ਜੇਐੱਨਐÎੱਨ, ਜਲੰਧਰ : ਪੰਜਾਬ ਸਟੇਟ ਮਿਨਿਸਟ੍ਰੀਅਲ ਸਰਵਿਸਿਜ਼ ਯੂਨੀਅਨ ਦੇ ਸੱਦੇ 'ਤੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਬੁੱਧਵਾਰ ਤੋਂ ਸ਼ੁਰੂ ਹੋਈ ਪੰਜ ਦਿਨਾ ਕਲਮ ਛੋੜ ਹੜਤਾਲ ਨੂੰ ਲੈ ਕੇ ਤਹਿਸੀਲ ਕੰਪਲੈਕਸ 'ਚ ਪੂਰਾ ਦਿਨ ਹਾਈ ਵੋਲਟੇਜ ਡਰਾਮਾ ਚੱਲਿਆ। ਇਕ ਪਾਸੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਪੰਜ ਵਜੇ ਤਕ ਯੂਨੀਅਨ ਦੇ ਮੈਂਬਰ ਡੀਸੀ ਦਫ਼ਤਰ 'ਚ ਕੰਮ ਕਰਵਾ ਕੇ ਤਹਿਸੀਲ ਕੰਪਲੈਕਸ ਦੇ ਬਾਹਰ ਧਰਨਾ ਲਾ ਕੇ ਬੈਠੇ ਰਹੇ ਤਾਂ ਉਥੇ ਸ਼ਾਮ ਪੰਜ ਵਜੇ ਤੋਂ ਬਾਅਦ ਵਸੀਕਾ ਨਵੀਸ ਤੇ ਲੋਕਾਂ ਦੇ ਵਿਰੋਧ ਮਗਰੋਂ ਸਬ-ਰਜਿਸਟਰਾਰ-1 ਤੇ ਸਬ-ਰਜਿਸਟਰਾਰ-2 'ਚ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ, ਜਿਸ ਨੂੰ ਲੈ ਕੇ ਮੁਲਾਜ਼ਮ ਜਥੇਬੰਦੀਆਂ 'ਚ ਰੋਸ ਪੈਦਾ ਹੋ ਗਿਆ।

ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕਰਨ ਦੀ ਮੰਗ ਨੂੰ ਲੈ ਕੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ 23 ਜੂਨ ਤੋਂ ਲੈ ਕੇ ਲਗਾਤਾਰ ਪੰਜ ਦਿਨ ਕਲਮ ਛੋੜ ਹੜਤਾਲ ਦਾ ਐਲਾਨ ਪਹਿਲਾਂ ਤੋਂ ਕੀਤਾ ਗਿਆ ਸੀ, ਜਿਸ ਦੇ ਪਹਿਲੇ ਦਿਨ ਯੂਨੀਅਨ ਦੇ ਆਗੂ ਦੇ ਆਗੂ ਡੀਸੀ ਦਫ਼ਤਰ 'ਚ ਪੁੱਜ ਗਏ। ਇਸ ਦੌਰਾਨ ਉਨ੍ਹਾਂ ਨੇ ਯੂਨੀਅਨ ਦੇ ਮੈਂਬਰਾਂ ਨੂੰ ਕੰਮ ਨਾ ਕਰਨ ਦੀ ਅਪੀਲ ਕੀਤੀ। ਉਥੇ ਤਹਿਸੀਲ ਕੰਪਲੈਕਸ ਸਥਿਤ ਸਬ-ਰਜਿਸਟਰਾਰ ਦਫ਼ਤਰ 'ਚ ਪੁੱਜ ਕੇ ਧਰਨਾ ਲਾ ਦਿੱਤਾ। ਸ਼ਾਮ ਪੰਜ ਵਜੇ ਤਕ ਚਲੇ ਧਰਨੇ ਤੋਂ ਬਾਅਦ ਵੀ ਮੁਲਾਜ਼ਮਾਂ ਦੇ ਉਥੇ ਰਹਿਣ ਕਾਰਨ ਰਜਿਸਟਰੀ ਕਰਵਾਉਣ ਦੀ ਤਾਕ 'ਚ ਖੜ੍ਹੇ ਲੋਕ ਤੇ ਵਸੀਕਾ ਨਵੀਸ ਮੁਲਾਜ਼ਮਾਂ ਦੇ ਆਹਮੋ-ਸਾਹਮਣੇ ਹੋ ਗਏ। ਇਸ ਦੌਰਾਨ ਤਿੱਖੀ ਬਹਿਸ ਵੀ ਹੋਈ। ਉਥੇ ਮੁਲਾਜ਼ਮਾਂ ਦੇ ਵਾਪਸ ਜਾਂਦਿਆਂ ਹੀ ਸਬ-ਰਜਿਸਟਰਾਰ-1 ਤੇ 2 'ਚ ਜਾਇਦਾਦਾਂ ਦੀ ਰਜਿਸਟਰੀ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪਾਸੇ ਬੁੱਧਵਾਰ ਨੂੰ 80 ਦੇ ਕਰੀਬ ਰਜਿਸਟਰੀਆਂ ਕੀਤੀਆਂ ਗਈਆਂ। ਇਸ ਬਾਰੇ ਸਬ-ਰਜਿਸਟਰਾਰ-1 ਮਨਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਹੋਰ ਸ਼ਹਿਰਾਂ ਤੇ ਸੂਬਿਆਂ ਤੋਂ ਆਏ ਲੋਕਾਂ ਦੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਨੀਆਂ ਜ਼ਰੂਰੀ ਸਨ। ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਰਜਿਸਟਰੀ ਦਾ ਕੰਮ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਸਰਕਾਰੀ ਛੁੱਟੀ ਹੋਣ ਕਾਰਨ ਸ਼ੁੱਕਰਵਾਰ ਤੋਂ ਮੁੜ ਕੰਮ ਰੂਟੀਨ 'ਚ ਕੀਤਾ ਜਾਵੇਗਾ।

--

ਦੋ ਕਲਰਕਾਂ ਨੂੰ ਯੂਨੀਅਨ 'ਚੋਂ ਕੀਤਾ ਬਰਖ਼ਾਸਤ

ਜੁਆਇੰਟ ਐਕਸ਼ਨ ਕਮੇਟੀ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਰਜਿਸਟਰੀ ਕਰਨ 'ਚ ਸਹਿਯੋਗ ਕਰਨ 'ਤੇ ਸਬ-ਰਜਿਸਟਰਾਰ-2 'ਚ ਤਾਇਨਾਤ ਆਰਸੀ ਗੁਰੂਚਰਨ ਤੇ ਅਮਨਦੀਪ ਨੂੰ ਯੂਨੀਅਨ ਨੇ ਮੁੱਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੋਵੇਂ ਕਲਰਕਾਂ ਨੇ ਯੂਨੀਅਨ ਦਾ ਪ੍ਰਰੋਟੋਕਾਲ ਤੋੜਿਆ ਹੈ, ਜਿਸ ਕਾਰਨ ਉਕਤ ਕਦਮ ਉਠਾਇਆ ਗਿਆ ਹੈ। ਇਸ ਮੌਕੇ ਉਨ੍ਹਾਂ ਨਾਲ ਅਮਨਦੀਪ ਸਿੰਘ, ਦਿਨੇਸ਼ ਕੁਮਾਰ, ਕ੍ਰਿਪਾਲ ਸਿੰਘ, ਧਰਮਿੰਦਰ ਸਿੰਘ, ਪਵਨ ਕੁਮਾਰ, ਸੁਖਵਿੰਦਰ ਸਿੰਘ, ਰਣਜੀਤ ਸਿੰਘ, ਸੁਖਵਿੰਦਰ ਕੌਰ ਤੇ ਜ਼ੋਰਾਵਰ ਸਿੰਘ ਸਮੇਤ ਮੈਂਬਰ ਮੌਜੂਦ ਸਨ।