ਅਨਮੋਲ ਤਾਂਗਰਾ, ਜਲੰਧਰ : ਕੋਰੋਨਾ ਵਾਇਰਸ ਦੇ ਲਗਾਤਾਰ ਵੱਧਦੇ ਪ੍ਰਭਾਵ ਤੇ ਵਿਦਿਆਰਥੀਆਂ ਦੀ ਮੰਗ ਮੁਤਾਬਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਪ੍ਰੀਖਿਆਵਾਂ ਆਨਲਾਈਨ ਮੋਡ ਰਾਹੀਂ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਯੂਨੀਵਰਸਿਟੀ ਨੇ ਆਪਣੇ ਨਾਲ ਸਬੰਧਤ ਕਾਲਜਾਂ, ਕਾਂਸਟੀਚਿਊਐਂਟ ਕਾਲਜਾਂ ਤੇ ਐਸੋਸੀਏਟ ਸੰਸਥਾਵਾਂ ਨੂੰ ਲਿਖਤੀ ਸੂਚਨਾ ਦਿੱਤੀ ਹੈ। ਯੂਨੀਵਰਸਿਟੀ ਦੇ ਉਪ ਰਜਿਸਟਰਾਰ (ਕਾਰਜ ਸੰਚਾਲਨ) ਐੱਚਐੱਸ ਭਿੰਡਰ ਵੱਲੋਂ ਜਾਰੀ ਪੱਤਰ ਮੁਤਾਬਕ ਸਮੂਹ ਗ੍ਰੈਜੂਏਟ, ਪੋਸਟ ਗ੍ਰੈਜੂਏਟ ਕੋਰਸਾਂ ਤੇ ਡਿਪਲੋਮਿਆਂ ਦੀਆਂ ਪ੍ਰਯੋਗੀ ਪ੍ਰੀਖਿਆਵਾਂ 20 ਤੋਂ 25 ਜਨਵਰੀ ਤਕ ਕਰਵਾਉਣ ਦੀ ਹਦਾਇਤ ਕੀਤੀ ਹੈ। ਇਹ ਪ੍ਰੀਖਿਆਵਾਂ ਕਾਲਜ ਪੱਧਰ ’ਤੇ ਆਨਲਾਈਨ ਮੋਡ ਰਾਹੀਂ ਕਰਵਾਈਆਂ ਜਾਣਗੀਆਂ। ਪ੍ਰਯੋਗੀ ਪ੍ਰੀਖਿਆਵਾਂ ਲਈ ਕਾਲਜ ਪ੍ਰਿੰਸੀਪਲਾਂ ਨੂੰ ਲੋਡ਼ੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਇਕ ਹੋਰ ਪੱਤਰ ਰਾਹੀਂ ਉਪ ਰਜਿਸਟਰਾਰ (ਕਾਰਜ ਸੰਚਾਲਨ) ਐੱਚਐੱਸ ਭਿੰਡਰ ਨੇ ਇਨ੍ਹਾਂ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੇ ਨਾਲ-ਨਾਲ ਓਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਦੇ ਡਾਇਰੈਕਟੋਰੇਟ ਨੂੰ ਅੰਡਰ ਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਵੱਖ-ਵੱਖ ਸਮੈਸਟਰਾਂ ਦੀਆਂ ਥਿਊਰੀ ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ ਕਰਨ ਸਬੰਧੀ ਸੂਚਨਾ ਦਿੱਤੀ ਹੈ। ਪੱਤਰ ਮੁਤਾਬਕ ਵੱਖ-ਵੱਖ ਕਲਾਸਾਂ ਦੇ ਸਮੈਸਟਰ ਪਹਿਲੇ, ਤੀਜੇ, ਪੰਜਵੇਂ, ਸੱਤਵੇਂ ਤੇ ਨੌਵੇਂ ਦੀਆਂ ਥਿਊਰੀ ਪ੍ਰੀਖਿਆਵਾਂ ਆਨਲਾਈਨ 27 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ।

ਅਧਿਆਪਕਾਂ ਦੀ ਹਡ਼ਤਾਲ ਕਾਰਨ ਮੁਲਤਵੀ ਹੋ ਚੁੱਕੀਆਂ ਹਨ ਪ੍ਰੀਖਿਆਵਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਪਹਿਲਾਂ ਇਹ ਪ੍ਰੀਖਿਆਵਾਂ 14 ਦਸੰਬਰ 2020 ਨੂੰ ਲੈਣ ਦਾ ਐਲਾਨ ਕੀਤਾ ਗਿਆ ਸੀ ਪਰ ਮੰਗਾਂ ਸਬੰਧੀ ਹਡ਼ਤਾਲ ਕਰ ਰਹੇ ਅਧਿਆਪਕਾਂ ਨੇ ਪ੍ਰੀਖਿਆਵਾਂ ਬਾਈਕਾਟ ਕਰਨ ਦਾ ਐਲਾਨ ਕਰ ਦਿੱਤਾ। ਅਧਿਆਪਕਾਂ ਦੀ ਹਡ਼ਤਾਲ ਕਾਰਨ ਯੂਨੀਵਰਸਿਟੀ ਨੂੰ ਪ੍ਰੀਖਿਆਵਾਂ ਤੋਂ ਮਹਿਜ਼ 2 ਦਿਨ ਪਹਿਲਾਂ ਪ੍ਰੀਖਿਆਵਾਂ ਮੁਲਤਵੀ ਕਰਨੀਆਂ ਪਈਆਂ ਸਨ।

