ਰਣਜੀਤ ਸਿੰਘ ਸੋਢੀ, ਜਲੰਧਰ : ਸਿੱਖਿਆ ਵਿਭਾਗ ਦੇ ਦਾਅਵੇ ਸੂਬੇ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨਾ ਹੈ, ਜਿਸ ਲਈ ਸਮਾਰਟ ਸਕੂਲ ਬਣਾਏ ਗਏ ਹਨ। ਸੂਬੇ 'ਚ 30 ਹਜ਼ਾਰ ਤੋਂ ਵੱਧ ਸਕੂਲ ਸਮਰਾਟ ਸਕੂਲਾਂ ਦੀ ਸ਼੍੍ਰੇਣੀ 'ਚ ਸ਼ਾਮਲ ਕੀਤੇ ਗਏ ਹਨ ਤੇ ਹੁਣ ਸੂਬੇ 'ਚ 117 ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਬਣਾਇਆ ਜਾ ਰਿਹਾ ਹੈ। ਇਨ੍ਹਾਂ 'ਚ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇ ਨਾਲ-ਨਾਲ ਸਰਬਪੱਥੀ ਵਿਕਾਸ ਕਰਕੇ ਸਮੇਂ ਦੇ ਹਾਣੀ ਬਣਾਉਣ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਸ ਦੇ ਬਾਵਜੂਦ ਵੀ ਸ਼ਹਿਰ 'ਚ ਇਕ ਅਜਿਹਾ ਸਕੂਲ ਹੈ ਜੋ ਪਾਸ਼ ਇਲਾਕੇ ਨਿਊ ਜਵਾਹਰ ਨਗਰ ਦੇ ਪਾਰਕ 'ਚ ਚਲਾਇਆ ਜਾ ਰਿਹਾ ਹੈ ਤੇ ਦੂਸਰਾ ਅਜਿਹਾ ਸਕੂਲ ਹੈ ਜੋ ਬਸਤੀ ਸ਼ੇਖ ਅੱਡਾ ਚੌਕ 'ਚ ਧਾਰਮਿਕ ਸਥਾਨ 'ਚ ਚਲਾਇਆ ਜਾ ਰਿਹਾ ਹੈ। ਇਨ੍ਹਾਂ ਸਕੂਲਾਂ ਦੇ ਬੱਚੇ ਬੁਨਿਆਦੀ ਸਹੂਲਤਾਂ ਦੇ ਨਾਲ ਨਾਲ ਖੇਡ ਮੈਦਾਨਾਂ ਨੂੰ ਵੀ ਤਰਸ ਰਹੇ ਹਨ। ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਦੇ ਵਿਕਾਸ ਲਈ ਸਿੱਖਿਆ ਵਿਭਾਗ ਤੇ ਅਧਿਕਾਰੀ ਵੀ ਚੁੱਪੀ ਧਾਰੀ ਬੈਠੇ ਹਨ। ਇਨ੍ਹਾਂ ਸਕੂਲਾਂ ਲਈ ਸਹੂਲਤਾਂ ਤਾਂ ਕੀ ਇਮਾਰਤਾਂ ਵੀ ਢੁੱਕਵੀਂਆਂ ਨਹੀਂ ਹਨ, ਅਧਿਕਾਰੀ ਕਾਗਜ਼ੀ ਪੱਤਰੀਂ ਹੀ ਜਲਦ ਸਕੂਲਾਂ ਨੂੰ ਬਦਲਣ ਦੀ ਗੱਲ ਕਰਦੇ ਹਨ ਪਰ ਹਾਲਾਤ ਇਹ ਹਨ ਕਿ ਸਕੂਲ ਲੰਮੇ ਸਮੇਂ ਤੋਂ ਇਨ੍ਹਾਂ ਸਥਾਨਾਂ 'ਤੇ ਹੀ ਚੱਲ ਰਹੇ ਹਨ। ਇਨ੍ਹਾਂ ਸਕੂਲਾਂ ਨੂੰ ਬਦਲਣ ਦੀ ਯੋਜਨਾ, ਯੋਜਨਾ ਹੀ ਬਣ ਕੇ ਹੀ ਰਹਿ ਗਈ ਹੈ।

