ਰਾਕੇਸ਼ ਗਾਂਧੀ, ਜਲੰਧਰ

ਥਾਣਾ ਨੰ. ਦੋ ਦੀ ਹੱਦ 'ਚ ਪੈਂਦੇ ਵਰਕਸ਼ਾਪ ਚੌਕ ਲਾਗੇ ਇਕ ਮੈਰਿਜ ਪੈਲੇਸ 'ਚ ਚੱਲ ਰਹੇ ਵਿਆਹ ਵਿਚ ਉਸ ਵੇਲੇ ਸਥਿਤੀ ਹੰਗਾਮਾ ਪੂਰਨ ਹੋ ਗਈ ਜਦ ਵਿਆਹ ਵਾਲੇ ਲੜਕੇ ਦੀ ਪੁਰਾਣੀ ਪ੍ਰਰੇਮਿਕਾ ਉੱਥੇ ਪਹੁੰਚ ਗਈ ਤੇ ਹੰਗਾਮਾ ਉਸ ਵੇਲੇ ਵਧ ਗਿਆ ਜਦ ਉਸ ਨੇ ਇਹ ਕਹਿ ਕੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਵਿਆਹ ਵਾਲਾ ਲੜਕਾ ਪਿਛਲੇ ਤਿੰਨ ਸਾਲ ਤੋਂ ਉਸ ਦੀ ਇੱਜ਼ਤ ਨਾਲ ਖੇਡ ਰਿਹਾ ਸੀ ਤੇ ਹੁਣ ਵਿਆਹ ਕਿਸੇ ਹੋਰ ਨਾਲ ਕਰਵਾ ਰਿਹਾ ਹੈ। ਗੱਲ ਜ਼ਿਆਦਾ ਵਧਦੀ ਵੇਖ ਕਿਸੇ ਨੇ ਥਾਣਾ ਨੰ. ਦੋ ਦੀ ਪੁਲਿਸ ਨੂੰ ਸੂਚਨਾ ਦਿੱਤੀ ਤਾਂ ਮੌਕੇ 'ਤੇ ਪਹੁੰਚੀ ਪੁਲਿਸ ਨੇ ਲੜਕੀ ਦੀਆਂ ਗੱਲਾਂ ਸੁਣ ਕੇ ਵਿਆਹ ਰੁਕਵਾ ਦਿੱਤਾ।

ਮੈਰਿਜ ਪੈਲੇਸ ਵਿਚ ਪਹੁੰਚੀ ਲੜਕੀ ਨੇ ਦੱਸਿਆ ਕਿ ਵਿਆਹ ਵਾਲਾ ਲੜਕਾ ਪਿਛਲੇ ਕਈ ਸਾਲਾਂ ਤੋਂ ਉਸ ਨਾਲ ਸਬੰਧ ਬਣਾ ਰਿਹਾ ਸੀ ਅਤੇ ਇਕ ਦਿਨ ਉਹ ਉਸ ਨੂੰ ਹੋਟਲ ਵਿਚ ਲੈ ਗਿਆ ਜਿਥੇ ਕੋਲਡ ਡਰਿੰਕ ਵਿਚ ਕੋਈ ਨਸ਼ੇ ਦੀ ਚੀਜ਼ ਮਿਲਾ ਕੇ ਉਸ ਨੂੰ ਪਿਆ ਦਿੱਤੀ ਤੇ ਉਸ ਨਾਲ ਸਬੰਧ ਬਣਾਉਣ ਦੀ ਵੀਡੀਓ ਵੀ ਬਣਾ ਲਈ। ਜਿਸ ਤੋਂ ਬਾਅਦ ਉਹ ਲਗਾਤਾਰ ਉਸ ਨੂੰ ਬਲੈਕਮੇਲ ਕਰਨ ਲੱਗ ਪਿਆ। ਜਦ ਉਸ ਨੇ ਇਹ ਗੱਲ ਆਪਣੇ ਘਰ ਵਾਲਿਆਂ ਨੂੰ ਦੱਸੀ ਤਾਂ ਉਨ੍ਹਾਂ ਨੇ ਪੰਚਾਇਤ ਵਿਚ ਉਸ ਲੜਕੇ ਨੂੰ ਬੁਲਾਇਆ ਜਿਸ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਪਰ ਹੁਣ ਉਹ ਕਿਸੇ ਹੋਰ ਨਾਲ ਵਿਆਹ ਕਰਵਾ ਰਿਹਾ ਹੈ। ਜਦ ਲੜਕੀ ਪੈਲੇਸ ਵਿਚ ਪਹੁੰਚੀ ਸੀ ਤਾਂ ਉਸ ਵੇਲੇ ਵਿਆਹ ਦੀਆਂ ਰਸਮਾਂ ਖ਼ਤਮ ਹੋ ਗਈਆਂ ਸਨ ਜਿਸ ਕਾਰਨ ਦੋਵਾਂ ਪੱਖਾਂ ਨੂੰ ਪੁਲਿਸ ਥਾਣੇ ਲੈ ਗਈ।

ਜਦ ਥਾਣਾ ਮੁਖੀ ਇੰਸਪੈਕਟਰ ਸੁਖਵੀਰ ਸਿੰਘ ਕੋਲੋਂ ਪੁੱਿਛਆ ਗਿਆ ਤਾਂ ਉਨ੍ਹਾਂ ਦੱਸਿਆ ਕਿ ਜਦ ਲੜਕੀ ਵੱਲੋਂ ਮੁੰਡੇ 'ਤੇ ਇਲਜ਼ਾਮ ਲਗਾਏ ਗਏ ਸਨ ਉਸ ਵੇਲੇ ਤਕ ਵਿਆਹਾਂ ਦੀਆਂ ਰਸਮਾਂ ਹੋ ਚੁੱਕੀਆਂ ਸਨ। ਉਨ੍ਹਾਂ ਦੱਸਿਆ ਕਿ ਲੜਕੀ ਵੱਲੋਂ ਕਪੂਰਥਲਾ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੇ ਇਹ ਮਾਮਲਾ ਕਪੂਰਥਲਾ ਪੁਲਿਸ ਨੂੰ ਦੇ ਦਿੱਤਾ ਹੈ।