ਅਵਤਾਰ ਰਾਣਾ, ਮੱਲ੍ਹੀਆਂ ਕਲਾਂ

ਸਰਕਾਰ ਵੱਲੋਂ ਆਵਾਜਾਈ ਸੁਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ ਤਾਂ ਕਿ ਆਵਾਜਾਈ ਵਿੱਚ ਕੋਈ ਵਿਘਨ ਨਾ ਪਵੇ ਪਰ ਕੁਝ ਸਵਾਰਥੀ ਲੋਕ ਘਰਾਂ ਦਾ ਕੂੜਾ ਕਰਕਟ ਕੱਢ ਕੇ ਸੜਕ ਕੰਢੇ ਸੁੱਟ ਰਹੇ ਹਨ ਜਿਸ ਕਾਰਨ ਜਿੱਥੇ ਰਾਹਗੀਰਾਂ ਨੂੰ ਲੰਘਣ ਵਿੱਚ ਮੁਸ਼ਕਲ ਆਉਂਦੀ ਹੈ ਉਥੇ ਬਦਬੂ ਵੀ ਆਉਂਦੀ ਹੈ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਪਿੰਡ ਤਲਵੰਡੀ ਭਰੋ ਤੋਂ ਕੰਗ ਸਾਹਿਬ ਰਾਏ ਨੂੰ ਜਾਂਦੀ ਿਲੰਕ ਸੜਕ 'ਤੇ ਦੇਖਣ ਨੂੰ ਮਿਲ ਰਿਹਾ ਹੈ। ਵਰਨਣਯੋਗ ਹੈ ਕਿ ਪਿੰਡ ਤਲਵੰਡੀ ਭਰੋ ਦੇ ਚੌਕ ਦੇ ਨਜ਼ਦੀਕ ਹੀ ਸਰਕਾਰੀ ਹਾਈ ਸਕੂਲ ਹੈ ਤੇ ਉਸ ਦੇ ਬਿਲਕੁਲ ਅੱਗੇ ਹੀ ਸੜਕ ਕੰਢੇ ਕੂੜੇ ਦੇ ਢੇਰ ਲੱਗੇ ਹੋਏ ਹਨ ਜਿਸ ਨੇ ਕੁਝ ਸੜਕ ਦਾ ਹਿੱਸਾ ਵੀ ਰੋਕਿਆ ਹੋਇਆ ਹੈ ਜਿਸ ਨਾਲ ਟ੍ਰੈਫਿਕ ਸਮੱਸਿਆ ਵੀ ਹੁੰਦੀ ਹੈ ਤੇ ਆਮ ਲੋਕਾਂ ਨੂੰ ਲੰਘਣ ਵਿਚ ਪਰੇਸ਼ਾਨੀ ਵੀ ਹੁੰਦੀ ਹੈ। ਨਗਰ ਵਾਸੀਆਂ ਤੇ ਕੁਝ ਆਮ ਲੋਕਾਂ ਦਾ ਕਹਿਣਾ ਹੈ ਕਿ ਸਬੰਧਤ ਵਿਭਾਗ ਤੇ ਸਰਕਾਰ ਨੂੰ ਇਸ ਮਾਮਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਨਗਰ ਪੰਚਾਇਤ ਨੂੰ ਕੂੜੇ ਦੇ ਢੇਰ ਲਾਉਣ ਲਈ ਢੁੱਕਵੇਂ ਪ੍ਰਬੰਧ ਕਰਨੇ ਚਾਹੀਦੇ ਹਨ।

ਇਸ ਮਾਮਲੇ ਸਬੰਧੀ 'ਪੰਜਾਬੀ ਜਾਗਰਣ' ਵੱਲੋਂ ਜਦੋਂ ਪਿੰਡ ਤਲਵੰਡੀ ਭਰੋ ਦੇ ਸਰਪੰਚ ਲਖਵੀਰ ਸਿੰਘ ਨਾਲ ਫੋਨ 'ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪਿੰਡਾਂ ਦੀਆਂ ਸ਼ਾਮਲਾਟਾਂ 'ਤੇ ਕੁਝ ਕੁ ਲੋਕਾਂ ਦੇ ਕਬਜ਼ੇ ਕੀਤੇ ਹੋਏ ਹਨ ਜਿਸ ਕਾਰਨ ਅਜੇ ਸਾਨੂੰ ਕੂੜੇ ਦੇ ਢੇਰਾਂ ਲਈ ਕੋਈ ਜਗ੍ਹਾ ਨਹੀਂ ਮਿਲ ਰਹੀ ਪਰ ਫਿਰ ਵੀ ਪੰਚਾਇਤ ਵੱਲੋਂ ਸੜਕ ਤੋਂ ਇਨ੍ਹਾਂ ਢੇਰਾਂ ਨੂੰ ਜਲਦੀ ਚੁਕਵਾ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕਾ ਬੀਬੀ ਇੰਦਰਜੀਤ ਕੌਰ ਮਾਨ ਨੂੰ ਵੀ ਅਪੀਲ ਕੀਤੀ ਹੈ ਕਿ ਪੰਚਾਇਤ ਨੂੰ ਪੈਸੇ ਖ਼ਰਚਣ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਕਿ ਅਜਿਹੇ ਵਿਕਾਸ ਦੇ ਰੁਕੇ ਹੋਏ ਕੰਮ ਨੇਪਰੇ ਚਾੜ੍ਹੇ ਜਾ ਸਕਣ।

ਇਸ ਸਬੰਧੀ ਪ੍ਰਰੈੱਸ ਵੱਲੋਂ ਜਦੋਂ ਮੰਡੀ ਬੋਰਡ ਦੇ ਐੱਸਡੀਓ ਮਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਾਡੇ ਧਿਆਨ 'ਚ ਇਹ ਮਾਮਲਾ ਹੁਣੇ ਹੀ ਆਇਆ ਹੈ ਤੇ ਵਿਭਾਗ ਵੱਲੋਂ ਹੁਣ ਮੌਕਾ ਵੇਖ ਕੇ ਨਗਰ ਪੰਚਾਇਤ ਨੂੰ ਇਨ੍ਹਾਂ ਢੇਰਾਂ ਨੂੰ ਸੜਕ ਕੰਿਢਓਂ ਚੁੱਕਣ ਲਈ ਕਿਹਾ ਜਾਵੇਗਾ ਤੇ ਜੇਕਰ ਪੰਚਾਇਤ ਫਿਰ ਵੀ ਕੂੜਾ ਨਹੀਂ ਚੁਕਾਉਂਦੀ ਤਾਂ ਵਿਭਾਗ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਵੇਗੀ।