ਜ.ਸ., ਜਲੰਧਰ : ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ 'ਚ ਤਾਇਨਾਤ ਡਾਕਟਰਾਂ ਦੀ ਕਾਰਜਪ੍ਰਣਾਲੀ 'ਤੇ ਨਿਗਰਾਨੀ ਵਧਾ ਦਿੱਤੀ ਗਈ ਹੈ। ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਨੂੰ ਮਰੀਜ਼ਾਂ ਦਾ ਵੇਰਵਾ ਦੇਣਾ ਹੋਵੇਗਾ। ਮਾਮਲੇ ਨੂੰ ਲੈ ਕੇ ਸਰਕਾਰੀ ਡਾਕਟਰਾਂ 'ਚ ਹਫੜਾ-ਦਫੜੀ ਵਾਲਾ ਮਾਹੌਲ ਹੈੈ। ਡਾਕਟਰ ਰਿਪੋਰਟ ਤੋਂ ਬਚਾਅ ਦਾ ਰਸਤਾ ਭਾਲਣ 'ਚ ਜੁਟੇ ਹੋਏ ਹਨ। ਸਿਹਤ ਵਿਭਾਗ ਦੇ ਸਕੱਤਰ ਅਜੋਯ ਸ਼ਰਮਾ ਵੱਲੋਂ ਸਰਕਾਰੀ ਸਿਹਤ ਕੇਂਦਰਾਂ 'ਚ ਤਾਇਨਾਤ ਡਾਕਟਰਾਂ ਨੂੰ ਓਪੀਡੀ ਦੇ ਦੌਰਾਨ ਦੇਖੇ ਗਏ ਮਰੀਜ਼ਾਂ ਦੀ ਰਿਪੋਰਟ ਆਨਲਾਈਨ ਦੇਣ ਲਈ ਸਖ਼ਤ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਨੇ ਕੋਤਾਹੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨ ਦੀਆਂ ਹਦਾਇਤਾਂ ਦਿੱਤੀਆਂ ਹਨ। ਬੁੱਧਵਾਰ ਨੂੰ ਜ਼ਿਲ੍ਹੇ 'ਚ ਸਿਰਫ਼ 10-15 ਫ਼ੀਸਦੀ ਡਾਕਟਰ ਹੀ ਓਪੀਡੀ ਰਿਪੋਰਟ ਭੇਜ ਸਕੇ ਹਨ। ਹਾਲਾਂਕਿ ਕਈ ਡਾਕਟਰਾਂ ਨੂੰ ਇਸ ਤਰ੍ਹਾਂ ਦੀ ਰਿਪੋਰਟ ਤਿਆਰ ਕਰਨਾ ਨਹੀਂ ਆਉਂਦਾ ਹੈ। ਉਥੇ ਅੰਸਥੀਸੀਆ ਵਾਲੇ ਡਾਕਟਰਾਂ ਦੀ ਓਪੀਡੀ ਨਹੀਂ ਹੁੰਦੀ ਤੇ ਉਹ ਭੰਬਲਭੂਸੇ 'ਚ ਹਨ। ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਲਿੰਕ ਜਾਰੀ ਕੀਤਾ ਿਘਆ ਹੈ। ਡਾਕਟਰ ਆਪਣਾ ਲਾਗਇਨ ਆਈਡੀ ਜ਼ਰੀਏ ਰਿਪੋਰਟ ਭੇਜਣਗੇ। ਹੁਕਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣਗੇ।