ਸੁਕ੍ਾਂਤ, ਜਲੰਧਰ : ਸ਼ਹਿਰ ਦੇ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਖੁਦ ਨੂੰ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਸਾਥੀ ਦੱਸਣ ਵਾਲੇ ਵਿਅਕਤੀ ਨੇ ਵਿਧਾਇਕ ਸ਼ੀਤਲ ਅੰਗੁਰਾਲ ਨੂੰ ਫੋਨ ਕਰ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਵਿਧਾਇਕ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੇ ਪਰਿਵਾਰ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਹੈ। ਘਟਨਾ ਤੋਂ ਬਾਅਦ ਪੁਲਿਸ ਵਿਭਾਗ 'ਚ ਹਫੜਾ-ਦਫੜੀ ਵਾਲਾ ਮਾਹੌਲ ਬਣ ਗਿਆ। ਇਸ ਦੌਰਾਨ ਵਿਧਾਇਕ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤੇ ਨਾਲ ਹੀ ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਪੁਲਿਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਜਾਂਚ ਕਰ ਰਹੇ ਹਨ। ਜਾਣਕਾਰੀ ਮੁਤਾਬਕ ਧਮਕੇ ਦੇਣ ਵਾਲਿਆਂ ਨੇ ਵਿਧਾਇਕ ਕੋਲੋਂ ਫਿਰੌਤੀ ਨਹੀਂ ਮੰਗੀ ਹੈ। ਪਤਾ ਚੱਲਿਆ ਹੈ ਕਿ ਮਾਮਲਾ ਸਿਆਸਤ ਨਾਲ ਜੁੜਿਆ ਹੋਇਆ ਹੈ ਤੇ ਵਿਧਾਇਕ ਨੂੰ ਸਿਆਸਤ ਨਾਲ ਜੁੜੇ ਲੋਕਾਂ ਦਾ ਨਾਂ ਲੈ ਕੇ ਧਮਕਾਇਆ ਗਿਆ ਹੈ। ਉਧਰ, ਵਿਧਾਇਕ ਅੰਗੁਰਾਲ ਨੇ ਇਸ ਬਾਰੇ ਕੋਈ ਵਿਸ਼ੇਸ਼ ਗੱਲ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਧਮਕੀ ਮਿਲੀ ਹੈ। ਸਿਆਸੀ ਦੁਸ਼ਮਣਾਂ ਨੇ ਇਹ ਕੰਮ ਕਰਵਾਇਆ ਹੈ। ਪੁਲਿਸ ਜਲਦ ਇਸ ਦੀ ਜਾਂਚ ਕਰ ਕੇ ਮੁਲਜ਼ਮਾਂ ਦਾ ਪਤਾ ਲਾਵੇਗੀ।