ਚੋਰ ਗਿਰੋਹ ਨੇ ਐੱਨਆਰਆਈ ਔਰਤ ਦਾ ਪਰਸ ਕੀਤਾ ਚੋਰੀ
ਮਹਿਲਾ ਚੋਰਾਂ ਦੇ ਗਿਰੋਹ ਨੇ ਖਰੀਦਦਾਰੀ ਕਰਨ ਵਾਲੀ ਐੱਨਆਰਆਈ ਔਰਤ ਦਾ ਪਰਸ ਕੀਤਾ ਚੋਰੀ
Publish Date: Thu, 13 Nov 2025 09:27 PM (IST)
Updated Date: Fri, 14 Nov 2025 04:14 AM (IST)

ਪਰਸ ’ਚ ਸਨ 200 ਕੈਨੇਡੀਅਨ ਡਾਲਰ, ਸੋਨੇ ਦੀ ਅੰਗੂਠੀ, ਭਾਰਤੀ ਕਰੰਸੀ ਤੇ ਮਹੱਤਵਪੂਰਨ ਦਸਤਾਵੇਜ਼ ਥਾਣਾ 4 ਦੀ ਪੁਲਿਸ ਵੱਲੋਂ ਰੈਣਕ ਬਾਜ਼ਾਰ ’ਚ ਵਾਪਰੀ ਘਟਨਾ ਦੇ ਮੁਲਜ਼ਮ ਕੁਝ ਮਿੰਟਾਂ ’ਚ ਹੀ ਕਾਬੂ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ 4 ਦੀ ਹੱਦ ’ਚ ਪੈਂਦੇ ਰੈਣਕ ਬਾਜ਼ਾਰ ’ਚ ਖਰੀਦਦਾਰੀ ਕਰਨ ਵਾਲੀ ਇਕ ਕੈਨੇਡੀਅਨ ਔਰਤ ਦਾ ਪਰਸ ਔਰਤ ਚੋਰਾਂ ਦੇ ਇਕ ਗਿਰੋਹ ਨੇ ਚੋਰੀ ਕਰ ਲਿਆ। ਪਰਸ ’ਚ 200 ਕੈਨੇਡੀਅਨ ਡਾਲਰ ਤੇ ਭਾਰਤੀ ਕਰੰਸੀ ਦੇ ਨਾਲ-ਨਾਲ ਇਕ ਸੋਨੇ ਦੀ ਅੰਗੂਠੀ ਤੇ ਹੋਰ ਦਸਤਾਵੇਜ਼ ਸਨ। ਸੂਚਨਾ ਮਿਲਣ ’ਤੇ ਇੰਸ. ਅਨੂ ਪਲਿਆਲ ਮਿੰਟਾਂ ’ਚ ਹੀ ਮੌਕੇ ’ਤੇ ਪਹੁੰਚੇ ਤੇ 5 ਮੈਂਬਰੀ ਮਹਿਲਾ ਗਿਰੋਹ ਨੂੰ ਫੜ ਲਿਆ ਤੇ ਪਰਸ ਬਰਾਮਦ ਕਰ ਲਿਆ। ਜਾਣਕਾਰੀ ਦਿੰਦੇ ਹੋਏ ਕੈਨੇਡਾ ਦੀ ਰਹਿਣ ਵਾਲੀ ਐੱਨਆਰਆਈ ਚਰਨਜੀਤ ਕੌਰ ਨੇ ਕਿਹਾ ਕਿ ਉਹ ਆਪਣੇ ਪਰਿਵਾਰ ਨਾਲ ਆਪਣੇ ਜੱਦੀ ਪਿੰਡ ਬੁਲੰਦਪੁਰ ’ਚ ਇਕ ਸਮਾਗਮ ਲਈ ਜਲੰਧਰ ਆਈ ਸੀ। ਅੱਜ ਸਵੇਰੇ ਉਹ ਰੈਂਣਕ ਬਾਜ਼ਾਰ ’ਚ ਖਰੀਦਦਾਰੀ ਕਰਨ ਆਈ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਪੰਜ ਔਰਤਾਂ ਦਾ ਇਕ ਗਿਰੋਹ ਉਸ ਦਾ ਪਿੱਛਾ ਕਰ ਰਿਹਾ ਹੈ। ਦੋ ਔਰਤਾਂ ਨੇ ਇਕ ਤਿੱਖੀ ਚੀਜ਼ ਨਾਲ ਪਰਸ ਕੱਟਿਆ, ਜਿਸ ’ਚ 200 ਡਾਲਰ ਤੇ 50,000 ਰੁਪਏ ਨਕਦ ਕੱਢੇ। ਦੁਕਾਨਦਾਰ ਨੇ ਚੋਰੀ ਹੁੰਦੀ ਦੇਖੀ ਤੇ ਪਰਿਵਾਰ ਨੂੰ ਸੂਚਿਤ ਕੀਤਾ। ਅਪਰਾਧ ਕਰਨ ਤੋਂ ਬਾਅਦ ਗਿਰੋਹ ਬਾਜ਼ਾਰ ਵੱਲ ਭੱਜ ਗਿਆ ਤੇ ਪੀੜਤ ਪਰਿਵਾਰ ਨੇ ਥਾਣਾ 4 ਦੀ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ’ਤੇ ਇੰਚਾਰਜ ਇੰਸ. ਅਨੂ ਪਲਿਆਲ ਮਿੰਟਾਂ ’ਚ ਹੀ ਮੌਕੇ ਤੇ ਪਹੁੰਚ ਗਈ ਤੇ ਸੀਸੀਟੀਵੀ ਫੁਟੇਜ ਤੇ ਹੋਰ ਸਾਧਨਾਂ ਦੀ ਵਰਤੋਂ ਕਰ ਕੇ ਇਲਾਕੇ ਦੇ ਆਲੇ-ਦੁਆਲੇ ਜਾਲ ਵਿਛਾ ਦਿੱਤਾ। ਮਿੰਟਾਂ ’ਚ ਹੀ ਪੁਲਿਸ ਟੀਮ ਨੇ 3 ਔਰਤਾਂ ਨੂੰ ਫੜ ਲਿਆ ਤੇ ਪਰਸ ਕੱਟਣ ਲਈ ਵਰਤਿਆ ਜਾਣ ਵਾਲਾ ਤੇਜ਼ਧਾਰ ਹਥਿਆਰ ਬਰਾਮਦ ਕਰ ਲਿਆ। ਉਨ੍ਹਾਂ ਦੀ ਜਾਣਕਾਰੀ ਦੇ ਆਧਾਰ ’ਤੇ ਦੋ ਹੋਰ ਮੁਲਜ਼ਮ ਔਰਤਾਂ ਨੂੰ ਵੀ ਫੜ ਲਿਆ ਗਿਆ, ਜਿਨ੍ਹਾਂ ਦੇ ਕਬਜ਼ੇ ’ਚੋਂ ਐੱਨਆਰਆਈ ਔਰਤ ਦੇ ਪਰਸ ’ਚੋਂ ਚੋਰੀ ਕੀਤੇ ਗਏ 200 ਕੈਨੇਡੀਅਨ ਡਾਲਰ ਤੇ 50,000 ਭਾਰਤੀ ਕਰੰਸੀ ਬਰਾਮਦ ਕੀਤੇ ਗਏ। ਇੰਸ. ਅਨੂ ਪਲਿਆਲ ਨੇ ਦੱਸਿਆ ਕਿ ਮੁਲਜ਼ਮ ਔਰਤਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਨੂੰ ਸ਼ੁੱਕਰਵਾਰ ਸਵੇਰੇ ਜੇਲ੍ਹ ਭੇਜ ਦਿੱਤਾ ਜਾਵੇਗਾ। ਹਾਲਾਂਕਿ ਪੁਲਿਸ ਵੱਲੋਂ ਮੁਲਜ਼ਮ ਔਰਤਾਂ ਦੀ ਪਛਾਣ ਜਾਰੀ ਨਹੀਂ ਕੀਤੀ ਗਈ।