਗੇ। ਇਸ ਵਿਚ ਫੁੱਟਬਾਲ ਸਟੇਡੀਅਮ ਬਣਾਇਆ ਜਾਵੇਗਾ ਜਿਸ ਵਿਚ 5000 ਲੋਕਾਂ ਲਈ ਸਟੈਂਡ ਲਾਏ ਜਾਣਗੇ। ਇਸ ਤੋਂ ਇਲਾਵਾ ਇਥੇ ਟਿਕਟਾਂ ਲੈਣ ਵਾਲਾ ਕਾਊਂਟਰ, ਅਧਿਕਾਰੀਆਂ, ਖਿਡਾਰੀਆਂ ਦੇ ਮਨੋਰੰਜਨ, ਠਹਿਰਣ, ਚਾਹ-ਪਾਣੀ, ਵੇਟਿੰਗ ਰੂਮ ਤੇ ਵੀਆਈਪੀਜ਼ ਦੇ ਬੈਠਣ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਦੇ ਨਾਲ ਹੀ 8 ਲੇਨਜ਼ ਸਵਿਮਿੰਗ ਪੂਲ, ਬਾਸਕਿਟਬਾਲ, ਵਾਲੀਬਾਲ, ਬੈਡਮਿੰਟਨ, ਸ਼ਾਰਟ ਟੈਨਿਸ, ਟੇਬਲ ਟੈਨਿਸ, ਜੂਡੋ, ਜਿਮਨੇਜ਼ੀਅਮ, ਪੰਜ-ਏ ਸਾਈਡ ਹੈਂਡਬਾਲ, ਨੈੱਟਬਾਲ, ਇਨਡੋਰ ਹਾਕੀ, ਸਕਵੈਸ਼ ਕੋਰਟ ਉਸਾਰੇ ਜਾਣਗੇ।

ਬਰਲਟਨ ਪਾਰਕ 'ਚ ਬਹੁਤ ਸਾਰੇ ਰੁੱਖ ਹੋਣ ਕਰ ਕੇ ਇਹ ਸ਼ਹਿਰ ਦਾ ਇਕ ਹਰਿਆਵਲ ਭਰਿਆ ਸਥਾਨ ਹੋਣ ਕਰ ਕੇ ਬਹੁਤ ਸਾਰੇ ਲੋਕ ਇਥੇ ਸਵੇਰੇ-ਸ਼ਾਮ ਸੈਰ ਕਰਨ ਲਈ ਵੀ ਵੱਡੀ ਗਿਣਤੀ 'ਚ ਆਉਂਦੇ ਹਨ।