ਸਤਿੰਦਰ ਸ਼ਰਮਾ, ਫਿਲੌਰ : ਆਮ ਆਦਮੀ ਪਾਰਟੀ ਜ਼ਿਲ੍ਹਾ ਜਲੰਧਰ ਦਿਹਾਤੀ ਹਲਕਾ ਫਿਲੌਰ ਦੇ ਸਹਿ ਇੰਚਾਰਜ ਪਿ੍ਰੰਸੀਪਲ ਪ੍ਰਰੇਮ ਕੁਮਾਰ ਫਿਲੌਰ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਐੱਮਬੀਬੀਐੱਸ ਕੋਰਸ ਕਰਨ ਵਾਲੇ ਵਿਦਿਆਰਥੀਆਂ ਦੀਆਂ ਫੀਸਾਂ ਵਿਚ ਕੀਤਾ ਬੇਤਹਾਸ਼ਾ ਵਾਧਾ ਤੁਰੰਤ ਵਾਪਸ ਲਿਆ ਜਾਵੇ। ਪਿ੍ਰੰਸੀਪਲ ਪ੍ਰਰੇਮ ਕੁਮਾਰ ਫਿਲੌਰ ਨੇ ਕਿਹਾ ਕਿ ਸਰਕਾਰ ਨੇ ਕਾਲਜਾਂ ਵਿਚ 77 ਫ਼ੀਸਦੀ ਵਾਧਾ ਕਰ ਕੇ ਗ਼ਰੀਬ, ਮੱਧ ਵਰਗ ਤੇ ਉੱਚ ਵਰਗ ਦੇ ਪਰਿਵਾਰਾਂ ਨਾਲ ਸਬੰਧਤ ਵਿਦਿਆਰਥੀਆਂ ਦੀ ਪੜ੍ਹਾਈ ਦਾ ਰਾਹ ਬੰਦ ਕਰ ਦਿੱਤਾ ਹੈ, ਜੋ ਕਿ ਸਰਾਸਰ ਗ਼ਲਤ ਹੈ। ਆਮ ਆਦਮੀ ਪਾਰਟੀ ਫੀਸਾਂ 'ਚ ਕੀਤੇ ਇਸ ਵਾਧੇ ਦਾ ਪੁਰਜ਼ੋਰ ਵਿਰੋਧ ਕਰਦੀ ਹੈ। ਉਨ੍ਹਾਂ ਕਿਹਾ ਕਿ ਫੀਸਾਂ ਵਧਣ ਨਾਲ ਗ਼ਰੀਬ ਦੀ ਗੱਲ ਤਾਂ ਛੱਡੋ, ਹੁਣ ਮੱਧ ਤੇ ਉੱਚ ਵਰਗ ਦੇ ਲੋਕਾਂ ਦੇ ਧੀਆਂ-ਪੁੱਤ ਵੀ ਡਾਕਟਰ ਬਣਨ ਦਾ ਸੁਪਨਾ ਨਹੀਂ ਲੈ ਸਕਣਗੇ, ਕਿਉਂਕਿ ਸਰਕਾਰ ਵੱਲੋਂ ਵਧਾਈਆਂ ਫੀਸਾਂ ਅਨੁਸਾਰ ਉਹ ਲੋਕ ਰਕਮ ਅਦਾ ਨਹੀਂ ਕਰ ਸਕਣਗੇ। ਇਕ ਤਾਂ ਕੋਰੋਨਾ ਦੀ ਮਹਾਮਾਰੀ ਕਾਰਨ ਲੋਕ ਘਰਾਂ ਵਿਚ ਰਹਿਣ ਲਈ ਮਜ਼ਬੂਰ ਹੋ ਗਏ ਹਨ ਤੇ ਉਨ੍ਹਾਂ ਦੇ ਕੰਮਕਾਰ ਠੱਪ ਹੋ ਕੇ ਰਹਿ ਗਏ ਹਨ, ਉਪਰੋਂ ਸਰਕਾਰ ਨੇ ਫੀਸਾਂ 'ਚ ਬੇਥਾਹ ਵਾਧਾ ਕਰ ਕੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਸਰਕਾਰੀ ਕਾਲਜ ਦੀ ਫੀਸ 4.40 ਲੱਖ ਸੀ ਜੋ ਹੁਣ 7.80 ਲੱਖ ਕਰ ਦਿੱਤੀ ਗਈ ਹੈ। ਪ੍ਰਰਾਈਵੇਟ ਕਾਲਜਾਂ ਦੀ ਫੀਸ 13.50 ਲੱਖ ਤੋਂ ਵਧਾ ਕੇ 18.10 ਲੱਖ ਰੁਪਏ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਮੈਨੇਜਮੈਂਟ ਕੋਟੇ ਵਿਚ ਫੀਸ 40 ਲੱਖ ਤੋਂ ਵਧਾ ਕੇ 47 ਲੱਖ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡੋਨੇਸ਼ਨ ਫੀਸਾਂ, ਛੁਪੀਆਂ ਵਾਧੂ ਫੀਸਾਂ ਦਾ ਭਾਰ ਮਾਪਿਆਂ ਲਈ ਅਸਹਿ ਹੋਵੇਗਾ। ਲੋਕ ਇਹ ਫੀਸਾਂ ਅਦਾ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਮੈਡੀਕਲ ਕੋਰਸ ਦੀ 5 ਸਾਲ ਦੀ ਫੀਸ 20 ਤੋਂ 25 ਹਜ਼ਾਰ ਰੁਪਏ ਵਸੂਲੀ ਜਾਂਦੀ ਹੈ ਜੋ ਕਿ ਕਰੀਬ 2087 ਰੁਪਏ ਸਾਲਾਨਾ ਬਣਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫੀਸਾਂ 'ਚ ਕੀਤਾ ਇਹ ਵਾਧਾ ਵਿਦਿਆਰਥੀਆਂ ਦੇ ਭਵਿੱਖ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ 2022 ਦੀਆਂ ਚੋਣਾਂ ਵਿਚ ਲੋਕ ਇਸ ਦਾ ਮੂੰਹ ਤੋੜ ਜਵਾਬ ਦੇਣਗੇ। ਹੁਣ ਲੋਕਾਂ ਦਾ ਕਾਂਗਰਸ ਦੀ ਮਾਰੂ ਸਰਕਾਰ ਤੋਂ ਭਰੋਸਾ ਉਠ ਗਿਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਫੀਸਾਂ ਵਿਚ ਕੀਤਾ ਵਾਧਾ ਤੁਰੰਤ ਵਾਪਸ ਲਏ। ਜੇ ਇਹ ਵਾਧਾ ਵਾਪਸ ਨਹੀਂ ਲਿਆ ਜਾਂਦਾ ਤਾਂ ਆਮ ਆਦਮੀ ਪਾਰਟੀ ਡੱਟ ਕੇ ਸੰਘਰਸ਼ ਕਰੇਗੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਉਨ੍ਹਾਂ ਨਾਲ ਪਲਵਿੰਦਰ ਦੁਸਾਂਝ ਪ੍ਰਧਾਨ ਕਿਸਾਨ ਯੂਨੀਅਨ ਵਿੰਗ, ਸੀਮਾ ਬੰਡਾਲਾ ਪ੍ਰਧਾਨ ਇਸਤਰੀ ਵਿੰਗ, ਅਮੀਰ ਚੰਦ ਸ਼ਾਹਪੁਰੀ ਪ੍ਰਧਾਨ ਐੱਸਸੀਐੱਸਟੀ ਵਿੰਗ, ਸੁਖਵਿੰਦਰ ਬ੍ਹਮਪੁਰੀ ਸੀਨੀਅਰ ਮੀਤ ਪ੍ਰਧਾਨ, ਰਜਿੰਦਰ ਸੰਧੂ, ਜਸਪਾਲ ਸੀਤੂ, ਬਲਵੀਰ ਚੰਦ, ਗੋਗੀ, ਜੋਗਿੰਦਰ ਮਾਹੀ, ਰਛਪਾਲ ਸਿੰਘ, ਰਵੀ ਬ੍ਹਮਪੁਰੀ, ਰਣਦੀਪ ਸੰਗੋਵਾਲ ਤੇ ਹੋਰ ਹਾਜ਼ਰ ਸਨ।