ਮਹਿੰਦਰ ਰਾਮ ਫੁਗਲਾਣਾ, ਜਲੰਧਰ : ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਵੱਲੋਂ ਮਜ਼ਦੂਰ ਆਗੂਆਂ ਜਸਵੰਤ ਸਿੰਘ ਬੁੱਟਰ, ਸੁਖਦੇਵ ਸਿੰਘ ਗੋਹਲਵੜ, ਰਾਮ ਸਿੰਘ ਪਟਿਆਲਾ, ਹੁਕਮ ਰਾਜ ਦੇਹੜਕਾ ਤੇ ਪੂਰਨ ਸਿੰਘ ਭਾਣਾ ਦੀ ਸਾਂਝੀ ਪ੍ਰਧਾਨਗੀ 'ਚ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੂਬਾਈ ਜਥੇਬੰਦਕ ਕਨਵੈਨਸ਼ਨ ਕਰ ਕੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲਾਗੂ ਕਰਵਾਉਣ ਤੇ ਦਰਪੇਸ਼ ਮੁਸ਼ਕਲਾਂ ਨੂੰ ਦੂਰ ਕਰਨ ਲਈ ਵਿਚਾਰ ਚਰਚਾ ਕਰਨ ਉਪਰੰਤ ਯੂਨੀਅਨ ਦੀ ਨਵੀਂ ਸੂਬਾਈ ਟੀਮ ਬਣਾਈ ਗਈ।

ਕਨਵੈਨਸ਼ਨ 'ਚ ਸ਼ਾਮਲ ਸੂਬੇ ਦੇ ਵੱਖ-ਵੱਖ ਜ਼ਿਲਿ੍ਹਆਂ ਤੋਂ ਪੁੱਜੇ ਭੱਠਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਸੀਟੀਯੂ ਪੰਜਾਬ ਦੇ ਪ੍ਰਧਾਨ ਕਾਮਰੇਡ ਇੰਦਰਜੀਤ ਸਿੰਘ ਗਰੇਵਾਲ ਤੇ ਮੀਤ ਪ੍ਰਧਾਨ ਕਾਮਰੇਡ ਵਿਜੇ ਮਿਸ਼ਰਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਦੂਜੀ ਵਾਰ ਸੱਤਾ ਆਉਂਦਿਆਂ ਹੀ ਪਹਿਲਾਂ ਹਮਲਾ ਮਜ਼ਦੂਰ ਜਮਾਤ 'ਤੇ ਕਰ ਕੇ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਦੇ ਕਾਨੂੰਨਾਂ 'ਚ ਸੋਧ ਕਰ ਕੇ, ਸਾਰੇ ਕਾਨੂੰਨ ਕਾਰਪੋਰੇਟ ਘਰਾਣਿਆਂ ਪੱਖੀ ਬਣਾਉਣ ਦਾ ਅਮਲ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਸਰਕਾਰ ਦੇ ਇਸ ਲੋਕ ਵਿਰੋਧੀ ਕਦਮ ਨੂੰ ਰੋਕਣ ਲਈ ਮਜ਼ਦੂਰ ਜਮਾਤ ਦੇ ਏਕੇ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਨੇ ਵੀ ਪਿਛਲੇ ਤਿੰਨ ਸਾਲਾਂ ਤੋਂ ਮਿਨੀਮਮ ਵੇਜ ਜਾਰੀ ਨਹੀਂ ਕੀਤੀ ਜਿਸ ਕਾਰਨ ਮਜ਼ਦੂਰਾਂ ਦਾ ਆਰਥਿਕ ਨੁਕਸਾਨ ਹੋ ਰਿਹਾ ਹੈ। ਸੀਟੀਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਢੱਡਵਾਲ ਨੇ ਭੱਠਾ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਰਾਪਤੀ ਲਈ ਕੀਤੇ ਜਾਣ ਵਾਲੇ ਸੰਘਰਸ਼ 'ਚ ਹਰ ਤਰ੍ਹਾਂ ਦੇ ਸਹਿਯੋਗ ਦੇਣ ਦਾ ਐਲਾਨ ਕੀਤਾ ਤੇ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਨੇ ਕਿਸਾਨਾਂ, ਛੋਟੇ ਕਾਰੋਬਾਰੀਆਂ ਤੇ ਹੋਰ ਮਿਹਨਤੀ ਲੋਕਾਂ ਦਾ ਜੀਣਾ ਮੁਹਾਲ ਕਰ ਦਿੱਤਾ ਹੈ।

ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਭੱਠਿਆਂ 'ਤੇ ਕੰਮ ਕਰਦੇ ਵੱਖ-ਵੱਖ ਕੈਟਾਗਰੀਆਂ ਪਥੇਰ, ਭਰਾਈ , ਜਲਾਈ, ਨਿਕਾਸੀ ਤੇ ਤਨਖਾਹਦਾਰ ਕਾਮੇ ਮਿਨੀਮਮ ਵੇਜ ਤੋਂ ਵੀ ਘੱਟ ਉਜ਼ਰਤ 'ਤੇ ਕੰਮ ਕਰਨ ਲਈ ਮਜਬੂਰ ਹਨ। ਸੂਬਾ ਸਰਕਾਰ, ਲੇਬਰ ਵਿਭਾਗ ਤੇ ਡਾਇਰੈਕਟਰ ਫੈਕਟਰੀਜ਼ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਵੀ ਮੁਸ਼ਕਲਾਂ ਨੂੰ ਦੂਰ ਨਹੀਂ ਕੀਤਾ ਜਾ ਰਿਹਾ ਹੈ। ਲਾਲ ਝੰਡਾ ਪੰਜਾਬ ਭੱਠਾ ਲੇਬਰ ਯੂਨੀਅਨ ਦੇ ਸੂਬਾਈ ਆਗੂਆਂ ਕਾਮਰੇਡ ਸੁਖਦੇਵ ਸਿੰਘ ਗੋਹਲਵੜ, ਜਸਵੰਤ ਸਿੰਘ ਬੁੱਟਰ, ਪੂਰਨ ਸਿੰਘ ਭਾਣਾ, ਹਰੀ ਸਿੰਘ ਢੀਂਡਸਾ, ਮਨਹਰਨ, ਕਰਮ ਸਿੰਘ ਵਰਸਾਲਚੱਕ, ਹਰੀ ਮੁਨੀ ਸਿੰਘ ਨੇ ਵੀ ਇਜਲਾਸ ਨੂੰ ਸੰਬੋਧਨ ਕੀਤਾ।

ਅਖੀਰ 'ਚ ਯੂਨੀਅਨ ਦੀ ਸੂਬਾਈ ਲੀਡਰਸ਼ਿਪ ਦੀ ਚੋਣ ਕੀਤੀ ਗਈ ਜਿਸ ਪ੍ਰਧਾਨ ਸਾਥੀ ਸੁਖਦੇਵ ਸਿੰਘ ਗੋਹਲਵੜ, ਸੀਨੀਅਰ ਮੀਤ ਪ੍ਰਧਾਨ ਕਾਮਰੇਡ ਹਰੀ ਸਿੰਘ ਢੀਂਡਸਾ, ਮੀਤ ਪ੍ਰਧਾਨ ਜਸਵੰਤ ਸਿੰਘ ਬੁੱਟਰ, ਪੂਰਨ ਸਿੰਘ ਭਾਣਾ, ਮਨਹਰਨ, ਜਨਰਲ ਸਕੱਤਰ ਕਾਮਰੇਡ ਸ਼ਿਵ ਕੁਮਾਰ ਪਠਾਨਕੋਟ, ਮੀਤ ਸਕੱਤਰ ਸਰਵਣ ਸਿੰਘ ਘਰਿਆਲਾ, ਕਰਮ ਸਿੰਘ ਵਰਸਾਲਚੱਕ, ਮੁਖਤਿਆਰ ਸਿੰਘ ਲਧੇੜੀ ਜੱਟਾਂ ਕਰਮਜੀਤ ਸਿੰਘ ਫਰੀਦਕੋਟ, ਵਿੱਤ ਸਕੱਤਰ ਹੁਕਮ ਰਾਜ ਦੇਹੜਕਾ, ਵਰਕਿੰਗ ਕਮੇਟੀ ਮੈਂਬਰ ਰਾਮ ਚੰਦਰ, ਨਛੱਤਰ ਸਿੰਘ ਚੀਮਾ, ਬਾਗਰਾਜ, ਗੁਰਮੀਤ ਸਿੰਘ ਸਮੇਤ 25 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ।