ਜੇਐੱਨਐੱਨ, ਜਲੰਧਰ : ਮਾਡਲ ਟਾਊਨ ਦੇ ਗੀਤਾ ਮੰਦਰ 'ਚ ਪੰਜ ਦਿਨ ਪਹਿਲਾਂ ਮੰਦਰ ਕਮੇਟੀ ਦੇ ਖਜ਼ਾਨਚੀ ਨਾਲ ਕੁੱਟਮਾਰ ਦਾ ਵੀਡੀਓ ਵਾਇਰਲ ਹੋਇਆ ਹੈ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਮੰਦਰ ਦੇ ਪੰਡਤ ਦੀ ਪਤਨੀ ਤੇ ਇਕ ਹੋਰ ਅੌਰਤ ਉਕਤ ਖਜ਼ਾਨਚੀ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੀ ਹੈ। ਖਜ਼ਾਨਚੀ ਆਪਣੇ-ਆਪ ਨੂੰ ਬਚਾਅ ਲਈ ਕਈ ਵਾਰ ਭੱਜਣ ਦੀ ਵੀ ਕੋਸ਼ਿਸ਼ ਕਰਦਾ ਹੈ ਪਰ ਦੋਵੇਂ ਅੌਰਤਾਂ ਦੇ ਹੱਥੇ ਚੜ੍ਹ ਜਾਂਦਾ ਹੈ। ਉਥੇ, ਥਾਣਾ-6 ਦੀ ਪੁਲਿਸ ਦੇ ਮਾਮਲੇ 'ਚ ਕਾਰਵਾਈ ਕਰਦਿਆਂ ਮੰਦਰ ਦੇ ਪੰਡਿਤ ਤੇ ਉਨ੍ਹਾਂ ਦੀ ਪਤਨੀ ਸਮੇਤ ਪੰਜ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਸੰਦੀਪ ਸ਼ੁਕਲਾ, ਮੋਨਾ, ਪੰਡਿਤ ਰਾਧੇ ਸ਼ਿਆਮ, ਉਨ੍ਹਾਂ ਦੀ ਪਤਨੀ ਕੰਚਲ ਸ਼ਰਮਾ ਤੇ ਸੱਤਿਆ ਪ੍ਰਕਾਸ਼ ਵਜੋਂ ਹੋਈ ਹੈ। ਹਾਲਾਂਕਿ ਮਾਮਲੇ 'ਚ ਪੁਲਿਸ ਕਿਸੇ ਵੀ ਦੀ ਗਿ੍ਫਤਾਰੀ ਨਹੀਂ ਕਰ ਸਕੀ ਹੈ।

ਪੁਲਿਸ ਨੂੰ ਦਿੱਤੇ ਬਿਆਨ 'ਚ ਗੀਤਾ ਮੰਦਰ ਕਮੇਟੀ ਦੇ ਖਜ਼ਾਨਚੀ ਤੇ ਕੁੱਟਮਾਰ ਦੇ ਸ਼ਿਕਾਰ ਹੋਏ ਰਾਜੀਵ ਠਾਕੁਰ ਨੇ ਦੱਸਿਆ ਕਿ 12 ਸਤੰਬਰ ਦੀ ਸ਼ਾਮ 7.45 ਦੇ ਕਰੀਬ ਰੋਜ਼ਾਨਾ ਦੀ ਤਰ੍ਹਾਂ ਦੀ ਉਹ ਮੰਦਰ ਦੇ ਕਮਰੇ ਪਈ ਅਲਮਾਰੀ 'ਚੋਂ ਨਕਦੀ ਲੈਣ ਗਏ ਸਨ, ਜੋ ਲਗਪਗ ਇਕ ਲੱਖ, 25 ਹਜ਼ਾਰ ਰੁਪਏ ਦੇ ਕਰੀਬ ਸੀ। ਉਹ ਪੈਸੇ ਦੇ ਬੰਡਲ ਬੈਗ 'ਚ ਪਾ ਕੇ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਮੰਦਰ ਦੇ ਬਰਾਂਡੇ 'ਚ ਸ਼ੁਕਲਾ ਤੇ ਮੋਨਾ ਤੇ ਉਸ ਦੇ ਨਾਲ ਪੰਡਿਤ ਰਾਧੇ ਸ਼ਿਆਮ ਤੇ ਉਨ੍ਹਾਂ ਦੀ ਪਤਨੀ ਕੰਚਲ, ਸਤਿਆ ਪ੍ਰਕਾਸ਼ ਤੇ ਉਨ੍ਹਾਂ ਦੀ ਪਤਨੀ ਸਮੇਤ ਪੰਜ-ਛੇ ਅੌਰਤਾਂ ਜੋ ਉਨ੍ਹਾਂ ਨਾਲ ਖੜ੍ਹੀਆਂ ਸਨ ਉਨ੍ਹਾਂ ਨੇ ਬਿਨਾਂ ਕਿਸੇ ਕਾਰਨ ਰਾਜੀਵ ਸ਼ੁਕਲਾ ਤੇ ਮੋਨਾ ਦੇ ਉਕਸਾਉਣ 'ਤੇ ਇਹ ਕਿਹਾ ਕਿ ਇਸੇ ਰਾਜੀਵ ਨੇ ਬਿਜਲੀ ਦਾ ਕੁਨੈਕਸ਼ਨ ਕੱਟਿਆ ਹੈ ਤੇ ਇਸ ਨੂੰ ਅੱਜ ਖ਼ਤਮ ਕਰ ਦੇਣਾ ਹੈ। ਇਸ 'ਤੇ ਉਥੇ ਮੌਜੂਦ ਸੱਤਿਆ ਪ੍ਰਕਾਸ਼, ਰਾਧੇ ਸ਼ਿਆਮ ਤੇ ਉਸ ਦੀ ਪਤਨੀ ਮੋਨਾ ਤੇ ਉਥੇ ਖੜ੍ਹੀਆਂ ਕੁਝ ਅੌਰਤਾਂ ਨੇ ਉਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਪੈਰਾਂ 'ਚ ਪਾਈਆਂ ਖੜਾਵਾਂ ਲਾਹ ਕੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਕੁੱਟਮਾਰ ਦੌਰਾਨ ਆਪਣੇ-ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ਨੂੰ ਨਹੀਂ ਛੱਡਿਆ ਤੇ ਇਸ ਦੌਰਾਨ ਹੱਥ ਫੜਿਆ ਪੈਸਿਆਂ ਦਾ ਬੈਗ ਵੀ ਡਿੱਗ ਗਿਆ ਤੇ ਬੈਗ 'ਚੋਂ ਨੋਟਾਂ ਦੇ ਦੋ ਬੰਡਲ ਧੱਕਾ-ਮੁੱਕੀ ਦੌਰਾਨ ਗਾਇਬ ਹੋ ਗਏ। ਥਾਣਾ-6 ਦੀ ਪੁਲਿਸ ਨੇ ਉਕਤ ਬਿਆਨ 'ਤੇ ਕਾਰਵਾਈ ਕਰਦਿਆਂ ਉਕਤ ਮੁਲਜ਼ਮਾਂ ਖ਼ਿਲਾਫ਼ ਕੁੱਟਮਾਰ, ਧਮਕਾਉਣ ਤੇ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।

