ਤੇਜ਼ ਰਫ਼ਤਾਰ ਟਰੈਕਟਰ-ਟਰਾਲੀ ਕੰਧ ’ਚ ਵੱਜੀ
ਤੇਜ਼ ਰਫ਼ਤਾਰ ਟਰੈਕਟਰ ਐੱਨਆਰਆਈ ਦੀ ਕੋਠੀ ਨਾਲ ਟਕਰਾਇਆ, ਜਾਨੀ ਨੁਕਸਾਨ ਤੋਂ ਬਚਾਅ
Publish Date: Tue, 02 Dec 2025 07:04 PM (IST)
Updated Date: Tue, 02 Dec 2025 07:05 PM (IST)

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਪਿੰਡ ਸੇਲਕੀਆਣਾ ’ਚ ਤੇਜ਼ ਰਫਤਾਰ ਟਰੈਕਟਰ-ਟਰਾਲੀ ਦੇ ਬੇਕਾਬੂ ਹੋ ਕੇ ਕੋਠੀ ਦੀ ਕੰਧ ਨਾਲ ਟਕਰਾ ਗਈ। ਹਾਦਸੇ ’ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਟਰੈਕਟਰ ਚਾਲਕ ਸੁਖਜੀਤ ਸਿੰਘ ਵਾਸੀ ਗਜਾਰਾ (ਫਰੀਦਕੋਟ) ਨੇ ਦੱਸਿਆ ਕਿ ਉਹ ਰੋਪੜ ਤੋਂ ਤੂੜੀ ਦੀ ਟਰਾਲੀ ਸੁੱਟ ਕੇ ਵਾਪਸ ਆ ਰਿਹਾ ਸੀ। ਅਚਾਨਕ ਟਰੈਕਟਰ ਬੇਕਾਬੂ ਹੋ ਗਿਆ ਤੇ ਕੋਠੀ ਦੀ ਕੰਧ ’ਚ ਜਾ ਵੱਜਾ। ਹਾਦਸੇ ਸਥਾਨ ’ਤੇ ਪਹੁੰਚੇ ਪਿੰਡ ਵਾਸੀਆਂ ਸ਼ਿੰਗਾਰਾ ਸਿੰਘ, ਅਵਤਾਰ ਸਿੰਘ ਤੇ ਅਮਰਨਾਥ ਨੇ ਕਿਹਾ ਕਿ ਟਰੈਕਟਰ ਬਹੁਤ ਤੇਜ਼ ਰਫ਼ਤਾਰ ’ਚ ਸੀ ਤੇ ਮਸ਼ੀਨੀ ਖਰਾਬੀ ਕਾਰਨ ਡਰਾਈਵਰ ਇਸ ਨੂੰ ਕੰਟਰੋਲ ਨਹੀਂ ਕਰ ਸਕਿਆ। ਪਿੰਡ ਵਾਸੀਆਂ ਨੇ ਦੱਸਿਆ ਕਿ ਕੋਠੀ ਦਾ ਮਾਲਕ ਵਿਦੇਸ਼ ਰਹਿੰਦਾ ਹੈ ਤੇ ਲਗਪਗ ਦੋ ਸਾਲ ਪਹਿਲਾਂ ਵੀ ਇਕ ਟਰੈਕਟਰ ਟਕਰਾ ਕੇ ਇਥੇ ਨੁਕਸਾਨ ਕਰ ਚੁੱਕਾ ਹੈ। ਇਹ ਦੂਜੀ ਵਾਰ ਹੈ ਜਦ ਇੱਥੇ ਅਜਿਹਾ ਹਾਦਸਾ ਵਾਪਰਿਆ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮੁੱਖ ਸੜਕ 'ਤੇ ਸਪੀਡ ਬਰੇਕਰ ਲਾਏ ਜਾਣ, ਕਿਉਂਕਿ ਤੂੜੀ ਵਾਲੀਆਂ ਟਰੈਕਟਰ-ਟਰਾਲੀਆਂ ਅਕਸਰ ਓਵਰਲੋਡ ਤੇ ਤੇਜ਼ ਰਫ਼ਤਾਰ ’ਚ ਲੰਘਦੀਆਂ ਹਨ, ਉੱਚੀ ਆਵਾਜ਼ ’ਚ ਗਾਣੇ ਚਲਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੀ ਇਸ ਸੜਕ 'ਤੇ ਦੋ ਗੁਰਦੁਆਰੇ ਤੇ ਦੋ ਸਕੂਲ ਹਨ, ਜਿੱਥੇ ਸਵੇਰੇ ਸੰਗਤ ਤੇ ਬੱਚਿਆਂ ਦੀਆਂ ਜਾਨਾਂ ਨੂੰ ਖਤਰਾ ਬਣਿਆ ਰਹਿੰਦਾ ਹੈ। ਪਿੰਡ ਵਾਸੀਆਂ ਨੇ ਹਾਦਸਿਆਂ ਤੋਂ ਬਚਾਅ ਲਈ ਟੁੱਟੀ ਕੰਧ ਦੀ ਮੁਰੰਮਤ ਕਰਵਾਉਣ ਤੇ ਤੁਰੰਤ ਸਪੀਡ ਬਰੇਕਰ ਬਣਾਉਣ ਦੀ ਮੰਗ ਦੁਹਰਾਈ ਹੈ।