ਜੇਐੱਨਐੱਨ, ਜਲੰਧਰ : ਦੁਆਬਾ ਖੇਤਰ ਨਾਲ ਜੁੜੇ ਵੱਖ-ਵੱਖ ਉਦਯੋਗਪਤੀ ਆਪਣਾ ਮਾਲ ਆਦਮਪੁਰ ਸਿਵਲ ਏਅਰਪੋਰਟ ਤੋਂ ਹਵਾਈ ਜਹਾਜ਼ ਜ਼ਰੀਏ ਭਿਜਵਾਉਣ ’ਚ ਸਮਰੱਥ ਹੋ ਗਏ ਹਨ। ਕਮਰਸ਼ੀਅਲ ਫਲਾਈਟਸ ਦਾ ਸੰਚਾਲਨ ਸ਼ੁਰੂ ਹੋਣ ਦੇ ਤਿੰਨ ਸਾਲ ਤੋਂ ਪਹਿਲਾਂ ਹੀ ਏਅਰਪੋਰਟ ਆਦਮਪੁਰ ਤੋਂ ਕਾਰਗੋ ਲੋਡ ਦੀ ਵੀ ਲਿਫਟਿੰਗ ਸ਼ੁਰੂ ਹੋ ਗਈ ਹੈ।

ਆਦਮਪੁਰ ਸਿਵਲ ਏਅਰਪਰੋਟ ਤੋਂ 1 ਮਈ 2018 ਨੂੰ ਕਮਰਸ਼ੀਅਲ ਫਲਾਈਟ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਸੀ। ਆਦਮਪੁਰ ਤੋਂ ਦਿੱਲੀ ਤੋਂ ਇਲਾਵਾ ਮੁੰਬਈ ਤੇ ਜੈਪੁਰ ਲਈ ਫਲਾਈਟਸ ਸ਼ੈਡਿਊਲ ’ਚ ਸ਼ਾਮਲ ਹਨ। ਮੌਜੂਦਾ ਸਮੇਂ ’ਚ ਦਿੱਲੀ ਦੀਆਂ ਫਲਾਈਟਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ, ਜਦੋਂਕਿ ਮੁੰਬਈ ਤੇ ਜੈਪੁਰ ਦੀਆਂ ਫਲਾਈਟਾਂ 30 ਅਪ੍ਰੈਲ ਤਕ ਰੱਦ ਰੱਖੀਆਂ ਗਈਆਂ ਹਨ।

ਨਿੱਜੀ ਏਅਰਲਾਈਨ ਸਪਾਈਸ ਜੈੱਟ ਵੱਲੋਂ ਦਿੱਲੀ-ਆਦਮਪੁਰ ਸੈਕਟਰ ’ਚ ਟਰਬੋਪ੍ਰਾਪ ਬੰਬਾਰਡੀਅਰ ਜਹਾਜ਼ ਦਾ ਸੰਚਾਲਨ ਕੀਤਾ ਜਾ ਰਿਹਾ ਹੈ। ਏਅਰਲਾਈਨ ਵੱਲੋਂ ਜਲੰਧਰ ਦੇ ਉਦਯੋਗਿਕ ਖੇਤਰਾਂ ’ਚ ਕਾਰਗੋ ਬੁਕਿੰਗ ਆਫਿਸ ਵੀ ਸਥਾਪਤ ਕੀਤਾ ਗਿਆ ਹੈ। ਆਦਮਪੁਰ ਏਅਰਪੋਰਟ ਦਾ ਨਵਾਂ ਟਰਮੀਨਲ ਤਿਆਰ ਕੀਤਾ ਜਾ ਰਿਹਾ ਹੈ, ਜਿਸ ਦੇ ਵਰਕਿੰਗ ’ਚ ਆਉਣ ਤੋਂ ਬਾਅਦ ਏਅਰਬਸ ਤੇ ਬੋਇੰਗ ਕਿਸਮ ਦੇ ਜਹਾਜ਼ਾਂ ਦਾ ਸੰਚਾਲਨ ਸ਼ੁਰੂ ਵੀ ਹੋ ਜਾਵੇਗਾ ਤੇ ਇਸ ਨਾਲ ਕਾਰਗੋ ਲਿਫਟਿੰਗ ’ਚ ਵੀ ਇਜ਼ਾਫਾ ਹੋਵੇਗਾ।

Posted By: Sunil Thapa