ਸਟਾਫ ਰਿਪੋਰਟਰ, ਜਲੰਧਰ : 'ਤੰਦਰੁਸਤ ਪੰਜਾਬ' ਮਿਸ਼ਨ ਤਹਿਤ ਲੋਕਾਂ ਨੂੰ ਮਿਲਾਵਟ ਰਹਿਤ ਖਾਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸਿਹਤ ਵਿਭਾਗ ਦੀ ਟੀਮ ਵੱਲੋਂ ਵੀਰਵਾਰ ਨੂੰ ਰੈਸਟੋਰੈਂਟਾਂ ਅਤੇ ਹੋਟਲਾਂ ਤੋਂ ਵੱਖ-ਵੱਖ ਖਾਣ ਵਾਲੇ ਪਦਾਰਥਾਂ ਦੇ 20 ਨਮੂਨੇ ਲਏ ਗਏ।

ਜ਼ਿਲ੍ਹਾ ਸਿਹਤ ਅਫ਼ਸਰ ਡਾ.ਬਲਵਿੰਦਰ ਸਿੰਘ ਦੀ ਅਗਵਾਈ ਵਾਲੀ ਟੀਮ ਜਿਸ ਵਿਚ ਭੋਜਨ ਸੁਰੱਖਿਆ ਅਫ਼ਸਰ ਰਾਸ਼ੂ ਮਹਾਜਨ ਅਤੇ ਹੋਰ ਸ਼ਾਮਲ ਸਨ, ਵੱਲੋਂ ਬੀਐੱਸਐੱਫ ਚੌਕ ਵਿਖੇ ਸਥਿਤ ਹੋਟਲ ਕੰਟਰੀ ਇਨ, ਸੁਪਰਫਾਸਟ ਵੈਜੀਟੇਰੀਅਨ, ਵਿਸ਼ਾਲ ਮੈਗਾਮਾਰਟ, ਗੁਰੂ ਗੋਬਿੰਦ ਸਿੰਘ ਐਵੇਨਿਉ ਵਿਖੇ ਇਜ਼ੀ ਡੇਅ ਕਲੱਬ ਅਤੇ ਮੈਟਰੋ ਕੈਸ਼ ਐਂਡ ਕੈਰੀ ਪਠਾਨਕੋਟ ਚੌਕ ਵਿਖੇ ਮੁਹਿੰਮ ਚਲਾਈ ਗਈ।

ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਟੀਮ ਵੱਲੋਂ 7 ਵਿਸ਼ਾਲ ਮੈਗਾ ਮਾਰਟ ਤੋਂ, 2 ਸੁਪਰਫਾਸਟ ਵੈਜੀਟੇਰੀਅਨ ਤੋਂ, 4 ਕੰਟਰੀ ਇਨ ਤੋਂ, 3 ਇਜ਼ੀ ਡੇਅ ਕਲੱਬ ਤੋਂ ਅਤੇ 4 ਮੈਟਰੋ ਕੈਸ਼ ਐਂਡ ਕੈਰੀ ਤੋਂ ਕੁੱਲ 20 ਨਮੂਨੇ ਭਰੇ ਗਏ। ਉਨ੍ਹਾ ਨੇ ਕਿਹਾ ਕਿ ਇਨ੍ਹਾਂ ਨਮੂਨਿਆਂ ਵਿੱਚ ਦੁੱਧ, ਘਓ, ਪਨੀਰ, ਚਟਨੀ, ਚਨਾ ਅਤੇ ਹੋਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਖਾਣ ਵਾਲੇ ਪਦਾਰਥਾਂ ਦੇ ਲਏ ਗਏ ਨਮੂਨੇ ਅਗਲੇਰੀ ਜਾਂਚ ਲਈ ਸਟੇਟ ਫੂਡ ਲੈਬ ਵਿਖੇ ਭੇਜ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਖਾਣ ਵਾਲੇ ਪਦਾਰਥਾਂ ਵਿਚ ਮਿਲਾਵਟ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਿਘਨੌਣੇ ਅਪਰਾਧ ਵਿਚ ਸ਼ਾਮਲ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ।