ਰਾਕੇਸ਼ ਗਾਂਧੀ, ਜਲੰਧਰ : ਥਾਣਾ ਨੰ. ਪੰਜ ਦੀ ਪੁਲਿਸ ਨੇ ਬਸਤੀ ਦਾਨਿਸ਼ਮੰਦਾਂ ਵਿਚ ਬਾਂਕੇ ਦੇ ਘਰ ਚੱਲ ਰਹੇ ਜੂਏ ਦੇ ਅੱਡੇ 'ਤੇ ਛਾਪੇਮਾਰੀ ਕਰਦੇ ਹੋਏ 9 ਜੁਆਰੀਆਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਹਜ਼ਾਰਾਂ ਰੁਪਏ ਦੀ ਨਕਦੀ ਅਤੇ ਤਾਸ਼ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗਿ੍ਫ਼ਤਾਰ ਕੀਤੇ ਗਏ ਜੁਆਰੀਆਂ ਵਿਚੋਂ ਬਸਤੀਆਤ ਇਲਾਕੇ ਦਾ ਬੁੱਕੀ ਹਨੀ ਮੋਟਾ ਵੀ ਸ਼ਾਮਲ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਸਬ ਇੰਸਪੈਕਟਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖ਼ਬਰ ਖ਼ਾਸ ਨੇ ਸੂਚਨਾ ਦਿੱਤੀ ਸੀ ਕਿ ਬਸਤੀ ਦਾਨਿਸ਼ਮੰਦਾਂ ਦੇ ਮੇਨ ਬਾਜ਼ਾਰ ਵਿਚ ਸਥਿਤ ਬਾਂਕੇ ਨਾਂ ਦੇ ਨੌਜਵਾਨ ਦੇ ਘਰ ਜੁਆਰੀਏ ਜੂਆ ਖੇਡ ਰਹੇ ਹਨ। ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਏਐੱਸਆਈ ਅਵਤਾਰ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਕਤ ਥਾਂ 'ਤੇ ਛਾਪੇਮਾਰੀ ਕਰ ਕੇ ਮੌਕੇ ਤੋਂ ਸੰਨੀ ਵਾਸੀ ਚੁੰਗੀ ਮੁਹੱਲਾ, ਬਲਵੰਤ ਵਾਸੀ ਰਸੀਲਾ ਨਗਰ, ਚੰਦਨ ਸ਼ਰਮਾ ਵਾਸੀ ਉੱਤਮ ਨਗਰ, ਦੀਪਕ ਉਰਫ਼ ਦੀਪੂ ਵਾਸੀ ਨਿਊ ਰਸੀਲਾ ਨਗਰ, ਅਸ਼ਵਨੀ ਵਾਸੀ ਸ਼ਿਵਾਜੀ ਨਗਰ, ਸੁਖਪ੍ਰਰੀਤ ਸਿੰਘ ਉਰਫ਼ ਹਨੀ ਮੋਟਾ ਵਾਸੀ ਰਾਜਾ ਗਾਰਡਨ, ਦੀਪਕ ਵਾਸੀ ਮੇਨ ਬਾਜ਼ਾਰ ਬਸਤੀ ਦਾਨਿਸ਼ਮੰਦਾ, ਬਲਵੀਰ ਵਾਸੀ ਨਿਊ ਰਸੀਲਾ ਨਗਰ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕੋਲੋਂ 69 ਹਜ਼ਾਰ ਰੁਪਏ ਦੀ ਨਕਦੀ ਤੇ ਤਾਸ਼ ਬਰਾਮਦ ਕੀਤੀ ਹੈ। ਥਾਣਾ ਮੁਖੀ ਨੇ ਦੱਸਿਆ ਕਿ ਫੜੇ ਗਏ ਜੁਆਰੀਆਂ ਖ਼ਿਲਾਫ਼ ਗੈਂਬਲਿੰਗ ਐਕਟ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।