ਜੇਐੱਨਐੱਨ, ਜਲੰਧਰ : ਫਿਲੌਰ ਥਾਣਾ ਅਧੀਨ ਪੈਂਦੇ ਢੰਡਵਾੜ ਪਿੰਡ ਦੇ ਸ਼ਮਸ਼ਾਨਘਾਟ 'ਚ ਇਕ ਨੌਜਵਾਨ ਦੀ ਅੱਧ ਸੜੀ ਲਾਸ਼ ਮਿਲਣ ਨਾਲ ਦਹਿਸ਼ਤ ਦਾ ਮਾਹੌਲ ਹੈ। ਜਾਣਕਾਰੀ ਮੁਤਾਬਕ ਸ਼ਨਿਚਰਵਾਰ ਰਾਤ 8 ਵਜੇ ਦੇ ਕਰੀਬ ਜਦੋਂ ਸੈਰ ਕਰਨ ਨਿਕਲੇ ਪਿੰਡ ਦੇ ਹੀ ਦੋ ਨੌਜਵਾਨਾਂ ਨੇ ਸ਼ਮਸ਼ਾਨਘਾਟ 'ਚ ਅੱਗ ਬਲਦੀ ਵੇਖੀ ਤਾਂ ਨੇੜੇ ਜਾ ਕੇ ਪਤਾ ਲੱਗਾ ਕਿ ਲੱਕੜੀਆਂ 'ਤੇ ਲਾਸ਼ ਰੱਖੀ ਹੋਈ ਹੈ। ਜਿਸ ਦਾ ਅੱਧਾ ਸਰੀਰ ਲੱਕੜੀਆਂ ਤੋਂ ਬਾਹਰ ਨਿਕਲਿਆ ਹੋਇਆ ਸੀ। ਮਿ੍ਤਕ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਹਰਵਿੰਦਰ ਕੁਮਾਰ ਉਰਫ਼ ਬਿੰਦੀ ਦੇ ਰੂਪ 'ਚ ਹੋਈ ਜੋ ਕਿ ਤਿੰਨ ਸਾਲ ਬਾਅਦ ਪਿੰਡ ਵਾਪਸ ਆਇਆ ਸੀ। ਮਿ੍ਤਕ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਹਰਵਿੰਦਰ ਕੁਮਾਰ ਨੇ ਖ਼ੁਦਕੁਸ਼ੀ ਕਰ ਲਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਦੇ ਡਰ ਤੋਂ ਲਾਸ਼ ਦਾ ਸਸਕਾਰ ਕਰ ਦਿੱਤਾ ਸੀ। ਪਿੰਡ ਦੀ ਪੰਚਾਇਤ ਤੋਂ ਜਿੰਦਰ ਸਿੰਘ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਤੇ ਮਾਮਲੇ 'ਚ ਹੱਤਿਆ ਦਾ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਤਿੰਨ ਸਾਲ ਪਿੱਛੋਂ ਪਰਤਿਆ ਸੀ ਪਿੰਡ

ਪੁਲਿਸ ਮੁਤਾਬਕ ਹਰਵਿੰਦਰ ਨੇ ਤਿੰਨ ਸਾਲ ਪਹਿਲਾਂ ਪਿੰਡ ਦੀ ਹੀ ਇਕ ਲੜਕੀ ਨਾਲ ਲਵ ਮੈਰਿਜ ਕੀਤੀ ਸੀ। ਵਿਆਹ ਤੋਂ ਕੁਝ ਦਿਨ ਬਾਅਦ ਹੀ ਲੜਕੀ ਦੇ ਘਰ ਵਾਲਿਆਂ ਦੇ ਡਰ ਤੋਂ ਹਰਜਿੰਦਰ ਪਤਨੀ ਨਾਲ ਪਿੰਡ ਤੋਂ ਫ਼ਰਾਰ ਹੋ ਗਿਆ ਸੀ ਤੇ ਕੁਝ ਦਿਨ ਪਹਿਲਾਂ ਹੀ ਪਿੰਡ ਵਾਪਸ ਆਇਆ ਸੀ।

ਨਸ਼ੇ ਦਾ ਆਦੀ ਸੀ ਮਿ੍ਤਕ

ਪਿੰਡ ਵਾਲਿਆਂ ਮੁਤਾਬਕ ਹਰਵਿੰਦਰ ਨਸ਼ੇ ਦਾ ਆਦੀ ਸੀ ਤੇ ਤਿੰਨ ਸਾਲ ਬਾਅਦ ਪਿੰਡ ਵਾਪਸ ਆਇਆ ਸੀ। ਇਸ ਦੌਰਾਨ ਹਰਵਿੰਦਰ ਕਿੱਥੇ ਰਿਹਾ ਇਸ ਬਾਰੇ ਪਿੰਡ ਵਾਲਿਆਂ ਨੂੰ ਕੋਈ ਜਾਣਕਾਰੀ ਨਹੀਂ ਹੈ।

ਹੱਤਿਆ ਤੇ ਖ਼ੁਦਕੁਸ਼ੀ ਵਿਚਕਾਰ ਉਲਝੀ ਪੁਲਿਸ

ਘਟਨਾ ਦੀ ਸੂਚਨਾ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀਐੱਸਪੀ ਫਿਲੌਰ ਤੇ ਪੁਲਿਸ ਚੌਕੀ ਇੰਚਾਰਜ ਅੱਪਰਾ ਥਾਣਾ ਗੁਰਾਇਆ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਖ਼ੁਦਕੁਸ਼ੀ ਦਾ ਹੈ ਜਾਂ ਹੱਤਿਆ ਦਾ ਇਸ ਗੱਲ 'ਤੇ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।