ਜ.ਸ., ਜਲੰਧਰ : ਤਿੰਨ ਕਰੋੜ ਦੀ ਟਰਨਓਵਰ ਦੇ ਮੁਤਾਬਕ ਜੀਐੱਸਟੀ ਅਦਾ ਨਾ ਕਰਨ ਤੇ ਮਹਿੰਗੇ ਮੋਬਾਈਲ ਬਿਨਾਂ ਬਿੱਲ ਵੇਚਣ ਦੀ ਸੂਚਨਾ ਮਿਲਣ 'ਤੇ ਪੁਰਾਣੀ ਸਬਜ਼ੀ ਮੰਡੀ ਨੇੜੇ ਸਥਿਤ ਦੋ ਮੋਬਾਈਲ ਹਾਊਸ ਸ਼ੁੱਕਰਵਾਰ ਨੂੰ ਜੀਐੱਸਟੀ ਦੀ ਸਰਚ ਟੀਮਾਂ ਦੇ ਨਿਸ਼ਾਨੇ 'ਤੇ ਆ ਗਏ। ਜੀਐੱਸਟੀ ਦੇ ਡਿਸਟਿ੍ਕਟ ਦੋ ਵੱਲੋਂ ਕੀਤੀ ਗਈ ਕਾਰਵਾਈ ਦੌਰਾਨ ਹੋਟਲ ਡਾਲਫਿਨ ਨੇੜੇ ਮੋਬਾਈਲ ਮਾਰਕੀਟ 'ਚ ਜਗਦੰਬੇ ਮੋਬਾਈਲ ਹਾਊਸ ਤੇ ਅਭੀ ਮੋਬਾਈਲ ਹਾਊਸ 'ਤੇ ਜੀਐੱਸਟੀ ਦੀਆਂ ਦੋ ਟੀਮਾਂ ਵੱਲੋਂ ਛਾਪੇਮਾਰੀ ਕੀਤੀ ਗਈ। ਅਸਿਸਟੈਂਟ ਕਮਿਸ਼ਨਰ ਸਟੇਟ ਟੈਕਸ ਸ਼ੁਭੀ ਆਂਗਰਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕੀਤੀ ਗਈ ਇਸ ਕਾਰਵਾਈ ਦੌਰਾਨ ਜੀਐੱਸਟੀ ਦੀਆਂ ਸਰਚ ਟੀਮਾਂ ਵੱਲੋਂ ਅੱਧਾ ਦਰਜਨ ਦੇ ਲਗਪਗ ਮਹਿੰਗੇ ਮੋਬਾਈਲ ਤੇ ਦਸਤਾਵੇਜ਼ ਕਬਜ਼ੇ 'ਚ ਲੈ ਲਏ ਗਏ ਹਨ। ਇਸ ਤੋਂ ਪਹਿਲਾਂ ਬੀਤ ਹਫਤੇ ਜੀਐੱਸਟੀ ਵੱਲੋਂ ਕਰਿਆਨਾ ਆਈਟਮਜ਼ ਦੇ ਡਿਸਟ੍ਰੀਬਿਊਟਰ ਤੇ ਜਨਰਲ ਸਟੋਰ 'ਤੇ ਵੀ ਕਾਰਵਾਈ ਕੀਤੀ ਗਈ ਸੀ। ਜੀਐੱਸਟੀ ਡਿਸਟਿ੍ਕਟ ਤਿੰਨ ਵੱਲੋਂ ਆਈਲੈਟਸ ਸੈਂਟਰ ਸੰਚਾਲਕਾਂ ਤੇ ਟਰੈਵਲ ਏਜੰਟਾਂ ਨੂੰ ਵੀ 300 ਦੇ ਲਗਪਗ ਨੋਟਿਸ ਭਿਜਵਾਏ ਗਏ ਹਨ।