ਜਲੰਧਰ, ਜਗਦੀਸ਼ ਕੁਮਾਰ : ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਰਾਜ ਦੇ ਸਰਕਾਰੀ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਨੂੰ ਪੀਜੀਆਈ ਅਤੇ ਸਰਕਾਰੀ ਮੈਡੀਕਲ ਕਾਲਜ ਸੈਕਟਰ-32 ਚੰਡੀਗੜ੍ਹ ਵਿੱਚ ਸਿੱਧੇ ਰੈਫਰ ਕਰਨ 'ਤੇ ਪਾਬੰਦੀ ਲਗਾ ਦਿੱਤੀ ਹੈ। ਮਰੀਜ਼ਾਂ ਦੀ ਸਹੂਲਤ ਲਈ ਰਾਜ ਦੇ ਜ਼ਿਲ੍ਹਿਆਂ ਨੂੰ ਚਾਰ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਸ ਅਨੁਸਾਰ ਲੋੜ ਪੈਣ ’ਤੇ ਮਰੀਜ਼ਾਂ ਨੂੰ ਪੰਜਾਬ ਦੇ ਚਾਰ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਰੈਫਰ ਕੀਤਾ ਜਾਵੇਗਾ।

ਮੈਡੀਕਲ ਕਾਲਜ ਲੋੜ ਅਨੁਸਾਰ ਮਰੀਜ਼ਾਂ ਨੂੰ ਪੀਜੀਆਈ ਜਾਂ ਸਰਕਾਰੀ ਮੈਡੀਕਲ ਕਾਲਜ ਸੈਕਟਰ 32 ਚੰਡੀਗੜ੍ਹ ਰੈਫ਼ਰ ਕਰਨਗੇ। ਦਰਅਸਲ, ਕੋਰੋਨਾ ਦੇ ਸ਼ਾਂਤ ਹੋਣ ਤੋਂ ਬਾਅਦ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧਣ ਲੱਗੀ ਹੈ ਅਤੇ ਹਸਪਤਾਲਾਂ ਵਿੱਚ ਡਾਕਟਰਾਂ ਦੀ ਘਾਟ ਹੈ। ਇਸ ਕਾਰਨ ਡਿਊਟੀ ’ਤੇ ਮੌਜੂਦ ਡਾਕਟਰਾਂ ਨੇ ਮਰੀਜ਼ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਤੁਰੰਤ ਚੰਡੀਗੜ੍ਹ ਪੀਜੀਆਈ ਜਾਂ ਸੈਕਟਰ-32 ਸਥਿਤ ਮੈਡੀਕਲ ਕਾਲਜ ਰੈਫਰ ਕਰਨਾ ਸ਼ੁਰੂ ਕਰ ਦਿੱਤਾ ਹੈ।

ਇਨ੍ਹਾਂ ਵਿੱਚੋਂ ਬਹੁਤੇ ਮਰੀਜ਼ ਉੱਥੇ ਦਾਖ਼ਲ ਨਹੀਂ ਹੋ ਪਾਉਂਦੇ ਅਤੇ ਵਾਪਸ ਆਉਣਾ ਪੈਂਦਾ ਹੈ। ਇਸ ਕਾਰਨ ਨਾ ਸਿਰਫ਼ ਮਰੀਜ਼ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਉਸ ਨੂੰ ਚੰਡੀਗੜ੍ਹ ਲੈ ਕੇ ਜਾਣ ਵਾਲੀ ਐਂਬੂਲੈਂਸ 108 ਵੀ ਕਈ-ਕਈ ਘੰਟੇ ਰੁੱਝੀ ਰਹਿੰਦੀ ਹੈ। ਇਸ ਕਾਰਨ ਹੋਰ ਵੀ ਕਈ ਮਰੀਜ਼ ਸਮੇਂ ਸਿਰ ਐਂਬੂਲੈਂਸ ਸੇਵਾ ਲੈਣ ਤੋਂ ਵਾਂਝੇ ਰਹਿ ਜਾਂਦੇ ਹਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਨੇ ਇਹ ਕਦਮ ਸਰਕਾਰੀ ਹਸਪਤਾਲਾਂ ਵਿੱਚ ਡਾਕਟਰਾਂ ਦੇ ਕੰਮਕਾਜ ਨੂੰ ਸੁਧਾਰਨ ਲਈ ਚੁੱਕਿਆ ਹੈ।

