ਜੇਐੱਨਐੱਨ, ਜਲੰਧਰ : ਚੁਗਿੱਟੀ ਫਲਾਈਓਵਰ ਤੋਂ ਪੀਏਪੀ ਚੌਕ ਨੂੰ ਜਾਂਦੇ ਰੋਡ 'ਤੇ ਰੋਜ਼ਾਨਾ ਕੂੜੇ ਦੇ ਢੇਰ ਲੱਗ ਰਹੇ ਹਨ ਜਿਸ ਕਾਰਨ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪੈ ਰਹੀ ਹੈ। ਆਲਮ ਇਹ ਹੈ ਕਿ ਕੂੜੇ ਦੇ ਢੇਰ ਸੜਕ ਦੇ ਕੰਢੇ ਬਣੇ ਡਿਵਾਈਡਰਾਂ ਤਕ ਜਾ ਪੁੱਜੇ ਹਨ। ਇਸ ਬਾਰੇ ਬਲਦੇਵ ਸਿੰਘ ਤੇ ਰਾਜ ਕੁਮਾਰ ਦੱਸਦੇ ਹਨ ਕਿ ਚੁਗਿੱਟੀ ਫਲਾਈਓਵਰ ਦੇ ਆਲੇ-ਦੁਆਲੇ ਲੱਗੇ ਕੂੜੇ ਦੇ ਢੇਰਾਂ ਕਾਰਨ ਇਥੋਂ ਲੰਘਣਾ ਦੁੱਭਰ ਹੋ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਮੀਂਹ ਕਣੀ ਦੇ ਦਿਨਾਂ 'ਚ ਕੂੜਾ ਭਿੱਜ ਜਾਂਦਾ ਹੈ ਤੇ ਹਵਾ ਦੇ ਨਾਲ-ਨਾਲ ਬਦਬੂ ਫੈਲਦੀ ਹੈ। ਇਸ ਕਾਰਨ ਇਲਾਕੇ 'ਚ ਇਨਫੈਕਸ਼ਨ ਵਾਲੀਆਂ ਬਿਮਾਰੀਆਂ ਫੈਲਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਸ ਤੋਂ ਵੱਧ ਪਰੇਸ਼ਾਨੀ ਕੂੜੇ ਦੇ ਢੇਰਾਂ 'ਤੇ ਘੁੰਮਦੇ ਅਵਾਰਾ ਪਸ਼ੂ ਦੇ ਝੁੰਡ ਹਨ ਜੋ ਇਥੋਂ ਲੰਘਣ ਵਾਲਿਆਂ ਨੂੰ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਇਨ੍ਹਾਂ ਦੀ ਭੇੜ 'ਚ ਕਈ ਵਾਰ ਰਾਹਗੀਰ ਜ਼ਖ਼ਮੀ ਹੋ ਚੁੱਕੇ ਹਨ। ਉਨ੍ਹਾਂ ਨੇ ਨਗਰ ਨਿਗਮ ਨੂੰ ਇਥੇ ਸਫਾਈ ਮੁਹਿੰਮ ਚਲਾਉਣ ਦੀ ਮੰਗ ਕੀਤੀ ਹੈ।