ਕਰਾਈਮ ਰਿਪੋਰਟਰ, ਜਲੰਧਰ : ਖੇਤੀ ਬਿੱਲਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਸ਼ੁੱਕਰਵਾਰ ਨੂੰ ਸਾਰੇ ਪੰਜਾਬ ਵਿੱਚ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਾਰੇ ਮੁੱਖ ਹਾਈਵੇ ਪੂਰੀ ਤਰ੍ਹਾਂ ਬੰਦ ਕੀਤੇ ਜਾਣਗੇ। ਪਰ ਇਸ ਦੇ ਬਾਵਜੂਦ ਜੇਕਰ ਕਿ ਕਿਸੇ ਨੇ ਜ਼ਰੂਰੀ ਕੰਮ ਲਈ ਜਲੰਧਰ ਤੋਂ ਦੂਜੇ ਜ਼ਿਲ੍ਹੇ ਵਿੱਚ ਜਾਣਾ ਹੈ ਤਾਂ ਉਸ ਲਈ ਟਰੈਫਿਕ ਪੁਲਿਸ ਵੱਲੋਂ ਰੂਟ ਮੈਪ ਤਿਆਰ ਕਰ ਲਿਆ ਗਿਆ ਹੈ। ਮੁੱਖ ਹਾਈਵੇ 'ਤੇ ਟ੍ਰੈਫਿਕ ਪੁਲਿਸ ਵੱਲੋਂ 80 ਮੁਲਾਜਮ ਤੈਨਾਤ ਕੀਤੇ ਜਾਣਗੇ ਅਤੇ ਸਹਿਰ ਦੇ ਅੰਦਰਲੇ ਹਿੱਸਿਆਂ ਵਿੱਚ ਹੋਣ ਵਾਲੇ ਧਰਨੇ ਪ੍ਰਦਰਸ਼ਨਾਂ ਲਈ 70 ਮੁਲਾਜ਼ਮ ਚੌਕਾਂ ਵਿੱਚ ਤੈਨਾਤ ਕੀਤੇ ਜਾਣਗੇ। ਪੰਜਾਬ ਬੰਦ ਦੇ ਸੱਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਈ ਰਾਜਨੀਤਿਕ ਜਥੇਬੰਦੀਆਂ ਵੱਲੋਂ ਵੀ ਹਿੱਸਾ ਲਿਆ ਜਾ ਰਿਹਾ ਹੈ। ਕਿਸਾਨਾਂ ਵੱਲੋਂ ਸਵੇਰੇ 9 ਵਜੇ ਤੋਂ ਹੀ ਹਾਈਵੇ ਬਲਾਕ ਕਰ ਦਿੱਤੇ ਜਾਣਗੇ। ਏ ਡੀ ਸੀ ਪੀ ਗਗਨੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਦੀ ਕੱਲ੍ਹ ਦੇ ਬੰਦ ਲਈ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਜਿਵੇਂ ਹੀ ਕਿਸਾਨਾਂ ਵੱਲੋਂ ਹਾਈਵੇ ਜਾਮ ਕੀਤਾ ਜਾਵੇਗਾ ਉਸੇ ਵੇਲੇ ਟ੍ਰੈਫਿਕ ਪੁਲਿਸ ਪਿੰਡਾਂ ਵੱਲ ਰਸਤਾ ਡਾਇਵਰਟ ਕਰ ਦੇਵੇਗੀ। ਜੇਕਰ ਕਿਸੇ ਨੇ ਪਠਾਨਕੋਟ ਵੱਲ ਜਾਣਾ ਹੈ ਤਾਂ ਉਸ ਨੂੰ ਕਿਸ਼ਨਗੜ੍ਹ ਤੋਂ ਕਰਤਾਰਪੁਰ ਵੱਲੋਂ ਜਾਂਦੀ ਰੋਡ 'ਤੇ ਡਾਇਵਰਟ ਕੀਤਾ ਜਾਵੇਗਾ ਜੋ ਅੱਗੇ ਜਾ ਕੇ ਟਾਂਡਾ ਤੋਂ ਬਾਹਰ ਨਿਕਲਦੀ ਹੈ। ਲੁਧਿਆਣਾ ਜਾਣ ਵਾਲਿਆਂ ਗੱਡੀਆਂ ਨੂੰ ਫਗਵਾੜਾ ਤੋਂ ਪਹਿਲਾਂ ਨਵਾਂਸ਼ਹਿਰ ਵੱਲ ਡਾਈਵਰਟ ਕੀਤਾ ਜਾਏਗਾ। ਅੰਮਿ੍ਤਸਰ ਜਾਣ ਵਾਲੀਆਂ ਗੱਡੀਆਂ ਨੂੰ ਕਰਤਾਰਪੁਰ ਤੋਂ ਗੋਇੰਦਵਾਲ, ਤਰਨ ਤਾਰਨ ਵੱਲੋਂ ਡਾਇਵਰਟ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨਕੋਦਰ ਜਾਣ ਵਾਲਿਆਂ ਨੂੰ ਪ੍ਰਤਾਪਪਰਾ ਪਿੰਡ ਤੋਂ ਡਾਇਵਰਟ ਕੀਤਾ ਜਾਵੇਗਾ।