- 3 ਥਾਵਾਂ 'ਤੇ ਵੇਸਟ ਮੈਨੇਜਮੈਂਟ ਦਾ ਸਿਸਟਮ ਸਹੀ ਪਾਇਆ

ਮਦਨ ਭਾਰਦਵਾਜ, ਜਲੰਧਰ

ਨਗਰ ਨਿਗਮ ਵੱਲੋਂ ਪੀਏਪੀ ਵਿਖੇ ਕੂੜੇ ਤੋਂ ਖਾਦ ਬਣਾਉਣ ਲਈ ਬਣਾਏ ਗਏ 26 ਪਿਟਸ ਵਿਚੋਂ 5 ਦੀ ਵਰਤੋਂ ਕਰਨ ਦੇ ਮਾਮਲੇ ਵਿਚ ਜਿਥੇ ਹੈਲਥ ਐਂਡ ਸੈਨੀਟੇਸ਼ਨ ਕਮੇਟੀ ਨੇ ਨਰਾਜ਼ਗੀ ਜ਼ਾਹਰ ਕੀਤੀ ਹੈ ਉਥੇ ਉਹ ਲੱਖਾਂ ਰੁਪਏ ਨਾਲ ਬਣਾਏ ਗਏ 21 ਪਿਟਸ ਬਾਰੇ ਪੀਏਪੀ ਪ੍ਰਸ਼ਾਸਨ ਵਲੋਂ ਲਾਪਰਵਾਹੀ ਦਿਖਾਉਣ ਬਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ। ਨਿਗਮ ਦੀ ਹੈਲਥ ਐਂਡ ਸੈਨੀਟੇਸ਼ਨ ਐਡਹਾਕ ਕਮੇਟੀ ਨੇ ਕੂੜੇ ਤੋਂ ਖਾਦ ਬਣਾਉਣ ਲਈ ਵੱਡੇ ਅਦਾਰਿਆਂ ਦੀ ਜਾਂਚ ਦਾ ਅੱਜ ਤੋਂ ਕੰਮ ਸ਼ੁਰੂ ਕੀਤਾ ਸੀ ਅਤੇ ਪਹਿਲੇ ਦਿਨ ਹੀ ਪੀਏਪੀ ਵਿਚ ਬਣੇ ਕੂੜੇ ਤੋਂ ਖਾਦ ਬਣਾਉਣ ਦੇ ਬਣੇ 26 ਪਿਟਸ ਵਿਚੋਂ ਕੇਵਲ 5 ਦੀ ਹੀ ਵਰਤੋਂ ਕਰਨ ਅਤੇ 21 ਦੀ ਵਰਤੋਂ ਨਾ ਕਰਕੇ ਲਾਪਰਵਾਹੀ ਦਿਖਾਉਣ 'ਤੇ ਹੈਰਾਨੀ ਪ੍ਰਗਟ ਕੀਤੀ ਅਤੇ ਨਿਗਮ ਦੇ ਲੱਖਾਂ ਰੁਪਏ ਦੀ ਹੋਈ ਬਰਬਾਦੀ ਤੇ ਨਾਰਾਜ਼ਗੀ ਪਰਗਟ ਕੀਤੀ। ਕਮੇਟੀ ਨੇ ਦੇਖਿਆ ਕਿ ਨਿਗਮ ਵਲੋਂ ਬਣਾਏ ਗਏ 26 ਪਿਟਸ ਵਿਚੋਂ 5 ਦੀ ਵਰਤੋਂ ਕਰਨ ਅਤੇ ਬਾਕੀ ਦੇ ਪਿਟਸ ਖਾਲੀ ਰਹਿਣ 'ਤੇ ਇਸ ਗੱਲ ਤੇ ਹੈਰਾਨੀ ਪਰਗਟ ਕੀਤੀ ਕਿ ਪੀਏਪੀ ਵਿਚ ਬਣੇ ਕਵਾਟਰਾਂ ਵਿਚ ਰਹਿੰਦੇ ਹਜ਼ਾਰਾਂ ਪੁਲਿਸ ਮੁਲਾਜ਼ਮਾਂ ਦਾ ਆਖਰ ਕੂੜੇ ਕਿਥੇ ਜਾ ਰਿਹਾ ਹੈ, ਜਿਸ ਦੀ ਜਾਂਚ ਹੋਣੀ ਜ਼ਰੂਰੀ ਹੈ।

ਨਗਰ ਨਿਗਮ ਦੀ ਹੈਲਥ ਐਂਡ ਸੈਨੀਟੇਸ਼ਨ ਐਡਹਾਕ ਕਮੇਟੀ ਦੇ ਚੇਅਰਮੈਨ ਬਲਰਾਜ ਠਾਕਰ ਦੀ ਅਗਵਾਈ ਵਿਚ ਪੀਏਪੀ ਵਿਖੇ ਗਈ ਜਾਂਚ ਕਮੇਟੀ ਉਕਤ ਪਿਟਸ ਦਿਖਾਉਣ ਲਈ ਗਏ ਪੁਲਿਸ ਮੁਲਾਜ਼ਮਾਂ ਤੋਂ ਉਕਤ ਜਾਣਕਾਰੀ ਲਈ। ਬਲਰਾਜ ਠਾਕਰ ਨਾਲ ਸੰਯੁਕਤ ਕਮਿਸ਼ਨਰ ਹਰਚਰਨ ਸਿੰਘ, ਮੈਂਬਰ ਅਵਤਾਰ ਸਿੰਘ, ਜਗਦੀਸ਼ ਸਮਰਾਏ, ਸ਼ਮਸ਼ੇਰ ਸਿੰਘ ਖਹਿਰਾ ਆਦਿ ਮੌਜੂਦ ਸਨ। ਕਮੇਟੀ ਦੇ ਚੇਅਰਮੈਨ ਬਲਰਾਜ ਠਾਕਰ ਨੇ ਕਿਹਾ ਕਿ ਪੀਏਪੀ ਵਿਚ ਬਣੇ ਪਿਟਸ ਦੀ ਸਹੀ ਵਰਤੋਂ ਨਹੀਂ ਹੋ ਰਹੀ ਅਤੇ 26 ਵਿਚੋਂ ਕੇਵਲ 5 ਪਿਟਸ ਦੀ ਵਰਤੋਂ ਕਰਨਾ ਆਪਣੇ ਆਪ ਵਿਚ ਹੀ ਹੈਰਾਨੀ ਵਾਲੀ ਗੱਲ ਹੈ ਤੇ ਪੀਏਪੀ 'ਚ ਬਣੀਆਂ ਰਿਹਾਇਸ਼ਾਂ ਵਿਚ ਰਹਿੰਦੇ ਮੁਲਾਜ਼ਮਾਂ ਦੇ ਘਰਾਂ ਦਾ ਕੂੜਾ ਅਕਸਰ ਕਿੱਥੇ ਜਾ ਰਿਹਾ ਹੈ। ਪੰਜਾਬ ਵਿਚ ਕੋਰੋਨਾ ਵਾਇਰਸ ਕਾਰਨ ਲਾਕ ਡਾਊਨ ਹੋਣ ਕਾਰਨ ਬਹੁਤੇ ਪ੍ਰਰਾਜੈਕਟਾਂ ਦਾ ਕੰਮ ਲਟਕ ਕੇ ਰਹਿ ਗਿਆ ਜਿਨ੍ਹਾਂ ਵਿਚੋਂ ਪੀਏਪੀ ਕੰਪਲੈਕਸ ਵੀ ਸ਼ਾਮਿਲ ਹੈ।

