ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਨੇ ਵਿਦੇਸ਼ ’ਚ ਵਸੇ ਗੈਂਗਸਟਰਾਂ ਨੂੰ ਫੜਨ ਲਈ ਕੋਸ਼ਿਸ਼ ਨਾ ਕਰਨ ’ਤੇ ਪੁਲਿਸ ਦੀ ਕਾਰਵਾਈ ਤੇ ਇਕ ਵਾਰ ਸਵਾਲ ਖੜ੍ਹੇ ਕਰ ਦਿੱਤੇ ਹਨ। ਵਿਦੇਸ਼ ’ਚ ਵਸੇ ਗੈਂਗਸਟਰਾਂ ਦਾ ਪੰਜਾਬ ’ਚ ਪਿਛਲੇ ਸਮੇਂ ਦੌਰਾਨ ਹੋਈਆਂ ਅੱਤਵਾਦੀ ਘਟਨਾਵਾਂ ਤੇ ਕਤਲਾਂ ’ਚ ਨਾਂ ਸਾਹਮਣੇ ਆਏ ਹਨ ਪਰ ਉਨ੍ਹਾਂ ਦੀ ਹਵਾਲਗੀ ਲਈ ਕੋਈ ਕਾਰਵਾਈ ਅਮਲ ’ਚ ਨਹੀਂ ਲਿਆਂਦੀ ਜਾ ਰਹੀ। ਪੁਲਿਸ ਨੇ ਪਾਕਿਸਤਾਨ ਵਿਚ ਵਸੇ ਹਰਵਿੰਦਰ ਸਿੰਘ ਅਤੇ ਕੈਨੇਡਾ ’ਚ ਵਸੇ ਗੋਲਡੀ ਬਰਾੜ ਨੂੰ ਰੇਡ ਕਾਰਨਰ ਨੋਟਿਸ ਜਾਰੀ ਕੀਤੇ ਹੋਏ ਹਨ ਪਰ ਉਹ ਵਿਦੇਸ ਭੱਜ ਚੱੁਕੇ ਸਨ।

ਗੋਲਡੀ ਬਰਾੜ ਨੇ ਲਈ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ

ਜਾਣਕਾਰਾਂ ਦੀ ਮੰਨੀਏ ਤਾਂ ਜੇ ਗੈਂਗਸਟਰਾਂ ਦੇ ਸਮੇਂ ’ਤੇ ਰੇਡ ਕਾਰਨਰ ਨੋਟਿਸ ਜਾਰੀ ਕਰ ਦਿੱਤੇ ਜਾਣ ਤਾਂ ਇਨ੍ਹਾਂ ਨੂੰ ਵਿਦੇਸ਼ ਭੱਜਣ ਤੋਂ ਰੋਕਿਆ ਜਾ ਸਕਦਾ ਹੈ। ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇਹ ਗੈਂਗਸਟਰ ਵਿਦੇਸ਼ਾਂ ’ਚ ਵਸ ਗਏ ਹਨ ਅਤੇ ਉਥੋਂ ਪੰਜਾਬ ਨੂੰ ਨਿਸ਼ਾਨਾ ਬਣਾ ਰਹੇ ਹਨ। ਇਨ੍ਹਾਂ ਵਿੱਚੋਂ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਪੁਲੀਸ ਦੇ ਖੁਫੀਆ ਵਿਭਾਗ ਦੇ ਮੁੱਖ ਦਫਤਰ ਸਮੇਤ ਕਈ ਹੋਰ ਦਹਿਸ਼ਤੀ ਘਟਨਾਵਾਂ ’ਚ ਸਾਹਮਣੇ ਆਇਆ ਹੈ ਅਤੇ ਗੋਲਡੀ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਜਲੰਧਰ ਵਿਚ ਯੂਥ ਕਾਂਗਰਸ ਦੇ ਪ੍ਰਧਾਨ ਸੁਖਮੀਤ ਡਿਪਟੀ ਦਾ ਕਤਲ, ਫ਼ਰੀਦਕੋਟ ਵਿਚ ਕਾਂਗਰਸੀ ਆਗੂ ਗੁਰਲਾਲ ਪਹਿਲਵਾਨ ਦੇ ਕਤਲ ਨੇ ਵੀ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰਾਂ ਦੇ ਸਥਾਨਕ ਗੈਂਗਸਟਰਾਂ ਨਾਲ ਸਬੰਧਾਂ ਦਾ ਪਰਦਾਫਾਸ਼ ਕੀਤਾ ਹੈ।

ਪੰਜਾਬੀ ਗਾਇਕ ਮਨਕੀਰਤ ਔਲਖ ਤੋਂ ਵੀ ਮੰਗੀ ਫਿਰੌਤੀ

ਪੰਜਾਬੀ ਕਲਾਕਾਰ ਪਰਮੀਸ਼ ਵਰਮਾ ਅਤੇ ਫਿਰ ਗਿੱਪੀ ਗਰੇਵਾਲ ਨੂੰ ਚਾਰ ਸਾਲ ਪਹਿਲਾਂ ਗੈਂਗਸਟਰਾਂ ਨੇ ਧਮਕੀਆਂ ਦਿੱਤੀਆਂ ਸਨ ਤੇ ਫਿਰੌਤੀ ਮੰਗੀ ਸੀ। ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਹੁਣ ਪੰਜਾਬੀ ਗਾਇਕ ਮਨਕੀਰਤ ਔਲਖ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਪਰਮੀਸ਼ ਤੋਂ ਫਿਰੌਤੀ ਦੇ ਮਾਮਲੇ ’ਚ ਗੈਂਗਸਟਰ ਦਿਲਪ੍ਰੀਤ ਸਿੰਘ ਨੂੰ ਚੰਡੀਗੜ੍ਹ ਤੋਂ ਐਨਕਾਊਂਟਰ ਤੋਂ ਬਾਅਦ ਗਿ੍ਰਫਤਾਰ ਕੀਤਾ ਗਿਆ ਸੀ। ਜਲੰਧਰ ਵਿਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਦੀ ਜ਼ਿੰਮੇਵਾਰੀ ਦਵਿੰਦਰ ਬੰਬੀਹਾ ਗੈਂਗ ਨੇ ਲਈ ਸੀ। ਇਸ ਦੀ ਸੁਪਾਰੀ ਕੈਨੇਡਾ ਵਿਚ ਦਿੱਤੀ ਗਈ ਸੀ।

ਲਾਰੇਂਸ ਬਿਸ਼ਨੋਈ ਅਤੇ ਦਵਿੰਦਰ ਬੰਬੀਹਾ ਗੈਂਗ ਸਭ ਤੋਂ ਚਰਚਿਤ

ਵਿੱਕੀ ਗੌਂਡਰ, ਸੁੱਖਾ ਕਾਹਲਵਾਂ ਤੇ ਜੈਪਾਲ ਵਰਗੇ ਗੈਂਗਸਟਰਾਂ ਦੇ ਮਾਰੇ ਜਾਣ ਤੋਂ ਬਾਅਦ ਇਨ੍ਹਾਂ ਦੇ ਕਰੀਬੀ ਸਾਥੀ ਇੰਟਰਨੈੱਟ ਮੀਡੀਆ ਰਾਹੀਂ ਇਸ ਗੈਂਗ ਦਾ ਨਾਂ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਗੈਂਗਸਟਰ ਜੇਲ੍ਹਾਂ ਵਿੱਚ ਬੰਦ ਹਨ ਅਤੇ ਉਥੋਂ ਨਸ਼ਿਆਂ, ਹਥਿਆਰਾਂ ਅਤੇ ਫਿਰੌਤੀ ਦਾ ਕਾਰੋਬਾਰ ਚਲਾ ਰਹੇ ਹਨ। ਇਸ ਵੇਲੇ ਗੈਂਗਸਟਰਾਂ ਦੀ ਸਭ ਤੋਂ ਵੱਧ ਚਰਚਾ ਲਾਰੇਂਸ਼ ਬਿਸਨੋਈ ਅਤੇ ਦਵਿੰਦਰ ਬੰਬੀਹਾ ਹਨ, ਜਿਨ੍ਹਾਂ ਦੇ ਮੈਂਬਰ ਕੈਨੇਡਾ ਵਿਚ ਬੈਠੇ ਗੈਂਗਸਟਰਾਂ ਦੇ ਸੰਪਰਕ ਵਿਚ ਹਨ।

ਵਿਦੇਸ਼ ’ਚ ਵਸੇ ਗੈਂਗਸਟਰ ਤੇ ਵਿਦੇਸ਼ੀ ਗੈਂਗ, ਜਿਨ੍ਹਾਂ ਦੇ ਸੰਪਰਕ ’ਚ ਹਨ ਪੰਜਾਬ ਦੇ ਗੈਂਗਸਟਰ

ਲਖਬੀਰ ਸਿੰਘ ਲੰਡਾ ਅਤੇ ਗੋਲਡੀ ਬਰਾੜ ਕੈਨੇਡਾ ਵਿਚ ਹਨ, ਜਦੋਂ ਕਿ ਵਿਦੇਸ਼ੀ ਗੈਂਗ ਭੁਪਿੰਦਰ ਸਿੰਘ ਉਰਫ ਬਿੰਦੀ ਜੌਹਲ ਗੈਂਗ ਦੇ ਮੈਂਬਰ ਕੋਲੰਬੀਆ ਵਿੱਚ ਬ੍ਰਦਰਜ਼ ਕੀਪਰਜ਼ ਗੈਂਗ ਅਤੇ ਮੱਲ੍ਹੀ ਬਟ ਗੈਂਗ, ਵੈਨਕੂਵਰ ਵਿਚ ਇੰਡੀਪੈਂਡਿਡ ਸੋਲਜ਼ਰਜ਼ ਗੈਂਗ ਤੇ ਕੰਗ-ਬੀਬੋ ਗੈਂਗ, ਪੰਜਾਬੀ ਮਾਫੀਆ ਗੈਂਗ, ਸੰਘੇੜਾ ਗੈਂਗ ਆਦਿ ਪੰਜਾਬੀ ਗੈਂਗਸਟਰਾਂ ਦੀ ਮਦਦ ਵੀ ਕਰਦੇ ਹਨ ਤੇ ਵਿਦੇਸ਼ ਆਉਣ ’ਤੇ ਪਨਾਹ ਵੀ ਦਿੰਦੇ ਹਨ।

ਆਈਐੱਸਆਈ ਦੀ ਨਜ਼ਰ ਸਥਾਨਕ ਗੈਂਗਸਟਰਾਂ ’ਤੇ

ਗੈਂਗਸਟਰ ਹਰਵਿੰਦਰ ਸਿੰਘ ਸੰਧੂ ਉਰਫ ਰਿੰਦਾ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐੱਸਆਈ ਦੇ ਸੰਪਰਕ ਵਿਚ ਹੈ। ਆਈਐੱਸਆਈ ਉਸ ਜ਼ਰੀਏ ਪੰਜਾਬ ਦੇ ਸਥਾਨਕ ਗੈਂਗਸਟਰਾਂ ਦੀ ਮਦਦ ਨਾਲ ਖਾਲਿਸਤਾਨ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ। ਆਈਐੱਸਆਈ ਪੰਜਾਬ ’ਚ ਅੱਤਵਾਦੀ ਗਤੀਵਿਧੀਆਂ ਲਈ ਪਹਿਲਾਂ ਵਧਾਵਾ ਸਿੰਘ ਉਰਫ ਚਾਚਾ ਉਰਫ ਬੱਬਰ, ਲਖਬੀਰ ਸਿੰਘ ਉਰਫ ਰੋਡੇ, ਰਣਜੀਤ ਸਿੰਘ ਉਰਫ ਨੀਟਾ, ਪਰਮਜੀਤ ਸਿੰਘ ਉਰਫ ਪੰਜਵੜ, ਭੁਪਿੰਦਰ ਸਿੰਘ ਉਰਫ ਭਿੰਦਾ, ਗੁਰਮੀਤ ਸਿੰਘ ਬੱਗਾ, ਹਰਦੀਪ ਸਿੰਘ ਨਿੱਝਰ, ਪਰਮਜੀਤ ਸਿੰਘ ਪੰਮਾ ਆਦਿ ਦੀ ਵਰਤੋਂ ਕਰਦੇ ਸਨ ਅਤੇ ਇਹ ਨੌਜਵਾਨ ਗੈਂਗਸਟਰਾਂ ਕੋਲੋਂ ਆਪਣਾ ਕੰਮ ਕਰਵਾ ਰਹੀ ਹੈ। ਪੁਰਾਣੇ ਅੱਤਵਾਦੀਆਂ ’ਚੋਂ ਹੁਣ ਸਿਰਫ਼ ਗੁਰਪਤਵੰਤ ਸਿੰਘ ਪੰਨੂ ਹੀ ਜ਼ਿਆਦਾ ਸਰਗਰਮ ਹੈ ਅਤੇ ਬਾਕੀਆਂ ਨੂੰ ਆਈਐੱਸਆਈ ਨੇ ਪਾਸੇ ਕਰਨਾ ਸ਼ੁਰੂ ਕਰ ਦਿੱਤਾ ਹੈ।

Posted By: Harjinder Sodhi