ਜੇਐਨਐਨ, ਜਲੰਧਰ : ਕਈ ਦਿਨਾਂ ਤੋਂ ਮੀਂਹ ਨੂੰ ਉਡੀਕਦੇ ਲੋਕਾਂ ਲਈ ਮਾਨਸੂਨ ਆਇਆ ਪਰ ਕਹਿਰ ਬਣ ਕੇ। ਮੀਂਹ ਦੇ ਪਾਣੀ ਨੂੰ ਤਰਸਦੇ ਲੋਕ ਉਸੇ ਵਿਚ ਡੁੱਬ ਗਏ। ਬਠਿੰਡਾ ਵਿਚ ਸੋਮਵਾਰ ਦੇਰ ਰਾਤ ਸ਼ੁਰੂ ਹੋਈ ਬਾਰਸ਼ ਦੇ ਕਾਰਨ ਮੰਗਲਵਾਰ ਨੂੰ ਜਿਥੇ ਸਾਰੇ ਰਿਕਾਰਡ ਤੋੜਦੇ ਹੋਏ ਮੀਂਹ 178 ਐਮਐਮ ਪਈ ਉਥੇ ਬੁੱਧਵਾਰ ਸ਼ਾਮ ਤਕ ਇਸ ਨੇ 200 ਦਾ ਅੰਕੜਾ ਵੀ ਪਾਰ ਕਰ ਲਿਆ। ਬੀਤੇ 24 ਘੰਟਿਆਂ ਵਿਚ 231 ਐਮਐਮ ਬਾਰਿਸ਼ ਰਿਕਾਰਡ ਕੀਤੀ ਗਈ।

ਅੱਧੇ ਬਠਿੰਡੇ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ 30 ਹਜ਼ਾਰ ਘਰ ਪਾਣੀ ਵਿਚ ਡੁੱਬ ਗਏ। ਪਾਵਰ ਹਾਊਸ ਰੋਡ 'ਤੇ ਬੀਤੇ ਦਿਨ 24 ਘੰਟੇ ਬਿਜਲੀ ਸਪਲਾਈ ਬੰਦ ਰਹੀ। ਹਰ ਪਾਸੇ ਪਾਣੀ ਹੋਣ ਕਾਰਨ ਅਤੇ ਲਗਾਤਾਰ ਮੀਂਹ ਕਾਰਨ ਲੋਕ ਘਰਾਂ ਵਿਚ ਕੈਦ ਹੋ ਕੇ ਰਹਿ ਗਏ। ਕਈ ਥਾਵਾਂ 'ਤੇ ਪੰਜ ਤੋਂ ਛੇ ਫੁੱਟ ਪਾਣੀ ਭਰ ਗਿਆ। ਸ਼ਹਿਰ ਦੇ ਪੰਜਾਹ ਤੋਂ ਵੱਧ ਘਰਾਂ ਵਿਚ ਦਰਾਰਾਂ ਪੈ ਗਈਆਂ। ਲੋਕ ਆਪਣਾ ਕੀਮਤੀ ਸਮਾਨ ਟਰੈਕਟਰਾਂ ਜ਼ਰੀਏ ਲਿਜਾਂਦੇ ਵੀ ਨਜ਼ਰ ਆਏ। ਸਰਕਾਰੀ ਰਜਿੰਦਰਾ ਕਾਲਜ ਦੇ ਪਿਛਲੇ ਪਾਸੇ ਮਕਾਨ ਦੀ ਛੱਤ ਡਿੱਗ ਪਈ।

ਅਮਰਪੁਰਾ ਬਸਤੀ ਵਿ ਛੱਤ ਡਿੱਗਣ ਨਾਲ ਲੜਕੀ ਜ਼ਖ਼ਮੀ ਹੋ ਗਈ। ਇਸ ਤੇਜ਼ ਬਾਰਸ਼ ਤੋਂ ਬਠਿੰਡਾ ਤੋਂ ਇਲਾਵਾ ਮੁਕਤਸਰ ਅਤੇ ਅਬੋਹਰ ਵੀ ਬੇਹੱਦ ਪ੍ਰਭਾਵਿਤ ਹਨ। ਮਾਲਵੇ ਦੇ ਬਾਕੀ ਜ਼ਿਲਿ੍ਹਆਂ ਦੇ ਕਿਸਾਨਾਂ ਦੀ ਸੈਂਕੜੇ ਏਕੜ ਫਸਲ ਪਾਣੀ ਵਿਚ ਡੁੱਬ ਗਈ।

ਆਫਤ ਬਣਿਆ ਮੀਂਹ

ਮਾਨਸਾ ਵਿਚ ਵੱਖ ਵੱਖ ਪਿੰਡਾਂ ਦੀ ਲਗਪਗ 700 ਏਕੜ ਫਸਲ ਪਾਣੀ ਵਿਚ ਡੁੱਬ ਗਈ। ਭੀਖੀ ਸਰਹਿੰਦ ਨਹਿਰ 'ਤੇ ਬਣਿਆ ਆਰਜੀ ਪੁਲ਼ ਟੁੱਟ ਗਿਆ। ਕੋਟਕਪੁਰਾ ਬਠਿੰਡਾ ਰੋਡ 'ਤੇ ਪਾਵਰਕਾਮ ਦਫ਼ਤਰ ਦੀ ਕੰਧ ਟੁੱਟ ਕਈ ਅਤੇ ਦਫ਼ਤਰ ਦੇ ਮੁੱਖ ਸੜਕ ਤੋਂ 6 ਫੁੱਟ ਨੀਵਾਂ ਹੋਣ ਕਾਰਨ ਦਫ਼ਤਰ ਦੇ ਕਮਰਿਆਂ ਵਿਚ ਪਾਣੀ ਭਰ ਗਿਆ।

ਮੁਕਤਸਰ ਸਾਹਿਬ ਵਿਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਕਿਸਾਨਾਂ ਨੇ ਤਿੰਨ ਘੰਟੇ ਹਾਈਵੇ ਜਾਮ ਕੀਤਾ।ਕਿਸਾਨਾਂ ਦਾ ਕਹਿਣਾ ਹੈ ਕਿ ਸੇਮਨਾਲੇ ਓਵਰਫਲੋਅ ਹੋ ਕੇ ਟੁੱਟ ਗਏ ਹਨ। ਇਨ੍ਹਾਂ ਦਾ ਪਾਣੀ ਖੇਤਾਂ ਵਿਚ ਭਰ ਗਿਆ ਹੈ। ਗਿੱਦੜਬਾਹਾ ਵਿਚ ਵੀ 150 ਏਕੜ ਫਸਲ ਵਿਚ ਪਾਣੀ ਭਰ ਗਿਆ ਹੈ। ਫਾਜ਼ਿਲਕਾ ਡਿਸਟ੍ਰੀਬਿਊਟਰੀ ਨਹਿਰ ਵਿਚ 50 ਫੁੱਟ ਦੀ ਦਰਾਰ ਪੈਣ ਨਾਲ 400 ਏਕੜ ਫਸਲ ਡੁੱਬ ਗਈ। ਸੰਗਰੂੁਰ ਦੇ ਪਿੰਡਾਂ ਵਿਚ ਸਰਹਿੰਦ ਰਜਬਾਹੇ ਦਾ ਪਾਣੀ ਓਵਰਫਲੋਅ ਹੋਇਆ ਜਿਸ ਵਿਚ 450 ਏਕੜ ਫਸਲ ਪ੍ਰਭਾਵਿਤ ਹੋਈ।