ਅਮਰਜੀਤ ਸਿੰਘ ਵੇਹਗਲ, ਜਲੰਧਰ :

ਜਲੰਧਰ 'ਚ ਥਾਣਾ ਡਵੀਜ਼ਨ ਨੰ 1 ਦੇ ਅਧੀਨ ਆਉਂਦੇ ਇਲਾਕੇ ਵਿਵੇਕਾਨੰਦ ਪਾਰਕ, ਨੰਦਨਪੁਰ ਰੋਡ, ਮਕਸੂਦਾਂ ਤੋਂ ਭੇਦਭਰੀ ਹਾਲਤ 'ਚ ਇਕ ਮੁਟਿਆਰ ਲਾਪਤਾ ਹੋ ਗਈ। ਜਾਣਕਾਰੀ ਦਿੰਦੇ ਹੋਏ ਸੀਮਾ (17) ਦੇ ਪਿਤਾ ਰਾਜੂ ਸਾਹਨੀ ਵਾਸੀ ਜ਼ਿਲ੍ਹਾ ਦਰਭੰਗਾ, ਬਿਹਾਰ ਹਾਲ ਵਾਸੀ ਵਿਵੇਕਾਨੰਦ ਪਾਰਕ, ਮਕਸੂਦਾਂ ਨੇ ਦੱਸਿਆ ਕਿ ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਰਕੇ ਸੀਮਾ ਆਪਣੀ ਮਾਂ ਦੀ ਤਰ੍ਹਾਂ ਲੋਕਾਂ ਦੇ ਘਰਾਂ ਵਿਚ ਬਰਤਨ ਆਦਿ ਸਾਫ਼ ਕਰਨ ਦਾ ਕੰਮ ਕਰਦੀ ਸੀ ਤੇ ਉਹ ਰੋਜ਼ਾਨਾ ਦੀ ਤਰ੍ਹਾਂ ਬੀਤੇ ਦਿਨੀਂ ਕੰਮ ਕਰਨ ਲਈ ਘਰੋਂ ਗਈ ਸੀ। ਉਨ੍ਹਾਂ ਦੱਸਿਆ ਕਿ ਸੀਮਾ ਦੇ ਲਾਪਤਾ ਹੋਣ ਦਾ ਉਨ੍ਹਾਂ ਨੂੰ ਉਸ ਵਕਤ ਪਤਾ ਲੱਗਾ ਜਦ ਉਸਦੀ ਮਾਂ ਦੁਪਹਿਰੇ ਘਰ ਪਰਤੀ। ਉਨ੍ਹਾਂ ਵੱਲੋਂ ਆਲੇ-ਦੁਆਲੇ ਕਾਫ਼ੀ ਦੇਰ ਉਸ ਦੀ ਭਾਲ ਕੀਤੀ ਗਈ। ਜਦ ਸੀਮਾ ਦੀ ਕੋਈ ਵੀ ਸੂਚਨਾ ਨਾ ਮਿਲੀ ਤਾਂ ਉਸ ਦੇ ਲਾਪਤਾ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਸੀਮਾ ਦਾ ਫਰਵਰੀ ਵਿਚ ਵਿਆਹ ਸੀ, ਜਿਸ ਸਬੰਧੀ ਉਹ ਸਾਰੀਆਂ ਤਿਆਰੀਆਂ ਕਰ ਚੁੱਕੇ ਹਨ ਪਰ ਅਚਾਨਕ ਸੀਮਾ ਘਰੋਂ ਲਾਪਤਾ ਹੋ ਗਈ। ਸੀਮਾ ਦੇ ਪਿਤਾ ਰਾਜੂ ਸਾਹਨੀ ਨੇ ਪੁਲਿਸ ਨੂੰ ਰਾਹੁਲ ਨਾਂ ਦੇ ਲੜਕੇ 'ਤੇ ਸ਼ੱਕ ਹੋਣ ਦੀ ਸ਼ਿਕਾਇਤ ਕੀਤੀ ਹੈ। ਥਾਣਾ ਮੁਖੀ ਇੰਸਪੈਕਟਰ ਸੁਖਬੀਰ ਸਿੰਘ ਅਨੁਸਾਰ ਆਲੇ-ਦੁਆਲੇ ਦੇ ਸੀਸੀਟੀਵੀਜ਼ ਦੀਆਂ ਤਸਵੀਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਅਜੇ ਤਕ ਕੋਈ ਸੁਰਾਗ ਨਹੀਂ ਮਿਲਿਆ।