ਰਾਕੇਸ਼ ਗਾਂਧੀ, ਜਲੰਧਰ : ਪਿੰਡ ਮੰਡ ਦੇ ਰਹਿਣ ਵਾਲੇ ਨੌਜਵਾਨ ਵੱਲੋਂ ਐੱਸਐੱਸਪੀ ਦਿਹਾਤੀ ਨੂੰ ਸ਼ਿਕਾਇਤ ਦੇ ਕੇ ਉਸ ਦਾ ਜ਼ਬਰਦਸਤੀ ਲਿੰਗ ਬਦਲਵਾਉਣ ਵਾਲੇ ਬਾਬੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਐੱਸਐੱਸਪੀ ਨਵਜੋਤ ਸਿੰਘ ਮਾਹਲ ਨੂੰ ਦਿੱਤੀ ਸ਼ਿਕਾਇਤ 'ਚ ਗੁਰਪ੍ਰੀਤ ਗੋਪੀ ਵਾਸੀ ਮੰਡ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਉਸ ਨੂੰ ਛਿੰਦਾ ਬਾਬਾ ਵਾਸੀ ਗਾਜ਼ੀ ਗੁੱਲਾ ਨੇ ਆਪਣਾ ਲਿੰਗ ਬਦਲੀ ਕਰਵਾਉਣ ਲਈ ਕਿਹਾ ਅਤੇ ਭਰੋਸਾ ਦਿਵਾਇਆ ਕਿ ਜਦ ਉਹ ਆਪਣਾ ਲਿੰਗ ਬਦਲੀ ਕਰਵਾ ਲਵੇਗਾ ਤਾਂ ਉਸ ਨੂੰ ਤਿੰਨ ਮੁਹੱਲੇ ਵਿਆਹ ਸ਼ਾਦੀਆਂ ਦੀਆਂ ਵਧਾਈਆਂ ਇਕੱਠੀਆਂ ਕਰਨ ਲਈ ਦੇ ਦੇਵੇਗਾ ਅਤੇ ਇਸ ਤੋਂ ਇਲਾਵਾ ਉਸ ਨੂੰ ਭਾਰੀ ਮਾਤਰਾ 'ਚ ਸੋਨੇ ਚਾਂਦੀ ਦੇ ਗਹਿਣੇ ਵੀ ਦਿੱਤੇ ਜਾਣਗੇ।

ਗੋਪੀ ਨੇ ਦੱਸਿਆ ਕਿ ਛਿੰਦੇ ਬਾਬੇ ਦੀਆਂ ਗੱਲਾਂ 'ਚ ਆ ਕੇ ਉਹ ਆਪਣਾ ਲਿੰਗ ਬਦਲੀ ਕਰਵਾਉਣ ਲਈ ਮੰਨ ਗਿਆ ਜਿਸ ਦਾ ਸਾਰਾ ਖ਼ਰਚਾ ਛਿੰਦੇ ਬਾਬੇ ਨੇ ਕੀਤਾ। ਜਲੰਧਰ ਦੇ ਇਕ ਹਸਪਤਾਲ ਵਿਚ ਉਸ ਦਾ ਲਿੰਗ ਬਦਲੀ ਕਰਵਾਇਆ ਗਿਆ ਜਿਸ 'ਤੇ ਪੰਜਾਹ ਹਜ਼ਾਰ ਦਾ ਖ਼ਰਚਾ ਆਇਆ ਜੋ ਛਿੰਦੇ ਬਾਬੇ ਵੱਲੋਂ ਹੀ ਕੀਤਾ ਗਿਆ। ਲਿੰਗ ਬਦਲੀ ਕਰਵਾਉਣ ਤੋਂ ਬਾਅਦ ਉਸ ਨੂੰ ਪੰਦਰ੍ਹਾਂ ਦਿਨ ਤਕ ਇਕ ਕਮਰੇ 'ਚ ਬੰਦ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਉਸ ਨੂੰ ਇਕ ਵਿਆਹ ਵਾਲੇ ਘਰ ਵਧਾਈ ਮੰਗਣ ਲਈ ਭੇਜਿਆ ਗਿਆ। ਜਿੱਥੋਂ ਉਨ੍ਹਾਂ ਨੂੰ 70 ਹਜ਼ਾਰ ਰੁਪਏ ਇਕੱਠੇ ਹੋਏ ਪਰ ਉਸ ਵਿਚੋਂ ਕੇਵਲ 45 ਸੌ ਰੁਪਏ ਹੀ ਉਸ ਨੂੰ ਦਿੱਤੇ ਗਏ। ਉਸ ਦਿਨ ਤੋਂ ਬਾਅਦ ਛਿੰਦੇ ਦੇ ਬਾਬੇ ਨੇ ਉਸ ਦਾ ਨੰਬਰ ਬਲੈਕ ਲਿਸਟ 'ਚ ਪਾ ਦਿੱਤਾ ਅਤੇ ਨਾ ਤਾਂ ਉਸ ਦਾ ਫੋਨ ਚੁੱਕਿਆ ਅਤੇ ਨਾ ਹੀ ਕਿਸੇ ਘਰੋਂ ਉਸ ਨੂੰ ਮੰਗਣ ਜਾਣ ਦਿੱਤਾ। ਜਦ ਵੀ ਉਹ ਕਿਸੇ ਮੁਹੱਲੇ 'ਚ ਵਿਆਹ ਸ਼ਾਦੀਆਂ ਦੀ ਵਧਾਈ ਲੈਣ ਜਾਂਦਾ ਤਾਂ ਉੱਥੋਂ ਉਸ ਨੂੰ ਧੱਕੇ ਮਰਵਾ ਕੇ ਬਾਹਰ ਕਢਵਾਉਣ ਦੀ ਕੋਸ਼ਿਸ਼ ਕਰਦਾ ਹੈ। ਗੋਪੀ ਨੇ ਐੱਸਐੱਸਪੀ ਕੋਲੋਂ ਇਨਸਾਫ਼ ਦੀ ਮੰਗ ਕੀਤੀ ਹੈ। ਐੱਸਐੱਸਪੀ ਮਾਹਲ ਵੱਲੋਂ ਇਸ ਦੀ ਜਾਂਚ ਥਾਣਾ ਮਕਸੂਦਾਂ ਨੂੰ ਸੌਂਪ ਦਿੱਤੀ ਗਈ ਹੈ।