ਅਨਮੋਲ ਤਾਗਰਾ, ਜਲੰਧਰ : ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਜੂਨ ਮਹੀਨੇ 'ਚ ਹੋ ਰਹੀਆਂ ਸਮੈਸਟਰ ਪ੍ਰਰੀਖਿਆਵਾਂ ਦੀਆਂ ਨਿਰਧਾਰਿਤ ਤਾਰੀਖਾਂ ਵਿਚ ਕੁਝ ਬਦਲਾਅ ਕੀਤੇ ਗਏ ਹਨ। ਇਹ ਬਦਲਾਅ ਕਾਮਰਸ ਨਾਲ ਸਬੰਧਤ ਕੋਰਸਾਂ ਦੀਆਂ ਤਾਰੀਖਾਂ ਵਿਚ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 5 ਮਈ ਨੂੰ ਸਮੈਸਟਰ ਪ੍ਰਰੀਖਿਆਵਾਂ ਸਬੰਧੀ ਡੇਟਸ਼ੀਟ ਜਾਰੀ ਕੀਤੀ ਗਈ ਸੀ। ਨਿਰਧਾਰਿਤ ਕੀਤੀਆਂ ਕੁਝ ਤਾਰੀਖਾਂ ਸੀਏ ਫਾਊਂਡੇਸ਼ਨ ਕੋਰਸ ਨਾਲ ਟਕਰਾਅ ਰਹੀਆਂ ਹਨ ਜਿਸ ਨਾਲ ਵਿਦਿਆਰਥੀਆਂ ਅੱਗੇ ਵੱਡੀ ਸਮੱਸਿਆ ਖੜ੍ਹੀ ਹੋ ਗਈ ਸੀ। ਇਸ ਮੁੱਦੇ ਨੂੰ ਪੰਜਾਬੀ ਜਾਗਰਣ ਵੱਲੋਂ ਪ੍ਰਮੱੁਖਤਾ ਨਾਲ ਚੁੱਕਿਆ ਗਿਆ ਸੀ ਅਤੇ 10 ਦਿਨ ਪਹਿਲਾਂ ਹੀ ਡੇਟਸ਼ੀਟ ਵਿਚ ਬਦਲਾਅ ਦੇ ਆਸਾਰ ਦੱਸੇ ਸਨ। ਵਿਦਿਆਰਥੀਆਂ ਦੀ ਇਸ ਸਮੱਸਿਆ ਨੂੰ ਸੀਏ ਪ੍ਰਰੀਖਿਆਵਾਂ ਕਰਵਾਉਣ ਵਾਲੀ ਚਾਰਟਿਡ ਅਕਾਊਂਟੈਂਟ ਐਸੋਸੀਏਸ਼ਨ ਅੱਗੇ ਵੀ ਰੱਖਿਆ ਗਿਆ ਸੀ, ਜਿਸ 'ਤੇ ਜਲੰਧਰ ਚਾਰਟਿਡ ਅਕਾਊਂਟੈਂਟ ਐਸੋਸੀਏਸ਼ਨ ਵੱਲੋਂ ਟਕਰਾਅ ਰਹੀਆਂ ਮਿਤੀਆਂ ਵਿਚ ਬਦਲਾਅ ਕਰਨ ਲਈ ਯੂਨੀਵਰਸਿਟੀ ਨੂੰ ਪੱਤਰ ਵੀ ਲਿਖਿਆ ਗਿਆ ਸੀ। ਦਿ ਇੰਸਟੀਚਿਊਟ ਆਫ ਚਾਰਟਿਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਦੇਸ਼ ਭਰ 'ਚ ਇੱਕੋ ਸਮੇਂ ਸੀਏ ਫਾਊਂਡੇਸ਼ਨ ਦੀਆਂ ਪ੍ਰਰੀਖਿਆਵਾਂ ਲਈਆਂ ਜਾਂਦੀਆਂ ਹਨ। ਇਸ ਵਾਰ ਇਨ੍ਹਾਂ ਪ੍ਰਰੀਖਿਆਵਾਂ ਦੀਆਂ ਤਾਰੀਖਾਂ ਵਿਚ ਪਹਿਲਾਂ ਹੀ ਸੀਬੀਐੱਸਈ ਅਤੇ ਆਈਸੀਐੱਸਈ ਪ੍ਰਰੀਖਿਆਵਾਂ ਨਾਲ ਟਕਰਾਅ ਕਾਰਨ ਬਦਲਾਅ ਕਰਨਾ ਪਿਆ ਸੀ। ਹੁਣ ਇਹ ਪ੍ਰਰੀਖਿਆਵਾਂ 24, 26, 28 ਅਤੇ 30 ਜੂਨ ਨੂੰ ਲਈਆਂ ਜਾ ਰਹੀਆਂ ਹਨ। ਇਸ ਵਿਚਾਲੇ ਜੀਐੱਨਡੀਯੂ ਵੱਲੋਂ ਸਮੈਸਟਰ ਪ੍ਰਰੀਖਿਆਵਾਂ ਦੀਆਂ ਤਾਰੀਖਾਂ ਐਲਾਨ ਦਿੱਤੀਆਂ ਗਈਆਂ, ਜਿਸ ਵਿਚ ਬੀ.ਕਾਮ ਅਤੇ ਬੀਬੀਏ ਦੀਆਂ ਕੁਝ ਪ੍ਰਰੀਖਿਆਵਾਂ ਇਨ੍ਹਾਂ ਤਾਰੀਖਾਂ 'ਚ ਹੀ ਹੋ ਰਹੀਆਂ ਸਨ। 24 ਜੂਨ ਨੂੰ ਬੀ.ਕਾਮ ਦੂਜਾ ਸਮੈਸਟਰ ਦਾ ਡਰੱਗ ਅਬੀਊਜ਼ ਅਤੇ ਛੇਵੇਂ ਸਮੈਸਟਰ ਦੀ ਪੰਜਾਬੀ ਲਾਜ਼ਮੀ ਦੀ ਪ੍ਰਰੀਖਿਆ ਸੀ। ਇਸ ਤੋਂ ਇਲਾਵਾ 28 ਜੂਨ ਨੂੰ ਬੀ.ਕਾਮ ਚੌਥਾ ਸਮੈਸਟਰ ਦੀ ਪੰਜਾਬੀ ਅਤੇ 30 ਜੂਨ ਨੂੰ ਕੋਸਟ ਅਕਾਊਂਟਿੰਗ ਦੀ ਪ੍ਰਰੀਖਿਆ ਸੀ, ਜਿਨ੍ਹਾਂ ਵਿਚ ਹੁਣ ਬਦਲਾਅ ਕੀਤਾ ਗਿਆ ਹੈ।

------------

ਹੁਣ ਜੁਲਾਈ ਵਿਚ ਹੋਣਗੀਆਂ ਇਹ ਪ੍ਰਰੀਖਿਆਵਾਂ

ਬੀ.ਕਾਮ ਅਤੇ ਬੀਬੀਏ ਸਮੈਸਟਰ ਦੂਜਾ ਦੀ ਡਰੱਗ ਅਬੀਊਜ਼ ਦੀ ਪ੍ਰਰੀਖਿਆ 24 ਜੂਨ ਦੀ ਬਜਾਏ ਹੁਣ ਚਾਰ ਜੁਲਾਈ ਨੂੰ ਹੋਵੇਗੀ। ਇਸੇ ਤਰ੍ਹਾਂ ਬੀ.ਕਾਮ ਤੇ ਬੀਬੀਏ ਚੌਥੇ ਸਮੈਸਟਰ ਦੀ ਪੰਜਾਬੀ ਦੀ ਪ੍ਰਰੀਖਿਆ ਜੋ ਪਹਿਲਾਂ 28 ਜੂਨ ਨੂੰ ਹੋਣ ਸੀ ਉਹ ਹੁਣ 5 ਜੁਲਾਈ 'ਤੇ ਪੈ ਗਈ ਹੈ। ਨਾਲ ਹੀ ਇਸ ਸਮੈਸਟਰ ਦੀ ਬੀ.ਕਾਮ 30 ਜੂਨ ਨੂੰ ਹੋਣ ਵਾਲੀ ਕੋਸਟ ਅਕਾਊਂਟਿੰਗ ਅਤੇ ਬੀਬੀਏ ਦੀ ਫੰਡਾਮੈਂਟਲਜ਼ ਆਫ ਇੰਸ਼ੋਰੈਂਸ ਦੀ ਪ੍ਰਰੀਖਿਆ ਹੁਣ 7 ਜੁਲਾਈ ਨੂੰ ਹੋਵੇਗੀ। ਬੀ.ਕਾਮ ਅਤੇ ਬੀਬੀਏ ਛੇਵੇਂ ਸਮੈਸਟਰ ਦੀ ਲਾਜ਼ਮੀ ਪੰਜਾਬੀ ਦੀ ਪ੍ਰਰੀਖਿਆ ਹੁਣ 24 ਜੂਨ ਦੀ ਬਜਾਏ 4 ਜੁਲਾਈ ਨੂੰ ਹੋਵੇਗੀ।