ਜੇਐੱਨਐੱਨ, ਜਲੰਧਰ : ਬਸਤੀ ਦਾਨਿਸ਼ਮੰਦਾਂ 'ਚ ਰਹਿਣ ਵਾਲੇ ਗ੍ਰਾਫਿਕਸ ਡਿਜ਼ਾਈਨਰ ਦੀ ਸਵਾਈਨ ਫਲੂ ਨਾਲ ਮੌਤ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮਿ੍ਤਕ ਦੀ ਪਛਾਣ ਯਸ਼ਪਾਲ ਵਿੱਕੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਰਸੀਲਾ ਨਗਰ ਵਜੋਂ ਹੋਈ ਹੈ। ਜ਼ਿਲ੍ਹੇ 'ਚ ਸਵਾਈਨ ਫਲੂ ਨਾਲ ਹੋਣ ਵਾਲੀ ਇਹ ਛੇਵੀਂ ਮੌਤ ਹੈ ਪਰ ਸਿਹਤ ਵਿਭਾਗ ਨੇ ਹਾਲੇ ਇਕ ਦੀ ਵੀ ਪੁਸ਼ਟੀ ਨਹੀਂ ਕੀਤੀ। ਜ਼ਿਲ੍ਹੇ 'ਚ ਸਵਾਈਨ ਫਲੂ ਦੇ ਮਰੀਜ਼ਾਂ ਦੀ ਗਿਣਤੀ 12 ਤਕ ਪਹੁੰਚ ਗਈ ਹੈ। ਸੁਨੀਤਾ ਰਾਣੀ ਨੇ ਦੱਸਿਆ ਕਿ 10 ਦਿਨ ਪਹਿਲਾਂ ਉਨ੍ਹਾਂ ਦੇ ਪਤੀ ਵਿੱਕੀ ਨੂੰ ਖੰਘ ਤੇ ਬੁਖ਼ਾਰ ਹੋਇਆ ਸੀ। ਇਸ ਤੋਂ ਬਾਅਦ ਸਥਾਨਕ ਕਲੀਨਕ ਤੋਂ ਇਲਾਜ ਕਰਵਾਉਣ ਤੋਂ ਬਾਅਦ ਉਸ ਨੂੰ ਗਾਂਧੀ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਉਸ ਨੂੰ ਇਨਫੈਕਸ਼ਨ ਤੇ ਕਮਜ਼ੋਰੀ ਦੱਸੀ ਪਰ ਹਾਲਤ 'ਚ ਸੁਧਾਰ ਨਹੀਂ ਹੋਇਆ। ਉਸ ਦੀ ਹਾਲਤ ਹੋਰ ਵਿਗੜਨ ਤੋਂ ਬਾਅਦ ਈਐੱਸਆਈ ਤੇ ਆਕਸਫੋਰਡ ਹਸਪਤਾਲ 'ਚ ਭਰਤੀ ਕਰਵਾਉਣ 'ਤੇ ਹਾਲਤ 'ਚ ਸੁਧਾਰ ਨਹੀਂ ਹੋਇਆ। ਬੇਕਾਬੂ ਹਾਲਤ ਦੇਖ ਕੇ ਡਾਕਟਰਾਂ ਨੇ ਲੁਧਿਆਣਾ ਦੇ ਡੀਐੱਮਸੀ ਹਸਪਤਾਲ 'ਚ ਲਿਜਾਣ ਦੀ ਸਲਾਹ ਦਿੱਤੀ। ਡੀਐੱਮਸੀ ਲੁਧਿਆਣਾ ਹਸਪਤਾਲ ਪਹੁੰਚਣ ਤੋਂ ਬਾਅਦ ਲੰਮਾ ਸਮਾਂ ਇੰਤਜ਼ਾਰ ਕੀਤਾ ਪਰ ਬੈੱਡ ਨਾ ਮਿਲਣ ਕਾਰਨ ਵਾਪਸ ਜਲੰਧਰ ਪਰਤ ਆਏ। ਇੱਥੋਂ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਪੀਜੀਆਈ ਰੈਫਰ ਕਰ ਦਿੱਤਾ। ਉਹ ਪੀਜੀਆਈ ਚੰਡੀਗੜ੍ਹ ਜਾ ਰਹੇ ਸਨ ਕਿ ਰੋਪੜ ਦੇ ਨਜ਼ਦੀਕ ਵਿੱਕੀ ਨੇ ਦਮ ਤੋੜ ਦਿੱਤਾ। ਰਸਤੇ 'ਚ ਐਬੂਲੈਂਸ ਵੀ ਖ਼ਰਾਬ ਹੋ ਗਈ। ਵਿੱਕੀ ਦੇ ਦੋ ਬੇਟੇ ਨੀਰਜ ਤੇ ਅਮਨ ਹਨ। ਬਾਅਦ ਦੁਪਹਿਰ ਵਿੱਕੀ ਦਾ ਸਸਕਾਰ ਕਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਸ ਦਾ ਇਲਾਜ ਕਰਵਾਉਣ ਲਈ ਕਾਫ਼ੀ ਯਤਨ ਕੀਤੇ ਪਰ ਇਲਾਜ ਸਹੀ ਤਰ੍ਹਾਂ ਨਾ ਹੋ ਸਕਿਆ। ਸਾਰਿਆਂ ਨੇ ਸਵਾਈਨ ਫਲੂ ਕਹਿ ਕੇ ਪੱਲਾ ਝਾੜ ਲਿਆ। ਸਿਹਤ ਵਿਭਾਗ ਦੀ ਟੀਮ ਨੇ ਵਿੱਕੀ ਦੇ ਪਰਿਵਾਰਕ ਮੈਂਬਰਾਂ ਨੂੰ ਅਹਿਤਿਆਤ ਵਜੋਂ ਦਵਾਈ ਦੇ ਦਿੱਤੀ ਹੈ।

ਹਸਪਤਾਲਾਂ 'ਚ ਵੀ ਨਹੀਂ ਪੁਖਤਾ ਇੰਤਜ਼ਾਮ

ਸ਼ਹਿਰ ਦੇ ਹਸਪਤਾਲਾਂ 'ਚ ਵੀ ਸਵਾਈਨ ਫਲੂ ਨਾਲ ਨਜਿੱਠਣ ਲਈ ਕੋਈ ਪੁਖਤਾ ਇੰਤਜ਼ਾਮ ਨਹੀਂ। ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਟੀਮਾਂ ਮਿ੍ਤਕ ਦੇ ਘਰ ਗਈਆਂ ਸਨ ਤੇ ਪਰਿਵਾਰ ਵਾਲਿਆਂ ਨਾਲ ਮਿਲੀਆਂ ਸਨ। ਪੂਰੀ ਜਾਂਚ ਪੜਤਾਲ ਤੇ ਰਿਪੋਰਟਾਂ ਅਨਸਾਰ ਵਿੱਕੀ ਨੂੰ ਨਿਮੋਨੀਆ ਸੀ ਤੇ ਉਸ ਦੇ ਸਵਾਈਨ ਫਲੂ ਦੇ ਟੈਸਟ ਨਹੀਂ ਸੀ ਹੋਏ। ਫਿਲਹਾਲ ਇਸ ਨੂੰ ਸਵਾਈਨ ਫਲੂ ਦੇ ਸ਼ੱਕੀ ਮਾਮਲਿਆਂ 'ਚ ਰੱਖਿਆ ਗਿਆ ਹੈ। ਇਸ ਦਾ ਰਿਕਾਰਡ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ ਤੇ ਡੂੰਘਾਈ ਨਾਲ ਜਾਂਚ ਤੋਂ ਬਾਅਦ ਹੀ ਸਵਾਈਨ ਫਲੂ ਹੋਣ ਦਾ ਫ਼ੈਸਲਾ ਹੋਵੇਗਾ।