ਜੇਐੱਨਐੱਨ, ਜਲੰਧਰ : ਮਕਸੂਦਾਂ 'ਚ ਨਕੋਦਰ ਦੇ ਨੌਜਵਾਨ ਨੇ ਛੱਤ ਦੇ ਰਸਤੇ ਘਰ 'ਚ ਵੜ ਕੇ ਲੜਕੀ ਨੂੰ ਅਗਵਾ ਕਰ ਲਿਆ। ਮਾਂ ਨੇ ਵਿਰੋਧ ਕੀਤਾ ਤਾਂ ਉਸ ਨੂੰ ਲੱਤ ਮਾਰ ਕੇ ਜ਼ਮੀਨ 'ਤੇ ਸੁੱਟ ਦਿੱਤਾ। ਇਸ ਦੀ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੌਜਵਾਨ ਖ਼ਿਲਾਫ਼ ਅਗਵਾ ਦਾ ਕੇਸ ਦਰਜ ਕਰ ਲਿਆ ਹੈ। ਮਕਸੂਦਾਂ ਦੇ ਪਿੰਡ ਰਾਓਵਾਲੀ ਦੀ ਵਸਨੀਕ ਅੌਰਤ ਨੇ ਦੱਸਿਆ ਕਿ ਉਸ ਦੇ ਪਤੀ ਵਿਦੇਸ਼ ਗਏ ਹੋਏ ਹਨ। ਉਸ ਦੀਆਂ ਤਿੰਨ ਧੀਆਂ ਹਨ। ਮੰਗਲਵਾਰ ਤੜਕੇ ਸਾਢੇ ਤਿੰਨ ਵਜੇ ਉਹ ਘਰ ਦੇ ਵਿਹੜੇ ਵਿਚ ਬੈਠੀ ਸੀ ਕਿ ਨਕੋਦਰ ਦੇ ਪਿੰਡ ਮੁੱਧਾਂ ਦਾ ਕੁਲਦੀਪ ਸਿੰਘ ਮਾਣੀ ਘਰ ਦੇ ਬਾਹਰ ਆਇਆ। ਉਹ ਕੁਲਦੀਪ ਨੂੰ ਪਹਿਲਾਂ ਤੋਂ ਜਾਣਦੀ ਸੀ ਕਿਉਂਕਿ ਉਹ ਇਸੇ ਪਿੰਡ ਵਿਚ ਕੁਝ ਸਮਾਂ ਪਹਿਲਾਂ ਆਪਣੀ ਰਿਸ਼ਤੇਦਾਰੀ 'ਚ ਰਹਿੰਦਾ ਸੀ। ਉਨ੍ਹਾਂ ਦੇ ਘਰ ਦਾ ਬਾਹਰਲਾ ਗੇਟ ਬੰਦ ਸੀ ਤਾਂ ਉਹ ਛੱਤ ਦੇ ਰਸਤੇ ਆ ਗਿਆ। ਅੰਦਰ ਆਉਂਦੇ ਹੀ ਉਸ ਨੇ ਉਸ ਦੀ ਧੀ ਨੂੰ ਆਵਾਜ਼ ਮਾਰੀ ਜਿਸ ਨੂੰ ਸੁਣ ਕੇ ਉਸ ਦੀ ਧੀ ਬਾਹਰ ਨਿਕਲੀ ਤਾਂ ਮੁਲਜ਼ਮ ਕੁਲਦੀਪ ਨੇ ਉਸ ਨੂੰ ਆਪਣੇ ਨਾਲ ਲਿਜਾਣ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਕੁਲਦੀਪ ਨੇ ਉਸ ਨੂੰ ਲੱਤ ਮਾਰੀ ਤੇ ਉਹ ਡਿੱਗ ਗਈ। ਇਸ ਤੋਂ ਬਾਅਦ ਕੁਲਦੀਪ ਫਿਰ ਛੱਤ ਦੇ ਰਸਤੇ ਉਸ ਦੀ ਧੀ ਨੂੰ ਅਗਵਾ ਕਰ ਕੇ ਲੈ ਗਿਆ। ਜਾਂਦੇ ਵਕਤ ਉਸ ਨੇ ਧਮਕੀ ਵੀ ਦਿੱਤੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਦਾ ਬੁਰਾ ਹਾਲ ਕਰ ਦੇਵੇਗਾ। ਰੌਲਾ ਸੁਣ ਕੇ ਉਸ ਦੀ ਦੂਜੀ ਧੀ ਬਾਹਰ ਨਿਕਲੀ ਜਿਸ ਨੇ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ।