ਕਮਲ ਕਿਸ਼ੋਰ, ਜਲੰਧਰ : ਪੰਜ ਸਾਲ ਬਾਅਦ ਸੂਬੇ ਦੇ ਖਿਡਾਰੀਆਂ ਨੂੰ ਮਿਲਣ ਵਾਲੇ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇਣ ਲਈ ਸਰਕਾਰ ਤਰੀਕ ਦਾ ਐਲਾਨ ਨਹੀਂ ਕਰ ਰਹੀ ਹੈ। ਲੋਕ ਸਭਾ ਚੋਣਾਂ ਹੋਣ ਤੇ ਚੋਣ ਜ਼ਾਬਤਾ ਖ਼ਤਮ ਹੋਣ ਤੋਂ ਬਾਅਦ ਵੀ ਤਰੀਕ ਦਾ ਐਲਾਨ ਕਰਨ 'ਚ ਦੇਰੀ ਕੀਤੀ ਜਾ ਰਹੀ ਹੈ। ਖਿਡਾਰੀ ਵੀ ਆਸ ਲਾਈ ਬੈਠੇ ਹਨ ਕਿ ਸਰਕਾਰ ਐਵਾਰਡ ਦੇਣ ਲਈ ਕਿਹੜੀ ਤਰੀਕ ਨਿਸ਼ਚਿਤ ਕਰ ਰਹੀ ਹੈ। ਐਵਾਰਡ ਦੀ ਤਰੀਕ ਨੂੰ ਲੈ ਕੇ ਅਫਵਾਹਾਂ ਜ਼ੋਰਾਂ 'ਤੇ ਹਨ। ਕੋਈ 14 ਜੂਨ ਤੇ ਕੋਈ 17 ਜੂਨ ਤਰੀਕ ਦੱਸ ਰਿਹਾ ਹੈ ਪਰ ਜ਼ਿਲ੍ਹਾ ਖੇਡ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਐਵਾਰਡ ਦੇਣ ਸਬੰਧੀ ਕੋਈ ਨਿਸ਼ਚਿਤ ਤਰੀਕ ਦਾ ਨੋਟੀਫਿਕੇਸ਼ਨ ਨਹੀਂ ਆਇਆ ਹੈ। ਹਾਲਾਂਕਿ ਖਿਡਾਰੀ ਫੋਨ ਕਰ ਕੇ ਜ਼ਰੂਰ ਪੁੱਛ ਰਹੇ ਹਨ ਕਿ ਐਵਾਰਡ ਲਈ ਕਿਹੜੀ ਤਰੀਕ ਨਿਸ਼ਚਿਤ ਕੀਤੀ ਗਈ ਹੈ। ਚੋਣ ਜ਼ਾਬਤਾ ਖ਼ਤਮ ਹੋਣ ਦੇ ਬਾਵਜੂਦ ਸਰਕਾਰ ਨਿਸ਼ਚਿਤ ਤਰੀਕ ਐਲਾਨ ਨਹੀਂ ਕਰ ਰਹੀ ਹੈ। ਸੂਬੇ ਦੇ 92 ਖਿਡਾਰੀਆਂ ਨੂੰ ਐਵਾਰਡ ਦਿੱਤਾ ਜਾਣਾ ਹੈ। ਇਸ ਐਰਵਾਡ 'ਚ ਸਾਲ 2011 ਤਕ ਦੇ ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਜਲੰਧਰ ਦੇ ਖਿਡਾਰੀਆਂ ਨੂੰ ਵੀ ਸਨਮਾਨਿਤ ਕੀਤਾ ਜਾਣਾ ਹੈ। ਸਾਲ 2013 'ਚ ਅਕਾਲੀ-ਭਾਜਪਾ ਸਰਾਕਰ ਵੱਲੋਂ ਸੂਬੇ ਦੇ 67 ਖਿਡਾਰੀਆਂ ਨੂੰ ਐਵਾਰਡ ਨਾਲ ਨਿਵਾਜਿਆ ਗਿਆ ਸੀ।

ਜਲੰਧਰ ਦੇ ਖਿਡਾਰੀ ਹੋਣਗੇ ਐਵਾਰਡ ਨਾਲ ਸਨਮਾਨਿਤ

ਜਲੰਧਰ ਤੋਂ ਹਾਕੀ 'ਚ ਉਲੰਪੀਅਨ ਧਰਮਵੀਰ ਸਿੰਘ, ਓਲੰਪੀਅਨ ਬਲਬੀਰ ਸਿੰਘ, ਅਰਜੁਨ ਐਵਾਰਡੀ ਬਲਦੇਵ ਸਿੰਘ, ਓਲੰਪੀਅਨ ਮਨਪ੍ਰਰੀਤ ਸਿੰਘ, ਸ਼ੂਟਿੰਗ 'ਚ ਅਜੀਤੇਸ਼ ਕੌਸ਼ਲ, ਹਾਕੀ 'ਚ ਓਲੰਪੀਅਨ ਗੁਰਵਿੰਦਰ ਸਿੰਘ, ਅਥਲੈਟਿਕਸ 'ਚ ਦਵਿੰਦਰ ਸਿੰਘ, ਤਾਇਕਵਾਂਡੋ 'ਚ ਸ਼ਿਵ ਕੁਮਾਰ, ਜੂਡੋ 'ਚ ਸਾਹਿਲ ਪਠਾਨੀਆ, ਜੂਡੋ 'ਚ ਅਮਨ ਕੁਮਾਰ, ਜੂਡੋ 'ਚ ਰਾਜਵਿੰਦਰ ਕੌਰ, ਹਾਕੀ 'ਚ ਸਰਵਨਜੀਤ ਸਿੰਘ, ਕਬੱਡੀ 'ਚ ਰਣਦੀਪ ਕੌਰ ਵਾਲੀਬਾਲ 'ਚ ਗੁਰਿੰਦਰ ਸਿੰਘ ਦਾ ਨਾਂ ਸ਼ਾਮਲ ਹੈ।

ਦੋ ਲੱਖ ਨਕਦ ਤੇ ਮਹਾਰਾਜਾ ਰਣਜੀਤ ਸਿੰਘ ਮੂਰਤੀ ਮਿਲੇਗੀ

ਐਵਾਰਡ ਜੇਤੂ ਖਿਡਾਰੀਆਂ ਨੂੰ ਸਰਕਾਰ ਵੱਲੋਂ ਦੋ ਲੱਖ ਰੁਪਏ ਨਕਦ ਤੇ ਮਹਾਰਾਜਾ ਰਣਜੀਤ ਸਿੰਘ ਦੀ ਮੂਰਤੀ ਨਾਲ ਸਨਮਾਨਿਤ ਕੀਤਾ ਜਾਵੇਗਾ। ਹਾਲਾਂਕਿ ਹਰਿਆਣਾ ਹਰ ਸਾਲ ਆਪਣੇ ਖਿਡਾਰੀਆਂ ਨੂੰ ਪੰਜ ਲੱਖ ਰੁਪਏ ਨਕਦ ਤੇ ਖੇਡ ਭੀਮ ਐਵਾਰਡ ਨਾਲ ਸਨਮਾਨਿਤ ਕਰਦਾ ਹੈ।

ਸਿਪੀ217)-

ਖੇਡ ਵਿਭਾਗ ਦੇ ਡਿਪਟੀ ਡਾਇਰੈਕਟਰ ਕਰਤਾਰ ਸਿੰਘ ਨੇ ਕਿਹਾ ਕਿ ਵਿਭਾਗ ਵੱਲੋਂ ਐਵਾਰਡ ਸੈਰੇਮਨੀ ਦੀਆਂ ਤਿਆਰੀਆਂ ਪੂਰੀਆਂ ਹਨ। ਸਰਕਾਰ ਨੇ ਐਵਾਰਡ ਸਮਾਗਮ ਦੀ ਤਰੀਕ ਨਿਸ਼ਚਿਤ ਕਰਨੀ ਹੈ। ਤਰੀਕ ਨਿਸ਼ਚਿਤ ਹੋਣ ਦੇ ਨਾਲ ਹੀ ਖਿਡਾਰੀਆਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ।