ਅਵਤਾਰ ਰਾਣਾ, ਮੱਲ੍ਹੀਆਂ ਕਲਾਂ : ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਪਿੰਡਾਂ 'ਚ ਪੰਚਾਇਤਾਂ ਦੀ ਨਿਗਰਾਨੀ ਹੇਠ 550 ਬੂਟੇ ਲਾਏ ਗਏ ਸਨ। ਇਨ੍ਹਾਂ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਪੰਚਾਇਤਾਂ ਜਾਂ ਸਬੰਧਤ ਵਣ ਵਿਭਾਗ ਦੀ ਹੋਣੀ ਚਾਹੀਦੀ ਹੈ ਪਰ ਇਨ੍ਹਾਂ ਦੀ ਸਾਂਭ ਸੰਭਾਲ ਸਹੀ ਢੰਗ ਨਾਲ ਨਹੀਂ ਹੋ ਰਹੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਉੱਘੇ ਸਮਾਜ ਸੇਵਕ ਤਰਸੇਮ ਪੁਆਰ ਨੇ ਕਿਹਾ ਕਿ ਬੂਟਿਆਂ ਦੀ ਸਹੀ ਢੰਗ ਨਾਲ ਸਾਂਭ-ਸੰਭਾਲ ਨਾ ਹੋਣ ਕਾਰਨ ਸਰਕਾਰ ਦੇ ਇਸ ਟੀਚੇ ਨੂੰ ਖੋਰਾ ਲੱਗ ਰਿਹਾ ਹੈ। ਜਦੋਂ ਪਿੰਡ ਪੁਆਰਾ 'ਚ ਲਾਏ ਗਏ ਬੂਟਿਆਂ ਸਬੰਧੀ ਡੀਸੀ ਵਰਿੰਦਰ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੀ ਦੇਖ-ਭਾਲ ਲਈ ਸਰਕਾਰੀ ਹੁਕਮ ਜਾਰੀ ਕੀਤੇ ਗਏ ਸਨ। ਵਣ ਰੇਜ ਅਫਸਰ ਐੱਚਆਰ ਰੰਧਾਵਾ ਨੇ ਵੀ ਕੋਈ ਢੁੱਕਵਾਂ ਜਵਾਬ ਨਹੀਂ ਦਿੱਤਾ। ਇਨ੍ਹਾਂ ਤੋਂ ਇਲਾਵਾ ਦਿਹਾਤੀ ਖੇਤਰ ਦੇ ਇੰਚਾਰਜ ਗੁਰਬਾਜ ਨੂੰ ਵੀ ਲਿਖਤੀ ਸ਼ਿਕਾਇਤ ਕੀਤੀ ਗਈ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਤੇ ਨਾ ਹੀ ਕਿਸੇ ਨੇ ਆ ਕੇ ਬੂਟਿਆਂ ਦੀ ਸਾਰ ਲਈ ਹੈ। ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂ ਬੂਟਿਆਂ ਨੂੰ ਨੁਕਸਾਨ ਪਹੁੰਚਾ ਰਹੇ ਹਨ ਤੇ ਸਬੰਧਤ ਪੰਚਾਇਤ ਵੀ ਕੋਈ ਉਪਰਾਲਾ ਨਹੀਂ ਕਰ ਰਹੀ। ਉਹ ਆਪਣੇ ਪੱਧਰ 'ਤੇ ਬੂਟਿਆਂ ਦੀ ਦੇਖ ਭਾਲ ਕਰ ਰਹੇ ਹਾਂ।