ਦੋ ਥਾਵਾਂ 'ਤੇ ਕੰਮ ਸਹੀ ਪਾਇਆ

ਇਸੇ ਦੌਰਾਨ ਹੈਲਥ ਐਂਡ ਸੈਨੀਟੇਸ਼ਨ ਦੀ ਟੀਮ ਨੇ ਬੈਸਟ ਪ੍ਰਰਾਇਸ ਮਾਲ ਅਤੇ ਲਿੱਲੀ ਰਿਜ਼ੌਰਟ ਦਾ ਵੀ ਮੁਆਇਨਾ ਕੀਤਾ ਜਿਥੇ ਉਨ੍ਹਾਂ ਨੇ ਬੈਸਟ ਪ੍ਰਰਾਇਸ 'ਚ ਵੇਸਟ ਮੈਨੇਜਮੈਂਟ ਦਾ ਸਿਸਟਮ ਸਹੀ ਪਾਇਆ। ਜਿਥੇ ਕੂੜੇ ਤੋਂ ਖਾਦ ਬਣਾਉਣ ਦਾ ਪਲਾਂਟ ਲਗਾ ਰੱਖਿਆ ਸੀ ਜਿਸ ਵਿਚ 24 ਘੰਟੇ 'ਚ ਖਾਦ ਤਿਆਰ ਹੋ ਰਹੀ ਸੀ। ਬੈਸਟ ਪ੍ਰਰਾਇਸ ਸੂੱਕਾ ਕੂੜਾ ਚੁੱਕਣ ਲਈ ਨਗਰ ਨਿਗਮ ਨੂੰ ਲੱਖ ਰੁਪਏ ਮਹੀਨਾ ਦੇ ਰਿਹਾ ਹੈ। ਇਸ ਦੇ ਬਾਅਦ ਟੀਮ ਲਿੱਲੀ ਰਿਜ਼ੌਰਟ ਵਿਚ ਫੂਡ ਵੇਸਟ ਤੋ ਖਾਦ ਬਣਾਉਣ ਲਈ ਆਗਾ ਮਾਡਲ ਦਾ ਛੋਟਾ ਪਲਾਂਟ ਲਗਾਇਆ ਗਿਆ ਸੀ ਜੋ ਮੈਨੂਅਲ ਪਲਾਂਟ ਦੇ ਰੂਪ ਵਿਚ ਸਹੀ ਕੰਮ ਕਰ ਰਿਹਾ ਸੀ ਅਤੇ ਉਹ 21 ਦਿਨ ਬਾਅਦ ਕੂੜੇ ਨੂੰ ਖਾਦ ਵਿਚ ਬਦਲਦਾ ਹੈ। ਇਸ ਦੌਰਾਨ ਚੇਅਰਮੈਨ ਬਲਰਾਜ ਠਾਕਰ ਨੇ ਕਿਹਾ ਕਿ ਉਨ੍ਹਾਂ ਨੇ ਬੈਸਟ ਪ੍ਰਰਾਇਸ ਅਤੇ ਲਿੱਲੀ ਰਿਜ਼ੌਰਟ ਪ੍ਰਬੰਧਕਾਂ ਨੂੰ ਕੂੜੇ ਤੋਂ ਬਨਣ ਵਾਲੀ ਖਾਦ ਦੇ ਨਮੂਨੇ ਭਰਵਾਉਣ ਦੀ ਵੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਇਸ ਨਾਲ ਇਹ ਪਤਾ ਚੱਲ ਸਕੇਗਾ ਕਿ ਕੂੜੇ ਨਾਲ ਖਾਦ ਕਿਸ ਤਰ੍ਹਾਂ ਦੀ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਅਦਾਰਿਆਂ 'ਚ ਜਾ ਕੇ ਕਮੇਟੀ ਜਾਂਚ ਕਰੇਗੀ ਜਿਥੇ ਕੋਈ ਕਮੀਂ ਮਿਲੇਗੀ ਉਨ੍ਹਾਂ ਅਦਾਰਿਆਂ ਨੂੰ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਜਰਮਾਨਾ ਵੀ ਕੀਤਾ ਜਾਏਗਾ।

3 ਦਿਨਾਂ 'ਚ ਈ-ਰਿਕਸ਼ਾ ਦੀ ਹੋਵੇਗੀ ਵੰਡ ਐਤਵਾਰ ਤੋਂ ਉਠਾਉਣਗੇ ਕੂੜਾ

ਇਸ ਦੌਰਾਨ ਚੇਅਰਮੈਨ ਬਲਰਾਜ ਠਾਕਰ ਨੇ ਕਿਹਾ ਹੈ ਕਿ ਆਉਂਦੇ ਦੋ-ਤਿੰਨ ਦਿਨਾਂ ਵਿਚ ਡੰਪਾਂ ਤੋਂ ਕੂੜਾ ਚੁੱਕਣ ਲਈ ਈ-ਰਿਕਸ਼ਾ ਦੀ ਵੰਡ ਕਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਜੇ ਕੇਵਲ ਲਗਪਗ ਦੋ ਦਰਜਨ ਈ-ਰਿਕਸ਼ਾ ਹਨ ਅਤੇ ਹਰ ਵਾਰਡ ਵਿਚ ਈ-ਰਿਕਸ਼ਾ ਮੁਹੱਈਆ ਕਰਾਉਣਾ ਅਸੰਭਵ ਹੈ ਇਸ ਲਈ ਫੈਸਲਾ ਕੀਤਾ ਗਿਆ ਹੈ ਕਿ ੲਂੀ-ਰਿਕਸ਼ਾ ਵਿਧਾਨ ਸਭਾ ਹਲਕਾ ਪੱਧਰ ਤੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕੰਮ ਸੁਚਾਰੂ ਢੰਗ ਨਾਲ ਚਲਾਉਣ ਲਈ ਹੋਰ ਵੀ ਈ-ਰਿਕਸ਼ਾ ਮੰਗਵਾਏ ਜਾ ਰਹੇ ਹੈ। ਇਸ ਤੋਂ ਇਲਾਵਾ ਐਤਵਾਰ ਨੂੰ ਵੀ ਨਿੱਜੀ ਠੇਕੇਦਾਰ ਦੀਆਂ ਗੱਡੀਆਂ ਚਲਾ ਕੇ ਡੰਪਾਂ ਤੋਂ ਕੂੜੇ ਦੀ ਢੁਆਈ ਕਰਾਈ ਜਾਏਗੀ।

ਸਫਾਈ ਸੇਵਕਾਂ ਦੀ ਵੰਡ ਦਾ ਮਾਮਲਾ ਹੱਲ ਹੋਵੇਗਾ

ਇਸ ਦੌਰਾਨ ਚੇਅਰਮੈਨ ਬਲਰਾਜ ਠਾਕਰ ਨੂੰ ਜਦੋਂ ਪੁਿਛਆ ਗਿਆ ਕਿ ਕਮੇਟੀ ਮੈਂਬਰਾਂ ਨੇ ਸਫਾਈ ਸੇਵਕਾਂ ਦੀ ਵੰਡ ਬਾਰੇ ਜੋ ਵਿਤਕਰਾ ਕਰਨ ਦਾ ਮੁੱਦਾ ਉਠਾਇਆ ਹੈ,ਉਸ ਬਾਰੇ ਕੀ ਕੀਤਾ ਜਾ ਰਿਹਾ ਹੈ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਛੇਤੀ ਹੱਲ ਕਰ ਲਿਆ ਜਾਏਗਾ ਅਤੇ ਸਫਾਈ ਸੇਵਕਾਂ ਲਈ ਬੀਟ ਸਿਸਟਮ ਤਿਆਰ ਕੀਤਾ ਜਾ ਰਿਹਾ ਹੈ। ਇਹ ਵਰਨਣਯੋਗ ਹੈ ਕਿ ਕਮੇਟੀ ਮੈਂਬਰ ਜਗਦੀਸ਼ ਸਮਰਾਏ ਤੇ ਰੋਹਨ ਸਹਿਗਲ ਨੇ ਪਿਛਲੇ ਦਿਨੀ ਚਿਤਾਵਨੀ ਦਿੱਤੀ ਸੀ ਕਿ ਸਫਾਈ ਸੇਵਕਾਂ ਦੀ ਵੰਡ ਨੂੰ ਲੈ ਕੇ ਵਿਤਕਰਾ ਪੂਰਨ ਨੀਤੀ ਖਤਮ ਨਾ ਕੀਤੀ ਗਈ ਤਾਂ ਉਹ ਅਲਾਟ ਹੋਏ ਸਫਾਈ ਸੇਵਕ ਵੀ ਵਾਪਸ ਭੇਜ ਦੇਣਗੇ।