-----------

ਬਸਤੀ ਸ਼ੇਖ ਚੌਕ ਦੇ ਧਾਰਮਿਕ ਸਥਾਨ 'ਚ ਚੱਲ ਰਿਹੈ ਸਕੂਲ

ਬਸਤੀ ਸ਼ੇਖ ਚੌਕ ਦੇ ਧਾਰਮਿਕ ਸਥਾਨ 'ਚ ਕਰੀਬ 50 ਸਾਲਾਂ ਤੋਂ ਸਕੂਲ ਚੱਲ ਰਿਹਾ ਹੈ। ਇਹ ਸਕੂਲ ਸਾਲ 2020-21 ਤੱਕ ਅੱਠਵੀਂ ਜਮਾਤ ਤਕ ਸੀ ਜੋ ਕਿ ਜੋ ਬਾਅਦ 'ਚ ਬਸਤੀ ਸ਼ੇਖ ਦੇ ਚਿੱਟਾ ਸਕੂਲ 'ਚ ਮਰਜ਼ ਕਰ ਦਿੱਤਾ ਗਿਆ ਹੈ ਤੇ ਹੁਣ ਪੰਜਵੀਂ ਜਮਾਤ ਤਕ ਸਕੂਲ ਹੈ, ਜਿਸ 'ਚ ਤਕਰੀਬਨ 105 ਦੇ ਕਰੀਬ ਵਿਦਿਆਰਥੀ ਸਿੱਖਿਆ ਪ੍ਰਰਾਪਤ ਕਰ ਰਹੇ ਹਨ। ਇਨ੍ਹਾਂ ਵਿਦਿਆਰਥੀਆਂ ਕੋਲ ਕੋਈ ਖੇਡ ਮੈਦਾਨ ਨਹੀਂ ਹੈ। ਇਕ ਹਾਲ 'ਚ ਹੀ ਤਿੰਨ ਤਿੰਨ ਜਮਾਤਾਂ ਲੱਗਦੀਆਂ ਹਨ। ਹਾਲਾਤ ਇਹ ਹਨ ਕਿ ਸੂਬੇ ਦੇ ਕਈ ਸਕੂਲਾਂ ਨੂੰ ਕਲੀ ਕੂਚੀ ਫੇਰ ਕੇ ਹੀ ਸਮਾਰਟ ਸਕੂਲ ਬਣਾਇਆ ਗਿਆ ਹੈ, ਪਰ ਜ਼ਮੀਨੀ ਹਾਲਾਤ ਕੁਝ ਹੋਰ ਹੈ।

--------

ਪਾਰਕ 'ਚ ਲੱਗਦੀਆਂ ਹਨ ਕਲਾਸਾਂ

ਨਿਊ ਜਵਾਹਰ ਨਗਰ ਤੋਂ ਰੇਡੀਓ ਕਾਲੋਨੀ ਦੇ ਪਾਰਕ 'ਚ ਸਰਕਾਰੀ ਪ੍ਰਰਾਇਮਰੀ ਸਕੂਲ ਚੱਲ ਰਿਹਾ ਹੈ। ਇਸ ਸਕੂਲ 'ਚ ਤਕਰੀਬਨ 100 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ। ਜਿਸ ਇਮਾਰਤ 'ਚ ਇਹ ਸਕੂਲ ਚੱਲ ਰਿਹਾ ਹੈ, ਉਥੇ ਕਿਸੇ ਸਮੇਂ ਕਮਿਊਨਟੀ ਹਾਲ ਸੀ। ਵਿਦਿਆਰਥੀਆਂ ਦੀ ਗਿਣਤੀ ਜ਼ਿਆਦਾ ਹੋਣ ਕਰ ਕੇ ਇਕ ਹਾਲ 'ਚ ਹੀ ਕਲਾਸਾਂ ਲਾਈਆਂ ਜਾਂਦੀਆਂ ਹਨ। ਆਮ ਦਿਨਾਂ 'ਚ ਵਿਦਿਆਰਥੀਆਂ ਨੂੰ ਪਾਰਕ 'ਚ ਬਣੇ ਸ਼ੈੱਡ 'ਚ ਪੜ੍ਹਾਇਆ ਜਾਂਦਾ ਹੈ, ਜਿੱਥੇ ਬੈਂਚ, ਪੱਖੇ ਆਦਿ ਵੀ ਲੱਗੇ ਹਨ।

ਜ਼ਿਕਰਯੋਗ ਹੈ ਕਿ ਇਹ ਸਕੂਲ ਫਰਜ਼ੀ ਦਾਖ਼ਲੇ ਦਿਖਾਉਣ ਕਾਰਨ ਵੀ ਚਰਚਾ 'ਚ ਰਿਹਾ ਹੈ। ਜਾਂਚ ਕਮੇਟੀ ਬਣਾਉਣ ਉਪਰੰਤ ਹੀ ਸੱਚ ਸਾਹਮਣੇ ਆਇਆ।