ਰਾਜੀਵ ਠਾਕੁਰ 'ਤੇ ਪਰਚਾ ਦਰਜ ਨਹੀਂ ਕੀਤਾ ਤਾਂ ਘੇਰਾਂਗੇ ਸੀਪੀ ਦਫ਼ਤਰ : ਬੰਟੀ

ਸ਼ਿਵ ਸੈਨਾ ਸਮਾਜਵਾਦੀ ਦੇ ਇੰਚਾਰਜ ਪੰਜਾਬ ਸੁਨੀਲ ਕੁਮਾਰ ਬੰਟੀ ਨੇ ਕਿਹਾ ਕਿ ਥਾਣਾ-6 ਦੀ ਪੁਲਿਸ ਨੇ ਗੀਤਾ ਮੰਦਰ 'ਚ ਪੂਜਣਯੋਗ ਬ੍ਰਾਹਮਣਾਂ ਤੇ ਉਨ੍ਹਾਂ ਦੀਆਂ ਪਤਨੀਆਂ 'ਤੇ ਰਾਜੀਵ ਠਾਕੁਰ ਦੇ ਦਬਾਅ 'ਚ ਪਰਚਾ ਦਰਜ ਕੀਤਾ ਹੈ। ਬੰਟੀ ਨੇ ਕਿਹਾ ਕਿ ਬੁੱਧਵਾਰ ਤਕ ਪੁਲਿਸ ਨੇ ਜੇ ਰਾਜੀਵ ਠਾਕੁਰ ਖ਼ਿਲਾਫ਼ ਕੇਸ ਦਰਜ ਨਹੀਂ ਕੀਤਾ ਤਾਂ ਸ਼ਿਵ ਸੈਨਾ ਸਮਾਜਵਾਦੀ, ਬ੍ਰਾਹਮਣ ਸਮਾਜ ਤੇ ਸਮੂਹ ਹਿੰਦੂ ਸੰਗਠਨਾਂ ਨੂੰ ਲੈ ਕੇ 20 ਸਤੰਬਰ ਨੂੰ ਪੁਲਿਸ ਕਮਿਸ਼ਨਰ ਦਫ਼ਤਰ ਦਾ ਿਘਰਾਓ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਨਾਲ ਧੱਕਾ ਨਹੀਂ ਹੋਣ ਦੇਣਗੇ। ਪੁਲਿਸ ਦੀ ਇਕਤਰਫ਼ਾ ਕਾਰਵਾਈ ਤੋਂ ਸਾਫ਼ ਜ਼ਾਹਰ ਹੈ ਕਿ ਪ੍ਰਸ਼ਾਸਨ ਬ੍ਰਾਹਮਣਾਂ ਤੇ ਉਨ੍ਹਾਂ ਦੀਆਂ ਪਤਨੀਆਂ ਨਾਲ ਧੱਕਾ ਕਰ ਰਿਹਾ ਹੈ।