ਜਤਿੰਦਰ ਪੰਮੀ, ਜਲੰਧਰ

ਸਿਵਲ ਹਸਪਤਾਲ 'ਚ ਐਤਵਾਰ ਨੂੰ ਵਿਧਾਇਕ ਰਮਨ ਅਰੋੜਾ ਵੱਲੋਂ ਦੌਰਾ ਕਰਨ ਦੇ ਬਾਵਜੂਦ ਸੋਮਵਾਰ ਨੂੰ ਵੀ ਮਰੀਜ਼ਾਂ ਨੂੰ ਦਵਾਈਆ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਆਕਸੀਜਨ ਤੇ ਬਿਜਲੀ ਤੋਂ ਇਲਾਵਾ ਮੁੱਢਲੀਆ ਸਹੂਲਤਾਂ ਤਾਂ ਬਹਾਲ ਹੋਈਆ ਪਰ ਡਾਕਟਰਾਂ ਨੇ ਵਿਧਾਇਕ ਦੇ ਵਤੀਰੇ ਪ੍ਰਤੀ ਰੋਸ ਵੀ ਜ਼ਾਹਰ ਕੀਤਾ। ਸੋਮਵਾਰ ਨੂੰ ਸਿਵਲ ਹਸਪਤਾਲ 'ਚ ਪੰਜਾਬ ਪੁਲਿਸ ਦੇ ਜਵਾਨਾਂ ਦਾ ਮੈਡੀਕਲ ਹੋਣ ਕਾਰਨ ਰੋਜ਼ਮੱਰਾ ਦੇ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਦੇ ਦੌਰੇ ਤੋਂ ਬਾਅਦ ਸਾਫ਼-ਸਫ਼ਾਈ ਤੇ ਵਾਰਡਾਂ 'ਚ ਦਾਖਲ ਮਰੀਜ਼ਾਂ ਨੂੰ ਦੇਖਣ ਲਈ ਡਾਕਟਰ ਪੁੱਜੇ। ਬਿਜਲੀ ਦੀ ਤਾਰ ਬਦਲਣ ਤੋਂ ਬਾਅਦ ਆਕਸੀਜਨ ਪਲਾਂਟ ਵੀ ਚੱਲ ਪਿਆ ਅਤੇ ਬਲੱਡ ਬੈਂਕ 'ਚ ਮਰੀਜ਼ਾਂ ਨੂੰ ਬਿਨਾਂ ਕਿਸੇ ਰੋਕ-ਟੋਕ ਕੇ ਖ਼ੂਨ ਮਿਲਿਆ। ਉਥੇ ਹੀ ਸਿਵਲ ਹਸਪਤਾਲ ਦਾਖਲ ਤੇ ਓਪੀਡੀ 'ਚ ਇਲਾਜ ਕਰਵਾਉਣ ਲਈ ਆਉਣ ਵਾਲੇ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮਰੀਜ਼ਾਂ ਨੂੰ ਇਲਾਜ ਲਈ ਬਾਜ਼ਾਰੋਂ ਮਹਿੰਗੇ ਮੁੱਲ ਦੀਆਂ ਦਵਾਈਆਂ ਖਰੀਦਣੀਆਂ ਪਈਆਂ। ਵਾਰਡ 'ਚ ਦਾਖਲ ਮਰੀਜ਼ ਦੇ ਪਰਿਵਾਰਕ ਮੈਂਬਰ ਸੰਤੋਸ਼ ਰਾਣੀ ਨੇ ਦੱਸਿਆ ਕਿ ਮਰੀਜ਼ ਨੂੰ ਪਿਛਲੇ ਸਾਲ ਦੋ ਦਿਨ ਤੋਂ ਗੁਲੂਕੋਜ਼ ਲੱਗ ਰਿਹਾ ਹੈ। ਹਸਪਤਾਲ ਦੇ ਸਟਾਫ ਨੇ ਸਟਾਕ 'ਚ ਨਾ ਹੋਣ ਦੀ ਗੱਲ ਕਹੀ। ਇਸ ਤੋਂ ਬਾਅਦ ਬਾਜ਼ਾਰੋਂ ਖਰੀਦ ਕੇ ਲਿਆਉਣੇ ਪੈ ਰਹੇ ਹਨ। ਉਥੇ ਹਸਪਤਾਲ ਤੋਂ ਮਿਲੀ ਜਾਣਕਾਰੀ ਮੁਤਾਬਕ ਪੇਟ ਦਰਦ ਦੀਆਂ ਗੋਲੀਆਂ ਤੇ ਟੀਕੇ, ਜੋੜਾਂ ਦੇ ਦਰਦ, ਪੇਟ ਗੈਸ, ਐਂਟੀ-ਐਲਰਜੀ ਗੋਲੀਆਂ ਤੇ ਟੀਕੇ, ਗੁਲੁਕੋਜ਼ ਤੋਂ ਇਲਾਵਾ ਕਈ ਦਵਾਈਆਂ ਸਟਾਕ 'ਚ ਨਹੀਂ ਹਨ।

ਸਿਵਲ ਹਸਪਤਾਲ ਦੇ ਕਾਰਜਕਾਰੀ ਐੱਮਐੱਸ ਡਾ. ਸਤਿੰਦਰਜੀਤ ਸਿੰਘ ਬਜਾਜ ਦਾ ਕਹਿਣਾ ਹੈ ਕਿ ਦਵਾਈਆਂ ਦੀ ਘਾਟ ਹੈ। ਪਿਛਲੇ ਮਹੀਨੇ ਦਵਾਈਆਂ ਦਾ ਸਟਾਕ ਆਇਆ ਸੀ। ਖਤਮ ਹੋਣ ਤੋਂ ਪਹਿਲਾਂ ਵਿਭਾਗ ਨੂੰ ਮੰਗ ਭੇਜ ਦਿੱਤੀ ਗਈ ਸੀ। ਇਸ ਮਾਮਲੇ ਨੂੰ ਲੈ ਕੇ ਵਿਭਾਗ ਵੱਲੋਂ ਕੋਈ ਜਵਾਬ ਨਹੀਂ ਆਇਆ।

ਕੇਂਦਰੀ ਹਲਕੇ ਤੋਂ ਵਿਧਾਇਕ ਰਮਨ ਅਰੋੜਾ ਨੇ ਦੱਸਿਆ ਕਿ ਸਿਵਲ ਹਸਪਤਾਲ ਵੱਲੋਂ ਸੇਵਾਵਾਂ ਨੂੰ ਲੈ ਕੇ ਲੋਕ ਕਾਫੀ ਪਰੇਸ਼ਾਨ ਹਨ। ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਹਸਪਤਾਲ ਦੀਆਂ ਸਮੱਸਿਆਵਾਂ ਉਨ੍ਹਾਂ ਸਾਹਮਣੇ ਨਹੀਂ ਰੱਖਿਆ। ਹਸਪਤਾਲ 'ਚ ਸਮੱਸਿਆਵਾਂ ਦੀ ਭਰਮਾਰ ਹੈ। ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਇਸ ਮਾਮਲੇ ਸਬੰਧੀ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣਗੇ ਅਤੇ ਹੱਲ ਕਰਵਾਉਣਗੇ।