ਅਮਰਜੀਤ ਸਿੰਘ ਵੇਹਗਲ, ਜਲੰਧਰ : ਥਾਣਾ-1 ਦੇ ਅਧੀਨ ਆਉਂਦੇ ਖੇਤਰ ਆਨੰਦ ਨਗਰ ਮਕਸੂਦਾਂ ਦੀ ਰਹਿਣ ਵਾਲੀ ਲੜਕੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਦੋਸਤ ਨੇ ਹੀ ਉਸ ਨੂੰ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਹੈ। ਪੀੜਤ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੇ ਦੋਸਤ ਸਾਹਿਲ ਵਾਸੀ ਵਿਵੇਕਾਨੰਦ ਪਾਰਕ ਨੇ ਉਸ ਨੂੰ ਆਪਣੀ ਹੈਵਾਨੀਅਤ ਦਾ ਸ਼ਿਕਾਰ ਬਣਾਇਆ ਹੈ। ਉਸ ਨੇ ਸ਼ਿਕਾਇਤ ਦਿੱਤੀ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਦਫਤਰ ਵਿਖੇ ਕੰਮ 'ਤੇ ਜਾਣ ਲਈ ਅਨੰਦ ਨਗਰ ਮਕਸੂਦਾਂ ਵਿਖੇ ਸਵੇਰੇ ਆਟੋ ਦੀ ਉਡੀਕ ਕਰ ਰਹੀ ਸੀ ਤਾਂ ਉਸ ਦਾ ਪਹਿਲਾਂ ਦੋਸਤ ਰਹਿ ਚੁੱਕਾ ਸਾਹਿਲ ਕੋਲ ਆ ਕੇ ਰੁਕਿਆ ਜਿਸ ਨੇ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਕਿ ਜੇ ਉਹ ਉਸ ਦੇ ਨਾਲ ਨਾ ਗਈ ਤਾਂ ਉਹ ਮੁਹੱਲੇ 'ਚ ਉਸ ਦੀ ਮਿੱਟੀ ਪਲੀਤ ਕਰ ਦੇਵੇਗਾ। ਉਹ ਡਰਦੀ ਮਾਰੀ ਮੋਟਰਸਾਈਕਲ 'ਤੇ ਬੈਠ ਗਈ ਤੇ ਉਹ ਉਸ ਨੂੰ ਮਕਸੂਦਾਂ ਵਿਖੇ ਇਕ ਮਕਾਨ 'ਚ ਲੈ ਗਿਆ। ਜਿੱਥੇ ਇਕ ਬਜ਼ੁਰਗ ਸੀ ਜਿਸ ਨੂੰ ਉਸ ਨੇ ਸ਼ਰਾਬ ਦਾ ਲਾਲਚ ਦੇ ਦਿੱਤਾ। ਉਸ ਨੇ ਦੋਵਾਂ ਨੂੰ ਆਪਣੇ ਘਰ ਅੰਦਰ ਕਮਰੇ 'ਚ ਵਾੜ ਦਿੱਤਾ। ਉਸ ਨੇ ਆਪਣੇ ਕਿਸੇ ਦੋਸਤ ਨੂੰ ਉਸ ਦਾ ਮੋਬਾਈਲ ਲੈ ਕੇ ਟੈਲੀਫੋਨ ਕਰ ਕੇ ਨਸ਼ੀਲਾ ਪਦਾਰਥ ਮੰਗਵਾਇਆ ਤੇ ਆਪਣੀ ਨਾੜ 'ਚ ਟੀਕਾ ਲਗਾਇਆ ਗਿਆ। ਟੀਕੇ ਲਾਉਣ ਮਗਰੋਂ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਧਮਕੀਆਂ ਦਿੱਤਆਂ ਜੇ ਰੌਲਾ ਪਾਇਆਂ ਜਾਂ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਪਰਿਵਾਰ ਸਮੇਤ ਖਤਮ ਕਰ ਦੇਵੇਗਾ। ਉਸ ਨਾਲ ਪੂਰਾ ਦਿਨ ਕਈ ਵਾਰ ਜਬਰ ਜਨਾਹ ਕੀਤਾ। ਇਸੇ ਦੌਰਾਨ ਸਾਹਿਲ ਨੇ ਵਾਰੋ-ਵਾਰੀ ਆਪਣੇ ਦੋ ਦੋਸਤਾਂ ਨੂੰ ਵੀ ਉਥੇ ਸੱਦ ਕੇ ਉਨ੍ਹਾਂ ਨੂੰ ਜਬਰ ਜਨਾਹ ਕਰਨ ਲਈ ਕਿਹਾ ਪਰ ਉਹ ਇਨਕਾਰ ਕਰ ਕੇ ਵਾਪਸ ਚਲੇ ਗਏ। ਸਾਹਿਲ ਉਸ ਨੂੰ ਸ਼ਾਮ ਵਕਤ ਮੋਟਰਸਾਈਕਲ 'ਤੇ ਬਿਠਾ ਕੇ ਮਕਸੂਦਾਂ ਚੌਕ 'ਚ ਛੱਡ ਗਿਆ ਤੇ ਉਹ ਆਪਣੇ ਘਰ ਪੁੱਜੀ। ਉਹ ਇੰਨੀ ਘਬਰਾਈ ਹੋਈ ਸੀ ਕਿ ਘਰ ਪੁੱਜਣ 'ਤੇ ਮਾਪਿਆਂ ਨੂੰ ਅਜਿਹੀ ਗੱਲ ਦੱਸਣ ਤੋਂ ਡਰਦੀ ਰਹੀ। ਉਸ ਘਾਬਰੀ ਦੇਖ ਕੇ ਮਾਤਾ-ਪਿਤਾ ਨੇ ਜਦੋਂ ਪੁੱਛਗਿੱਛ ਕੀਤੀ ਤਾਂ ਸਾਰੀ ਗੱਲ ਦਾ ਖੁਲਾਸਾ ਕੀਤਾ। ਖੁਲਾਸੇ ਮਗਰੋਂ ਮਾਪਿਆਂ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਪੁਲਿਸ ਵੱਲੋਂ ਮੁਟਿਆਰ ਦੇ ਬਿਆਨਾਂ 'ਤੇ ਦੇਰ ਰਾਤ ਮਾਮਲਾ ਦਰਜ ਕਰ ਕੇ ਡਾਕਟਰੀ ਮੁਆਇਨੇ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਲੜਕੀ ਵੱਲੋਂ ਸਾਹਿਲ ਵਿਰੁੱਧ ਪਹਿਲਾਂ ਵੀ ਥਾਣੇ 'ਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਉਸ ਦੇ ਮਾਤਾ ਪਿਤਾ ਤੇ ਰਿਸ਼ਤੇਦਾਰਾਂ ਨਾਲ ਥਾਣੇ 'ਚ ਰਾਜ਼ੀਨਾਮਾ ਕੀਤਾ ਸੀ ਕਿ ਸਾਹਿਲ ਉਸ ਨਾਲ ਅੱਗੇ ਤੋਂ ਛੇੜਛਾੜ ਨਹੀਂ ਕਰੇਗਾ।