ਮਨਜੀਤ ਮੱਕੜ, ਗੁਰਾਇਆ : ਜਦੋਂ ਤੋਂ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦਾ ਕਤਲ ਹੋਇਆ ਹੈ। ਉਸ ਉਪਰੰਤ ਹੀ ਗੈਂਗਸਟਰ ਗੋਲਡੀ ਬਰਾੜ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਗਈ ਸੀ। ਉਸ ਤੋਂ ਬਾਅਦ ਹੀ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ ਲਗਾਤਾਰ ਪੰਜਾਬ ਵਿਚ ਦੁਕਾਨਦਾਰਾ, ਬਿਜ਼ਨਸਮੈਨਾਂ ਅਤੇ ਕਾਰੋਬਾਰੀਆਂ ਨੂੰ ਧਮਕੀ ਭਰੇ ਫਿਰੌਤੀ ਮੰਗਣ ਦੇ ਫ਼ੋਨ ਆ ਰਹੇ ਹਨ। ਇਸੇ ਤਰ੍ਹਾਂ ਗੈਂਗਸਟਰ ਦੇ ਨਾਂ 'ਤੇ ਹੁਣ ਗੁਰਾਇਆ ਦੇ ਇਕ ਹੋਟਲ ਕਾਰੋਬਾਰੀ ਨੂੰ ਵੀ ਲਗਾਤਾਰ ਧਮਕੀ ਭਰੇ ਫੋਨ ਆ ਰਹੇ ਹਨ ਅਤੇ ਵੌਇਸ ਮੈਸੇਜ ਵੀ ਕੀਤੇ ਜਾ ਰਹੇ ਹਨ । ਜਿਸ ਦੀ ਪੁਸ਼ਟੀ ਥਾਣਾ ਮੁਖੀ ਗੁਰਾਇਆ ਵੱਲੋਂ ਵੀ ਕੀਤੀ ਗਈ ਹੈ। ਉਕਤ ਘਟਨਾ ਨੂੰ ਤਕਰੀਬਨ ਇਕ ਹਫਤਾ ਹੋ ਗਿਆ ਹੈ। ਪਰ ਪੁਲਿਸ ਵੱਲੋਂ ਇਸ ਸੰਬੰਧੀ ਅਜੇ ਤਕ ਕੋਈ ਵੀ ਮਾਮਲਾ ਦਰਜ ਨਹੀਂ ਕੀਤਾ ਗਿਆ । ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਗੁਰਾਇਆ ਪੁਲੀਸ ਇਸ ਮਾਮਲੇ ਨੂੰ ਕਿੰਨਾ ਕੁ ਗੰਭੀਰਤਾ ਨਾਲ ਲੈ ਰਹੀ ਹੋਵੇਗੀ ।

ਇਸ ਸਬੰਧੀ ਹੋਟਲ ਦੇ ਮੈਨੇਜਰ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ 24 ਜੂਨ ਨੂੰ ਹੋਟਲ ਦੇ ਨੰਬਰ ਤੇ ਕੈਨੇਡਾ ਅਤੇ ਡੁਬਈ ਦੇ ਨੰਬਰਾਂ ਤੋਂ ਫੋਨ ਆ ਰਹੇ ਸਨ। ਜੋ ਸ਼ਖ਼ਸ ਗੱਲ ਕਰ ਰਿਹਾ ਸੀ ਉਹ ਆਪਣੇ ਆਪ ਨੂੰ ਗੋਲਡੀ ਬਰਾਡ਼ ਦੱਸ ਕੇ ਸਾਡੇ ਕੋਲ ਪੰਜ ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਅਸੀਂ ਉਨ੍ਹਾਂ ਨੰਬਰਾਂ ਤੋਂ ਫੋਨ ਚੁੱਕਣੇ ਬੰਦ ਕਰ ਦਿੱਤੇ ਤਾਂ ਉਕਤ ਵਿਅਕਤੀ ਵੱਲੋਂ ਵੁਆਇਸ ਮੈਸੇਜ ਭੇਜ ਕੇ ਧਮਕੀਆਂ ਅਤੇ ਫਿਰੌਤੀ ਦੀ ਮੰਗ ਕੀਤੀ ਜਾਣ ਲੱਗੀ । ਜਿਸ ਦੀ ਸ਼ਿਕਾਇਤ ਉਨ੍ਹਾਂ ਵੱਲੋਂ ਗੁਰਾਇਆ ਪੁਲਸ ਨੂੰ ਲਿਖਤੀ ਤੌਰ ਤੇ ਦੇ ਦਿੱਤੀ ਗਈ ਸੀ ਅਤੇ ਪੁਲਸ ਵੱਲੋਂ ਇਸ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਸੀ। ਹੋਟਲ ਪ੍ਰਬੰਧਕਾਂ ਨੇ ਕਿਹਾ ਕਿ ਉਨ੍ਹਾਂ ਵੱਲੋਂ ਪ੍ਰਸ਼ਾਸਨ ਤੋਂ ਗੁਹਾਰ ਵੀ ਲਗਾਈ ਜਾ ਰਹੀ ਹੈ ਕਿ ਹੋਟਲ ਨੈਸ਼ਨਲ ਹਾਈਵੇ ਤੇ ਹੋਣ ਕਾਰਨ ਇੱਥੇ ਦੇਰ ਰਾਤ ਤਕ ਆਵਾਜਾਈ ਚਲਦੀ ਰਹਿੰਦੀ ਹੈ ਅਤੇ ਹੋਟਲ ਦੇ ਬਾਹਰ ਕੁਝ ਗੱਡੀਆਂ 'ਚ ਨੌਜਵਾਨਾਂ ਵੱਲੋਂ ਦੇਰ ਰਾਤ ਤਕ ਹੁੱਲੜਬਾਜ਼ੀ ਵੀ ਕੀਤੀ ਜਾਂਦੀ ਹੈ । ਉਨ੍ਹਾਂ ਕਿਹਾ ਕਿ ਪੁਲਿਸ ਨੂੰ ਇੱਥੇ ਗਸ਼ਤ ਵੀ ਵਧਾਉਣੀ ਚਾਹੀਦੇ ਹੈ । ਇਸ ਸੰਬੰਧੀ ਜਦੋਂ ਥਾਣਾ ਮੁਖੀ ਗੁਰਾਇਆ ਹਰਿੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਾਈਬਰ ਕ੍ਰਾਈਮ ਨੂੰ ਸ਼ਿਕਾਇਤ ਭੇਜੀ ਗਈ ਹੈ। ਪੁਲਿਸ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ । ਉਕਤ ਘਟਨਾ ਨੂੰ ਇਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਪੁਲਸ ਵੱਲੋਂ ਕੋਈ ਵੀ ਮਾਮਲਾ ਦਰਜ ਨਾ ਕੀਤੇ ਜਾਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਟਲ ਦੇ ਸਟਾਫ ਨੂੰ ਦੋ ਵਾਰ ਬੁਲਾਇਆ ਜਾ ਚੁੱਕਿਆ ਹੈ ਪਰ ਉਹ ਥਾਣੇ ਨਹੀਂ ਆ ਰਹੇ ਪ੍ਰੰਤੂ ਉਹ ਆਪਣੇ ਤੌਰ 'ਤੇ ਫਿਰ ਵੀ ਕਾਰਵਾਈ ਕਰ ਰਹੇ ਹਨ।

Posted By: Jagjit Singh