ਜਾਗਰਣ ਸੰਵਾਦਦਾਤਾ, ਜਲੰਧਰ : ਸੋਮਵਾਰ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਪੁਲਿਸ ਚੌਕਸ ਰਹੀ। ਪੁਲਿਸ ਨੇ ਜ਼ਿਲ੍ਹੇ ਦੇ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਤੜਕੇ ਹੀ ਨਜ਼ਰਬੰਦ ਕਰ ਦਿੱਤਾ। ਇਨ੍ਹਾਂ ’ਚ ਸ਼ਿਵ ਸੈਨਾ ਸਮਾਜਵਾਦੀ ਦੇ ਸੂਬਾ ਪ੍ਰਧਾਨ ਨਰਿੰਦਰ ਥਾਪਰ ਅਤੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਇੰਚਾਰਜ ਦੀਪਕ ਕੰਬੋਜ ਸ਼ਾਮਲ ਹਨ। ਕੁਝ ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੂੰ ਘਰਾਂ ਦੇ ਅੰਦਰ ਤੇ ਕੁਝ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਪੁਲਿਸ ਹਿਮਾਚਲ ਪ੍ਰਦੇਸ਼ ਲੈ ਗਈ। ਹਿੰਦੂ ਸੰਗਠਨਾਂ ਦੇ ਨੁਮਾਇੰਦਿਆਂ ਨੇ ਇਸ ਪੂਰੀ ਘਟਨਾ ਦਾ ਵਿਰੋਧ ਜਤਾਇਆ। ਉੁਨ੍ਹਾਂ ਦੋਸ਼ ਲਾਇਆ ਕਿ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ।

ਦਰਅਸਲ 6 ਜੂਨ ਨੂੰ ਸਾਕਾ ਨੀਲਾ ਤਾਰਾ ਦੀ ਬਰਸੀ ਨੂੰ ਲੈ ਕੇ ਇਕ ਪਾਸੇ ਹਿੰਦੂ ਜਥੇਬੰਦੀਆਂ ਵੱਲੋਂ ਸਰਗਰਮੀਆਂ ਦਾ ਐਲਾਨ ਕੀਤਾ ਗਿਆ ਸੀ, ਉੱਥੇ ਹੀ ਦੂਜੇ ਪਾਸੇ ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਵੱਖ-ਵੱਖ ਮਾਧਿਅਮਾਂ ਨਾਲ ਬਰਸੀ ਮਨਾਉਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਇਸ ਦੌਰਾਨ ਪੁਲਿਸ ਨੇ ਸ਼ਹਿਰ ਵਿਚ ਸ਼ਾਂਤਮਈ ਮਾਹੌਲ ਬਣਾਈ ਰੱਖਣ ਲਈ ਸੋਮਵਾਰ ਤੜਕੇ ਹਿੰਦੂ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਘਰਾਂ ’ਚ ਨਜ਼ਰਬੰਦ ਕਰ ਦਿੱਤਾ। ਇਸੇ ਤਰ੍ਹਾਂ ਪੁਲਿਸ ਵੱਲੋਂ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਵੀ ਲਗਾਤਾਰ ਤਾਲਮੇਲ ਕਾਇਮ ਕੀਤਾ ਜਾ ਰਿਹਾ ਹੈ।

ਜਲੰਧਰ ’ਚ ਹਰ ਚੌਰਾਹੇ ’ਤੇ ਨਾਕਾਬੰਦੀ

ਸਾਕਾ ਨੀਲਾ ਤਾਰਾ ਦੀ ਬਰਸੀ ਦੇ ਮੱਦੇਨਜ਼ਰ ਐਤਵਾਰ ਤੋਂ ਹੀ ਸ਼ਹਿਰ ’ਚ ਥਾਂ-ਥਾਂ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਹਰ ਚੌਰਾਹੇ ’ਤੇ ਨਾਕਾਬੰਦੀ ਕੀਤੀ ਗਈ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਨਾਲ ਨਜਿੱਠਣ ਲਈ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਉੱਚ ਅਧਿਕਾਰੀਆਂ ਨੂੰ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਹੈ। ਪੁਲਿਸ ਵੱਲੋਂ 29 ਥਾਵਾਂ ’ਤੇ ਹਾਈਟੈਕ ਨਾਕੇ ਲਾਏ ਗਏ ਹਨ, ਜਿੱਥੇ ਪੁਲਿਸ ਵਾਹਨਾਂ ਦੀ ਤਲਾਸ਼ੀ ਲੈ ਰਹੀ ਹੈ। ਐਤਵਾਰ ਨੂੰ ਸ਼ਹਿਰ ਭਰ ਵਿਚ ਫਲੈਗ ਮਾਰਚ ਵੀ ਕੱਢਿਆ ਗਿਆ।

ਬੱਸ ਸਟੈਂਡ ਤੇ ਸਟੇਸ਼ਨ ’ਤੇ ਸਰਚ ਅਭਿਆਨ

ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਬੱਸਾਂ ਅਤੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੀ ਚੈਕਿੰਗ ਕੀਤੀ ਗਈ। ਹੋਟਲਾਂ ਅਤੇ ਗੈਸਟ ਹਾਊਸਾਂ ਦੀ ਵੀ ਚੈਕਿੰਗ ਕੀਤੀ ਗਈ। ਸਾਦੇ ਕੱਪੜਿਆਂ ਵਿਚ ਟੀਮਾਂ ਵੀ ਤਾਇਨਾਤ ਕੀਤੀਆਂ ਗਈਆਂ ਹਨ। ਸੋਮਵਾਰ ਨੂੰ ਸੜਕਾਂ ’ਤੇ ਦੰਗਾ ਵਿਰੋਧੀ, ਡਾਗ ਸਕੁਐਡ, ਸੀਸੀਟੀਵੀ ਕੈਨ ਸਮੇਤ ਬੰਬ ਸਕੁਐਡ ਵੀ ਤਾਇਨਾਤ ਰਹੇ।

Posted By: Harjinder Sodhi