ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ. ਛੇ ਦੀ ਹੱਦ ਵਿਚ ਪੈਂਦੇ ਗੁਰੂ ਤੇਗ ਬਹਾਦਰ ਨਗਰ ਵਿਚ ਸਥਿਤ ਕੋਕਾ ਕੋਲਾ ਕੰਪਨੀ ਵਿਚ ਕੰਮ ਕਰਨ ਵਾਲੇ ਮੈਨੇਜਰ ਦੇ ਘਰ 'ਚੋਂ ਚੋਰ ਲੱਖਾਂ ਰੁਪਏ ਦੀ ਨਕਦੀ ਅਤੇ ਗਹਿਣਿਆਂ 'ਤੇ ਹੱਥ ਸਾਫ ਕਰ ਗਏ। ਚੋਰੀ ਦੇ ਸਮੇਂ ਸਾਰਾ ਪਰਿਵਾਰ ਆਪਣੇ ਰਿਸ਼ਤੇਦਾਰਾਂ ਦੇ ਘਰ ਲੁਧਿਆਣੇ ਗਿਆ ਹੋਇਆ ਸੀ।

ਗੁਰੂ ਤੇਗ ਬਹਾਦਰ ਨਗਰ ਵਾਸੀ ਹਰਪ੍ਰਰੀਤ ਸਿੰਘ ਨੇ ਦੱਸਿਆ ਕਿ ਲੁਧਿਆਣੇ ਰਹਿੰਦੇ ਉਸ ਦੇ ਭਰਾ ਦੇ ਘਰ ਲੜਕੀ ਪੈਦਾ ਹੋਈ ਸੀ, ਜਿਸ ਦੀ ਵਧਾਈ ਦੇਣ ਲਈ ਉਹ ਪਰਿਵਾਰ ਸਮੇਤ ਐਤਵਾਰ ਉਥੇ ਗਏ ਸਨ। ਸੋਮਵਾਰ ਦੁਪਹਿਰ ਜਦ ਉਹ ਘਰ ਵਾਪਸ ਪਰਤੇ। ਗੇਟ ਖੋਲ੍ਹਣ ਤੋਂ ਬਾਅਦ ਜਦ ਅੰਦਰ ਗਏ ਤਾਂ ਵੇਖਿਆ ਕਿ ਦਰਵਾਜਾ ਟੁੱਟਾ ਪਿਆ ਸੀ। ਕਮਰਿਆਂ ਵਿਚ ਜਾ ਕੇ ਦੇਖਿਆ ਕਿ ਹਰੇਕ ਕਮਰੇ 'ਚ ਪਈਆਂ ਅਲਮਾਰੀਆਂ ਟੁੱਟੀਆਂ ਪਈਆਂ ਸਨ ਅਤੇ ਕਮਰਿਆਂ ਵਿਚ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰ ਅਲਮਾਰੀਆਂ ਵਿਚੋਂ ਸਵਾ ਦੋ ਲੱਖ ਰੁਪਏ ਦੀ ਨਕਦੀ, ਲੱਖਾਂ ਰੁਪਏ ਦੇ ਗਹਿਣੇ ਜਿਨ੍ਹਾਂ 'ਚ ਸੋਨੇ ਅਤੇ ਚਾਂਦੀ ਦੇ ਸਿੱਕੇ ਵੀ ਸ਼ਾਮਲ ਸਨ) ਲੈ ਗਏ। ਉਨ੍ਹਾਂ ਦੱਸਿਆ ਕਿ ਜਿਸ ਤਰ੍ਹਾਂ ਚੋਰਾਂ ਨੇ ਹਰੇਕ ਕਮਰੇ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ, ਉਸ ਤੋਂ ਇੰਜ ਲੱਗਦਾ ਹੈ ਕਿ ਮੁਲਜ਼ਮਾਂ ਨੂੰ ਪਤਾ ਸੀ ਕਿ ਉਹ ਰਾਤ ਵਾਪਸ ਨਹੀਂ ਆ ਰਹੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰ. ਛੇ ਦੀ ਪੁਲਿਸ, ਫਿੰਗਰ ਪਿੰ੍ਟ ਮਾਹਰ ਅਤੇ ਡਾਗ ਸਕੂਐਡ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਜਾਂਚ ਵਿਚ ਜੁੱਟ ਗਈ। ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਨੇੜੇ ਦੇ ਘਰਾਂ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਜਲਦ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।