ਜੈਕਾਰਿਆਂ ਨਾਲ ਕੀਤੀ ਸਿਖਿਆਰਥੀਆਂ ਦੀ ਹੌਸਲਾ ਅਫਜ਼ਾਈ
350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Publish Date: Tue, 02 Dec 2025 06:59 PM (IST)
Updated Date: Tue, 02 Dec 2025 06:59 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਤਿਹਾਸਕ ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਬੰਧ ਹੇਠ ਬੱਚਿਆਂ ’ਚ ਧਰਮ ਦੇ ਪ੍ਰਚਾਰ ਪ੍ਰਸਾਰ ਹਿੱਤ ਚਲਾਈ ਜਾ ਰਹੀ ਸੰਸਥਾ ਗੁਰਮਤਿ ਸਿੱਖਿਆ ਸਭਾ ਦੇ ਸਿਖਿਆਰਥੀਆਂ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਪੁਰਬ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਨ੍ਹਾਂ ਸਿਖਿਆਰਥੀਆਂ ਨੇ ਨੌਵੇਂ ਮਹਲੇ ਦੇ ਸਲੋਕਾਂ ਤੋਂ ਇਲਾਵਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਗੁਰੂ ਗ੍ਰੰਥ ਸਾਹਿਬ ’ਚ ਦਰਜ ਗੁਰਬਾਣੀ ਸ਼ਬਦਾਂ ਦਾ ਕੀਰਤਨ ਕੀਤਾ। ਕਵਿਤਾ, ਧਾਰਮਿਕ ਗੀਤ, ਲੈਕਚਰ ਤੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਨਾਲ ਇਨ੍ਹਾਂ ਸਿਖਿਆਰਥੀਆਂ ਦੀ ਹੌਂਸਲਾ ਅਫਜ਼ਾਈ ਕੀਤੀ। ਸਭਾ ਵੱਲੋਂ ਸ਼ਮੂਲੀਅਤ ਕਰਨ ਵਾਲੇ ਹਰ ਸਿਖਿਆਰਥੀ ਨੂੰ ਸਨਮਾਨਿਤ ਕੀਤਾ ਗਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਇਸ ਮੌਕੇ ’ਤੇ ਸਹਿਜਧਾਰੀ ਸਿੱਖ ਗਗਨਦੀਪ ਸਿੰਘ ਤੇ ਬਲਜੀਤ ਸਿੰਘ ਨੂੰ ਪੂਰਨ ਗੁਰਸਿੱਖ ਬਣਨ ’ਤੇ ਵਧਾਈ ਦਿੱਤੀ। ਉਨ੍ਹਾਂ ਨੂੰ ਸਿਰੋਪਾਓ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਸਕੱਤਰ ਇੰਦਰਪਾਲ ਸਿੰਘ, ਅਮਨਦੀਪ ਸਿੰਘ ਛਾਬੜਾ, ਅੰਮ੍ਰਿਤਪਾਲ ਸਿੰਘ ਅਕਾਲੀ ਰਛਪਾਲ ਸਿੰਘ ਨੇ ਬਾਕੀ ਸਿੱਖਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗਿਆਨੀ ਤਰਸੇਮ ਸਿੰਘ, ਗਿਆਨੀ ਦਲਬੀਰ ਸਿੰਘ ਤੇ ਗਿਆਨੀ ਗੁਰਜਿੰਦਰ ਸਿੰਘ ਚੰਬਾ ਆਦਿ ਸੰਗਤਾਂ ਹਾਜ਼ਰ ਸਨ। ਸਟੇਜ ਦੀ ਸੇਵਾ ਸੀਏ ਜਸਮੀਤ ਸਿੰਘ ਨੇ ਨਿਭਾਈ।