ਜੇਐੱਨਐੱਨ, ਜਲੰਧਰ : ਸਿਵਲ ਹਸਪਤਾਲ 'ਚ ਸਰਕਾਰੀ ਹੁਕਮਾਂ ਦੀਆਂ ਰੱਜ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਸਿਹਤ ਵਿਭਾਗ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਆਪਣੇ ਆਲੇ-ਦੁਆਲੇ ਸਾਫ-ਸਫਾਈ ਰੱਖਣ ਲਈ ਜਾਗਰੂਕ ਕਰ ਰਿਹਾ ਹੈ। ਉਥੇ ਸਰਕਾਰੀ ਹਸਪਤਾਲ 'ਚ ਹੀ ਡੇਂਗੂ ਦੇ ਮਰੀਜ਼ ਵੀ ਗੰਦਗੀ ਦੇ ਆਲਮ 'ਚ ਇਲਾਜ ਕਰਵਾਉਣ ਲਈ ਮਜਬੂਰ ਹਨ। ਹਸਪਤਾਲ 'ਚ 'ਦੂਜਿਆਂ ਨੂੰ ਨਸੀਹਤ, ਖੁਦ ਮੀਆਂ ਫਜ਼ੀਹਤ' ਦੀ ਕਹਾਵਤ ਫਿਟ ਬੈਠਦੀ ਹੈ। ਮਾਮਲੇ ਨੂੰ ਲੈ ਕੇ ਹਸਪਤਾਲ ਪ੍ਰਸ਼ਾਸਨ ਵੀ ਗੰਭੀਰ ਨਹੀਂ ਹੈ। ਹਾਲਾਂਕਿ ਪਿਛਲੇ ਹਫ਼ਤੇ ਚੰਡੀਗੜ੍ਹ ਤੋਂ ਸਿਹਤ ਵਿਭਾਗ ਵੱਲੋਂ ਡੇਂਗੂ ਜਾਂਚ ਲਈ ਨਿਯੁਕਤ ਕੀਤੇ ਡਿਪਟੀ ਡਾਇਰੈਕਟਰ ਡਾ. ਰਾਜੂ ਧੀਰ ਨੇ ਸਿਵਲ ਹਸਪਤਾਲ ਦਾ ਦੌਰਾ ਕੀਤਾ ਸੀ। ਇਸ ਦੌਰਾਨ ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਮੈਡੀਕਲ ਤੇ ਡੇਂਗੂ ਵਾਰਡ ਤੋਂ ਇਲਾਵਾ ਪਖਾਨਿਆਂ 'ਚ ਸਾਫ-ਸਫਾਈ ਦੀਆਂ ਹਦਾਇਤਾਂ ਦਿੱਤੀਆਂ ਸਨ। ਹੁਕਮ ਜਾਰੀ ਹੋਣ ਤੋਂ ਬਾਅਦ ਹਸਪਤਾਲ ਪ੍ਰਸ਼ਾਸਨ ਦੇ ਕੰਨਾਂ 'ਤੇ ਜੂੰਅ ਤਕ ਨਹੀਂ ਸਰਕੀ। ਡੇਂਗੂ ਵਾਰਡ ਨਾਲ ਲੱਗਦੇ ਪਖਾਨਿਆਂ 'ਚ ਗੰਦਗੀ ਦਾ ਆਲਮ ਹੈ। ਜਿਥੇ ਵਾਸ਼ਵੇਸਿਨ 'ਚ ਟੂਟੀਆਂ 'ਚੋਂ ਪਾਣੀ ਚੋਂਦਾ ਰਹਿੰਦਾ ਹੈ ਤੇ ਫਾਲਤੂ ਪਾਣੀ ਦੀ ਨਿਕਾਸੀ ਲਈ ਪਾਈਪ ਵੀ ਨਹੀਂ ਲੱਗੀ ਹੈ। ਵਾਰਡ 'ਚ ਦਾਖਲ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਪਖਾਨਿਆਂ 'ਚ ਬਦਬੂ ਆਉਂਦੀ ਹੈ ਤੇ ਫਰਸ਼ 'ਤੇ ਗੰਦਗੀ ਫੈਲੀ ਰਹਿਣ ਨਾਲ ਬਿਮਾਰੀਆਂ ਨੂੰ ਦਾਅਵਤ ਦੇਣ ਦੇ ਬਰਾਬਰ ਹੈ। ਅੌਰਤਾਂ ਨੂੰ ਮਜਬੂਰਨ ਮਰਦਾਂ ਵਾਲੇ ਪਖਾਨੇ ਵਰਤੇ ਪੈਂਦੇ ਹਨ। ਉਥੇ ਵਾਰਡ 'ਚ ਵੀ ਮੁਲਾਜ਼ਮ ਜਦੋਂ ਮਨ ਚਾਹੇ ਸਫਾਈ ਕਰਦੇ ਹਨ। ਮਾਮਲੇ ਨੂੰ ਲੈ ਕੇ ਡਿਊਟੀ 'ਤੇ ਤਾਇਨਾਤ ਸਟਾਫ ਨੂੰ ਸ਼ਿਕਾਇਤ ਕੀਤੀ ਪਰ ਉਹ ਟਾਲ-ਮਟੋਲ ਕਰ ਦਿੰਦੀ ਹੈ।

ਸਿਵਲ ਹਸਪਤਾਲ ਦੀ ਮੈਡੀਕਲ ਸੁਪਰਡੈਂਟ ਡਾ. ਸੀਮਾ ਨੇ ਕਿਹਾ ਕਿ ਵਾਰਡ ਦੇ ਇੰਚਾਰਜ ਡਾਕਟਰਾਂ ਦੀਆਂ ਸਫਾਈ ਦੀ ਚੈਕਿੰਗ ਲਈ ਵਿਸ਼ੇਸ਼ ਡਿਊਟੀਆਂ ਲਾਈਆਂ ਜਾਣਗੀਆਂ। ਉਥੇ ਖੁਦ ਵੀ ਰਾਊਂਡ ਲਾਉਣਗੇ। ਇਸ ਦੌਰਾਨ ਖਾਮੀਆਂ ਪਾਏ ਜਾਣ 'ਤੇ ਸਬੰਧਤ ਸਟਾਫ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

--

ਡੇਂਗੂ ਦੇ 14 ਨਵੇਂ ਮਾਮਲੇ, ਗਿਣਤੀ 166 ਹੋਈ

ਜੇਐੱਨਐੱਨ, ਜਲੰਧਰ : ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ ਤੇਜ਼ੀ ਨਾਲ ਵਧਣ ਲੱਗਾ ਹੈ। ਮਰੀਜ਼ਾਂ ਦੀ ਗਿਣਤੀ ਵਧਣ ਨਾਲ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਡੇਂਗੂ ਦਿਹਾਤ ਦੇ ਮੁਕਾਬਲੇ ਸ਼ਹਿਰੀ ਆਬਾਦੀ 'ਤੇ ਤੇਜ਼ੀ ਨਾਲ ਹਮਲਾ ਕਰ ਰਿਹਾ ਹੈੈ। ਮੰਗਲਵਾਰ ਨੂੰ 14 ਡੇਂਗੂ ਦੇ ਨਵੇਂ ਮਾਮਲੇ ਰਿਪੋਰਟ ਹੋਣ ਤੋਂ ਬਾਅਦ ਗਿਣਤੀ 166 ਤਕ ਪੁੱਜ ਗਈ ਹੈ। ਜ਼ਿਲ੍ਹਾ ਐਪੀਡਿਮੋਲਾਜਿਸਟ ਡਾ. ਆਦਿੱਤਿਆ ਪਾਲ ਸਿੰਘ ਨੇ ਕਿਹਾ ਕਿ ਮੰਗਲਵਾਰ ਨੂੰ ਸਿਵਲ ਹਸਪਤਾਲ ਦੀ ਲੈਬ 'ਚ ਸਰਕਾਰੀ ਤੇ ਗ਼ੈਰ-ਸਰਕਾਰੀ ਹਸਪਤਾਲਾਂ 'ਚੋਂ 50 ਸ਼ੱਕੀ ਡੇਂਗੂ ਦੇ ਮਰੀਜ਼ਾਂ ਦੇ ਸੈਂਪਲਾਂ ਦੀ ਜਾਂਚ ਕੀਤੀ ਗਈ। ਇਸ ਦੌਰਾਨ 14 ਲੋਕਾਂ ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ। ਜ਼ਿਲ੍ਹੇ 'ਚ 547 ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 166 ਨੂੰ ਡੇਂਗੂ ਹੋਣ ਦੀ ਪੁਸ਼ਟੀ ਹੋਈ ਹੈ। 166 ਸ਼ਹਿਰ ਤੇ 50 ਪੇਂਡੂ ਇਲਾਕਿਆਂ ਨਾਲ ਸਬੰਧਤ ਹਨ।