ਇਧਰ, ਪੁੱਟੀਆਂ ਸੜਕਾਂ ਦੀ ਹਾਲਤ ਹੋਰ ਵੀ ਬਦਤਰ
ਇੱਧਰ, ਪਾਈਪਲਾਈਨਾਂ ਪਾਉਣ ਲਈ ਪੁੱਟੀਆਂ ਸੜਕਾਂ ਦੀ ਹਾਲਤ ਹੋਰ ਵੀ ਬਦਤਰ
Publish Date: Tue, 02 Dec 2025 10:18 PM (IST)
Updated Date: Tue, 02 Dec 2025 10:20 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੇ ਹੁਕਮਾਂ ਦੇ ਉਲਟ, ਸ਼ਹਿਰ ਦੀਆਂ ਸੜਕਾਂ ਦੀ ਮੌਜੂਦਾ ਹਾਲਤ ਇਕ ਵੱਖਰੀ ਤਸਵੀਰ ਬਿਆਨ ਕਰਦੀ ਹੈ। ਨਗਰ ਨਿਗਮ ਦੀ ਪ੍ਰਵਾਨਗੀ ਨਾਲ ਸਮਾਰਟ ਸਿਟੀ ਸਰਫੇਸ ਵਾਟਰ ਪ੍ਰੋਜੈਕਟ ਲਈ ਨੋਡਲ ਏਜੰਸੀ, ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਨੇ ਪਾਣੀ ਦੀਆਂ ਪਾਈਪਲਾਈਨਾਂ ਵਿਛਾਉਣ ਲਈ ਲਗਪਗ ਇਕ ਸਾਲ ਪਹਿਲਾਂ ਮਹਾਂਵੀਰ ਮਾਰਗ ਤੇ ਸ੍ਰੀ ਗੁਰੂ ਰਵਿਦਾਸ ਚੌਕ ਤੋਂ ਮੇਨਬਰੋ ਚੌਕ ਤੱਕ ਸੜਕਾਂ ਪੁੱਟੀਆਂ ਸਨ। ਹਾਲਾਂਕਿ, ਇਸ ਤੋਂ ਪਹਿਲਾਂ ਕੋਈ ਮੈਪਿੰਗ ਨਹੀਂ ਕੀਤੀ ਗਈ, ਨਾ ਹੀ ਮੌਕੇ ’ਤੇ ਕੋਈ ਸੂਚਨਾ ਬੋਰਡ ਲਗਵਾਇਆ ਗਿਆ। ਇਸ ਦੌਰਾਨ ਮੌਹਲੇਧਾਰ ਬਰਸਾਤ ਕਾਰਨ ਟੁੱਟੀਆਂ ਸੜਕਾਂ 'ਤੇ ਪਾਣੀ ਭਰਨ ਕਾਰਨ ਕਈ ਵਾਹਨ ਪਲਟ ਗਏ ਤੇ ਕਈ ਦੀ ਜਾਨ ਮੁਸ਼ਕਲ ਨਾਲ ਬਚੀ। ਸ਼ਹਿਰ ਦੀ ਦੁਰਦਸ਼ਾ ’ਤੇ ਹਾਹਾਕਾਰ ਨਗਰ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਫਿਰ ਨਗਰ ਪ੍ਰਸ਼ਾਸਨ ਨੇ ਸੜਕਾਂ ਨੂੰ ਪੂਰਾ ਕਰਨ ਲਈ 30 ਅਕਤੂਬਰ ਦੀ ਡੈੱਡਲਾਈਨ ਨਿਰਧਾਰਤ ਕੀਤੀ, ਇਕ ਡੈੱਡਲਾਈਨ ਜੋ ਦੋ ਵਾਰ ਫੇਲ੍ਹ ਹੋ ਚੁੱਕੀ ਹੈ। ਸਥਿਤੀ ਅਜਿਹੀ ਹੈ ਕਿ ਸੜਕਾਂ ਦੇ ਨਿਰਮਾਣ ਦੀ ਤਾਂ ਗੱਲ ਹੀ ਛੱਡੋ, ਕੰਪੈਕਸ਼ਨ ਦਾ ਕੰਮ ਵੀ ਪੂਰਾ ਨਹੀਂ ਹੋ ਸਕਿਆ ਹੈ। ਅਸਲੀਅਤ ’ਚ ਡਿੱਗਦੇ ਤਾਪਮਾਨ ਕਾਰਨ ਦੋਵੇਂ ਸੜਕਾਂ ਮਾਰਚ ਤੋਂ ਬਾਅਦ ਹੀ ਪੂਰੀਆਂ ਹੋਣਗੀਆਂ।