ਹਦਾਇਤਾਂ ਦੀ ਹੋਵੇਗੀ ਪਾਲਣਾ : ਡਾ. ਸਮਰਾ

ਏਡਿਡ ਕਾਲਜਿਸ ਪ੍ਰਿੰਸੀਪਲਜ਼ ਐਸੋਸੀਏਸ਼ਨ ਦੇ ਪ੍ਰਧਾਨ ਤੇ ਲਾਇਲਪੁਰ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਗੁਰਪਿੰਦਰ ਸਿੰਘ ਸਮਰਾ ਨੇ ਕਿਹਾ ਕਿ ਯੂਨੀਵਰਸਿਟੀ ਦੇ ਉਪ ਰਜਿਸਟਰਾਰ (ਕਾਰਜ ਸੰਚਾਲਨ) ਵੱਲੋਂ ਮਿਲੇ ਪੱਤਰ ਵਿਚ ਇਹ ਪ੍ਰੀਖਿਆਵਾਂ ਆਨਲਾਈਨ ਮੋਡ ਰਾਹੀਂ ਕਰਵਾਉਣ ਦੀ ਸੂਚਨਾ ਦਿੱਤੀ ਗਈ ਹੈ। ਪ੍ਰੈਕਟੀਕਲ ਪ੍ਰੀਖਿਆਵਾਂ 20 ਜਨਵਰੀ ਤੋਂ ਸ਼ੁਰੂ ਹੋ ਰਹੀਆਂ ਹਨ ਤੇ ਥਿਊਰੀ ਪ੍ਰੀਖਿਆਵਾਂ 27 ਜਨਵਰੀ ਤੋਂ ਸ਼ੁਰੂ ਹੋਣਗੀਆਂ। ਇਸ ਸਬੰਧੀ ਵਿਦਿਆਰਥੀਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਯੂਨੀਵਰਸਿਟੀ ਵੱਲੋਂ ਪ੍ਰੀਖਿਆਵਾਂ ਸਬੰਧੀ ਜਾਰੀ ਹਦਾਇਤਾਂ ਤੋਂ ਵਿਦਿਆਰਥੀਆਂ ਨੂੰ ਜਾਣੂੰ ਕਰਵਾ ਦਿੱਤਾ ਜਾਵੇਗਾ। ਪ੍ਰੀਖਿਆਵਾਂ ਸੁੱਚਜੇ ਢੰਗ ਨਾਲ ਨੇਪਰੇ ਚਾਡ਼੍ਹਣ ਲਈ ਕਾਲਜ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ।

ਸਿਲੇਬਸ ਹੋ ਚੁੱਕਾ ਹੈ ਮੁਕੰਮਲ : ਡਾ. ਨਵਜੋਤ

ਲਾਇਲਪੁਰ ਖ਼ਾਲਸਾ ਕਾਲਜ ਫਾਰ ਵਿਮਨ ਦੀ ਪ੍ਰਿੰਸੀਪਲ ਡਾ. ਨਵਜੋਤ ਨੇ ਕਿਹਾ ਕਿ ਉਕਤ ਕਲਾਸਾਂ ਦਾ ਸਿਲੇਬਸ ਪਹਿਲਾਂ ਹੀ ਮੁਕੰਮਲ ਹੋ ਚੁੱਕਾ ਹੈ। ਅਧਿਆਪਕਾਂ ਦੀ ਹਡ਼ਤਾਲ ਕਾਰਨ ਵਿਦਿਆਰਥੀਆਂ ਦੀ ਪਡ਼੍ਹਾਈ ’ਤੇ ਅਸਰ ਪਿਆ ਸੀ ਪਰ ਹਡ਼ਤਾਲ ਖ਼ਤਮ ਹੋਣ ਤੋਂ ਬਾਅਦ ਅਧਿਆਪਕ ਆਨਲਾਈਨ ਮੋਡ ਰਾਹੀਂ ਵਿਦਿਆਰਥੀਆਂ ਨੂੰ ਲਗਾਤਾਰ ਪਡ਼੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਕਰੀਅਰ ਦੇ ਮੱਦੇਨਜ਼ਰ ਇਹ ਪ੍ਰੀਖਿਆਵਾਂ ਸਮੇਂ ਸਿਰ ਨੇਪਰੇ ਚਾਡ਼੍ਹਣਾ ਜ਼ਰੂਰੀ ਸੀ।

Posted By: Tejinder Thind