ਸਿਹਤ ਵਿਭਾਗ ਦੇ ਸੂਤਰਾਂ ਅਨੁਸਾਰ ਪਿਛਲੇ ਕੁਝ ਮਹੀਨਿਆਂ ਤੋਂ ਸਰਕਾਰੀ ਹਸਪਤਾਲਾਂ ਤੋਂ ਪੀਜੀਆਈ ਅਤੇ ਸਰਕਾਰੀ ਮੈਡੀਕਲ ਕਾਲਜ, ਸੈਕਟਰ-32, ਚੰਡੀਗੜ੍ਹ ਵਿੱਚ ਗੈਰ-ਜ਼ਰੂਰੀ ਤੌਰ 'ਤੇ ਮਰੀਜ਼ਾਂ ਨੂੰ ਰੈਫਰ ਕਰਨ ਦੇ ਮਾਮਲਿਆਂ ਦੀ ਗਿਣਤੀ ਵਧਣ ਲੱਗੀ ਹੈ। ਇਸ ਦੇ ਨਾਲ ਹੀ ਐਮਰਜੈਂਸੀ ਸੇਵਾਵਾਂ ਪ੍ਰਦਾਨ ਕਰਨ ਵਾਲੀ ਐਂਬੂਲੈਂਸ 108 ਵੀ ਰੁੱਝੀ ਰਹਿਣ ਲੱਗੀ। ਸੂਬੇ ਦੇ ਸਰਕਾਰੀ ਹਸਪਤਾਲਾਂ ਤੋਂ ਰੋਜ਼ਾਨਾ 25-30 ਮਰੀਜ਼ਾਂ ਨੂੰ ਪੀਜੀਆਈ ਅਤੇ ਸੈਕਟਰ-32 ਰੈਫ਼ਰ ਕੀਤਾ ਜਾ ਰਿਹਾ ਹੈ। ਕਈ ਜ਼ਿਲ੍ਹਿਆਂ ਵਿੱਚ 70-80 ਫੀਸਦੀ ਐਂਬੂਲੈਂਸਾਂ ਚੰਡੀਗੜ੍ਹ ਦੇ ਰੂਟ ’ਤੇ ਕਈ ਦਿਨ ਖੜ੍ਹੀਆਂ ਰਹੀਆਂ।

ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ: ਰਮਨ ਸ਼ਰਮਾ ਨੇ ਦੱਸਿਆ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਭਾਗ ਦੀ ਐਮਡੀ ਨੀਲਮਾ ਨੇ ਇਹ ਹੁਕਮ ਜਾਰੀ ਕੀਤੇ ਹਨ। ਹੁਣ ਮਰੀਜ਼ਾਂ ਨੂੰ ਰਾਜ ਦੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਰੈਫਰ ਕੀਤਾ ਜਾਵੇਗਾ। ਜੇਕਰ ਉੱਥੇ ਦੇ ਡਾਕਟਰਾਂ ਨੂੰ ਲੱਗਦਾ ਹੈ ਕਿ ਮਰੀਜ਼ ਨੂੰ ਪੀਜੀਆਈ ਜਾਂ ਸੈਕਟਰ-32 ਰੈਫਰ ਕਰਨਾ ਜ਼ਰੂਰੀ ਹੈ ਤਾਂ ਹੀ ਮਰੀਜ਼ ਨੂੰ ਉੱਥੇ ਭੇਜਿਆ ਜਾਵੇਗਾ। ਇਸ ਨਾਲ ਨਾ ਸਿਰਫ਼ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲੇਗਾ ਸਗੋਂ 108 ਐਂਬੂਲੈਂਸ ਦਾ ਸਮਾਂ ਵੀ ਬਚੇਗਾ।

ਇੰਝ ਵੰਡੇ ਜ਼ਿਲ੍ਹੇ

ਸਰਕਾਰੀ ਮੈਡੀਕਲ ਕਾਲਜ, ਅੰਮ੍ਰਿਤਸਰ: ਅੰਮ੍ਰਿਤਸਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਕਪੂਰਥਲਾ, ਤਰਨਤਾਰਨ ਅਤੇ ਪਠਾਨਕੋਟ।

ਸਰਕਾਰੀ ਮੈਡੀਕਲ ਕਾਲਜ, ਫਰੀਦਕੋਟ: ਬਠਿੰਡਾ, ਫਰੀਦਕੋਟ, ਫਿਰੋਜ਼ਪੁਰ, ਫਾਜ਼ਿਲਕਾ, ਮੋਗਾ ਅਤੇ ਮੁਕਤਸਰ।

ਸਰਕਾਰੀ ਮੈਡੀਕਲ ਕਾਲਜ, ਪਟਿਆਲਾ: ਬਰਨਾਲਾ, ਮਾਨਸਾ, ਪਟਿਆਲਾ ਅਤੇ ਸੰਗਰੂਰ।

ਸਰਕਾਰੀ ਮੈਡੀਕਲ ਕਾਲਜ, ਮੋਹਾਲੀ: ਫਤਿਹਗੜ੍ਹ ਸਾਹਿਬ, ਲੁਧਿਆਣਾ, ਰੋਪੜ, ਨਵਾਂਸ਼ਹਿਰ ਮੋਹਾਲੀ।

Posted By: Tejinder Thind