ਜਤਿੰਦਰ ਪੰਮੀ, ਜਲੰਧਰ

ਸਰਕਾਰ ਆਪਣੇ ਅਸਾਸੇ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ। ਇਸੇ ਲਈ ਹੀ ਸਰਕਾਰ ਨੇ ਆਪਣਾ ਕਰਜ਼ਾ ਲਾਹੁਣ ਲਈ ਧਨ ਇਕੱਠਾ ਕਰਨ ਵਾਸਤੇ ਬੀਐੱਸਐੱਨਐੱਲ ਦੇ ਵਾਧੂ ਜ਼ਮੀਨ ਪਾਰਸਲ ਤੇ ਇਮਾਰਤਾਂ ਵੇਚਣ ਲਈ 'ਵਿਸ਼ੇਸ਼ ਮਕਸਦ ਵਾਹਨ' ਬਣਾਇਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਬੀਐੱਸਐੱਨਐੱਲ ਇੰਪਲਾਈਜ਼ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਪੀ ਅਭਿਮਨਿਊ ਨੇ ਇਥੇ ਪੰਜਾਬ ਸਰਕਲ ਦੀ ਕਾਰਜਕਾਰਨੀ ਮੀਟਿੰਗ ਦੌਰਾਨ ਮੁੱਖ ਬੁਲਾਰੇ ਵਜੋਂ ਸੰਬੋਧਨ ਕਰਦਿਆਂ ਕੀਤਾ। ਕਾਮਰੇਡ ਅਭਿਮਨਿਊ ਨੇ ਕਿਹਾ ਕਿ ਸਰਕਾਰ ਬੀਐੱਸਐੱਨਐੱਲ ਦੀਆਂ ਇਹ ਜਾਇਦਾਦਾਂ ਕੌਡੀਆਂ ਭਾਅ ਸਰਮਾਏਦਾਰਾਂ ਨੂੰ ਵੇਚ ਰਹੀਆਂ ਹਨ। ਵਲੰਟੀਅਰੀ ਰਿਟਾਇਰਮੈਂਟ ਤੇ ਸੇਵਾਮੁਕਤੀ ਦੀ ਉਮਰ ਘਟਾਉਣ ਦੇ ਮੁੱਦੇ 'ਤੇ ਬੋਲਦਿਆਂ ਕਾਮਰੇਡ ਨੇ ਕਿਹਾ ਕਿ ਸਰਕਾਰ ਵੱਲੋਂ ਸੇਵਾਮੁਕਤੀ ਦੀ ਉਮਰ 60 ਦੀ ਥਾਂ 58 ਸਾਲ ਕਰਨ ਨਾਲ ਅਗਲੇ ਦੋ ਸਾਲਾਂ 'ਚ ਹਜ਼ਾਰਾਂ ਮੁਲਾਜ਼ਮ ਸੇਵਾਮੁਕਤ ਹੋ ਜਾਣਗੇ, ਜਿਸ ਨਾਲ ਬੀਐੱਸਐੱਨਐੱਲ ਦਾ ਕੰਮਕਾਜ ਪੂਰੀ ਤਰ੍ਹਾਂ ਠੱਪ ਹੋ ਕੇ ਰਹਿ ਜਾਵੇਗਾ। ਇਸ ਲਈ ਯੂਨੀਅਨ ਸਰਕਾਰ ਦੇ ਉਨ੍ਹਾਂ ਦੋਵਾਂ ਤਜਵੀਜ਼ਾਂ ਦਾ ਸਖ਼ਤ ਵਿਰੋਧ ਕਰੇਗੀ। ਉਨ੍ਹਾਂ ਕਿਹਾ ਕਿ ਸਰਕਾਰ ਇਹ ਯਕੀਨੀ ਬਣਾਏ ਕੇ ਬੀਐੱਸਐੱਨਐੱਲ ਨੂੰ ਵਿੱਤੀ ਮਦਦ ਦੇਵੇਗੀ ਤੇ ਇਸ ਦੇ ਮੁਲਾਜ਼ਮਾਂ ਨਾਲ ਕੇਂਦਰ ਸਰਕਾਰ ਦੇ ਹੋਰਨਾਂ ਮੁਲਾਜ਼ਮਾਂ ਵਾਂਗ ਹੀ ਸਲੂਕ ਕਰੇਗੀ। ਉਨ੍ਹਾਂ ਨੇ ਬੀਐੱਸਐੱਨਐੱਲ ਦੀ ਹੋਂਦ ਬਚਾਉਣ ਲਈ ਸੰਘਰਸ਼ਸ਼ੀਲ ਯੂਨੀਅਨਾਂ ਤੇ ਐਸੋਸੀਏਸ਼ਨ ਵੱਲੋਂ ਵਿੱਢੇ ਸੰਘਰਸ਼ ਬਾਰੇ ਵੀ ਚਾਨਣਾ ਪਾਇਆ। ਇਸ ਤੋਂ ਪਹਿਲਾਂ ਮੀਟਿੰਗ ਵਿਚ ਸ਼ਾਮਲ ਅਹੁਦੇਦਾਰਾਂ ਤੇ ਮੁਲਾਜ਼ਮਾਂ ਦਾ ਯੂਨੀਅਨ ਦੇ ਪੰਜਾਬ ਸਰਕਲ ਦੇ ਪ੍ਰਧਾਨ ਏਕੇ ਵਰਮਾ ਤੇ ਸਕੱਤਰ ਬਲਬੀਰ ਸਿੰਘ ਨੇ ਸਵਾਗਤ ਕੀਤਾ। ਸਕੱਤਰ ਬਲਬੀਰ ਸਿੰਘ ਨੇ ਬੀਐੱਸਐੱਨਐੱਲ ਨੂੰ ਦਰਪੇਸ਼ ਵਿੱਤੀ ਸੰਕਟਾਂ ਬਾਰੇ ਵਿਸਥਾਰ 'ਚ ਦੱਸਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਐੱਸਐੱਨਐੱਸ ਦੇ ਜ਼ਿਲ੍ਹਾ ਸਕੱਤਰ ਐੱਚਐੱਸ ਧਾਲੀਵਾਲ ਵੀ ਮੌਜੂਦ ਸਨ।