ਜਤਿੰਦਰ ਪੰਮੀ, ਜਲੰਧਰ

ਸੁਰਜੀਤ ਹਾਕੀ ਸੁਸਾਇਟੀ ਤੇ ਅਕੈਡਮੀ ਵੱਲੋਂ ਕਰਵਾਈ ਜਾ ਰਹੀ ਗਾਖਲ ਗਰੁੱਪ ਸੁਰਜੀਤ ਹਾਕੀ ਲੀਗ (ਸੀਜ਼ਨ -1) ਸਿਕਸ-ਏ-ਸਾਈਡ ਅੱਠ ਅਕਤੂਬਰ ਤੋਂ ਲਾਇਲਪੁਰ ਖ਼ਾਲਸਾ ਕਾਲਜ ਦੇ ਐਸਟਰੋਟਰਫ ਹਾਕੀ ਮੈਦਾਨ 'ਚ ਸ਼ੁਰੂ ਹੋ ਰਹੀ ਹੈ। ਜੂਨੀਅਰ, ਸਬ-ਜੂਨੀਅਰ ਤੇ ਛੋਟੇ ਬੱਚਿਆਂ ਦੇ ਤਿੰਨ ਵਰਗਾਂ ਦੀ ਇਸ ਹਾਕੀ ਲੀਗ 'ਚ 18 ਦੇ ਕਰੀਬ ਟੀਮਾਂ ਹਿੱਸਾ ਲੈ ਰਹੀਆਂ ਹਨ ਅਤੇ 26 ਮੈਚ ਖੇਡੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਜੋ ਕਿ ਸੁਰਜੀਤ ਹਾਕੀ ਸੁਸਾਇਟੀ ਦੇ ਪ੍ਰਧਾਨ ਵੀ ਹਨ, ਨੇ ਦੱਸਿਆ ਕਿ ਇਹ ਦੋ ਦਿਨਾਂ ਸਿਕਸ-ਏ-ਸਾਈਡ ਲੀਗ ਜੂਨੀਅਰ, ਸਬ ਜੂਨੀਅਰ ਅਤੇ ਛੋਟੇ ਬੱਚਿਆਂ ਦੇ ਵਰਗਾਂ ਵਿਚ ਹਾਕੀ ਨੂੰ ਉਤਸ਼ਾਹਤ ਕਰਨ ਲਈ ਕਰਵਾਈ ਜਾ ਰਹੀ ਹੈ। ਪ੍ਰਸਿੱਧ ਖੇਡ ਪ੍ਰਮੋਟਰ ਅਤੇ ਐੱਨਆਰਆਈ ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ (ਯੂਐੱਸਏ) ਇਸ ਲੀਗ ਦੇ ਮੁੱਖ ਸਪਾਂਸਰ ਹੋਣਗੇ। ਸੁਰਜੀਤ ਹਾਕੀ ਲੀਗ ਦੇ ਪ੍ਰਬੰਧਕੀ ਸਕੱਤਰ ਇਕਬਾਲ ਸਿੰਘ ਸੰਧੂ ਅਨੁਸਾਰ ਇਸ ਲੀਗ ਵਿਚ ਕੁੱਲ 18 ਟੀਮਾਂ ਹਿੱਸਾ ਲੈਣਗੀਆਂ ਅਤੇ ਜੂਨੀਅਰ ਗਰੁੱਪ ਦੇ ਪੂਲ-ਏ ਵਿੱਚ ਰਕਸ਼ਕ-ਇਲੈਵਨ, ਜੇਪੀਜੀਏ ਫਾਰਮਰਜ਼, ਟਾਇਕਾ ਸਪੋਰਟਸ, ਗਾਖਲ ਬ੍ਦਰਜ਼ (ਯੂਐੱਸਏ), ਪੂਲ-ਬੀ ਵਿੱਚ ਰਾਇਲ ਇਨਫਰਾ, ਜੋਨੇਕਸ ਸਪੋਰਟਸ, ਅਲਫਾ ਹਾਕੀ, ਕੈਲੀਫੋਰਨੀਆ ਈਗਲਜ਼ (ਯੂਐੱਸਏ) ਹਨ। ਲੀਗ ਦੇ ਸਬ ਜੂਨੀਅਰ ਗਰੁੱਪ ਦੇ ਪੂਲ-ਏ ਵਿਚ- ਪੁਖਰਾਜ ਹੈਲਥ ਕੇਅਰ, ਟੇ੍ਸਰ ਸ਼ੂਜ਼, ਬਲੈਕ ਪੈਂਥਰ ਜਦੋਂ ਕਿ ਪੂਲ-ਬੀ ਵਿੱਚ ਸ਼ਰੇ ਸ਼ੇਰੇ ਸਪੋਰਟਸ, ਕੌਂਟੀਨੈਂਟਲ ਹੋਟਲ ਅਤੇ ਫਲੈਸ਼ ਹਾਕੀ ਟੀਮਾਂ ਅਤੇ ਕਿਡਜ਼ ਗਰੁੱਪ ਦੀਆਂ ਟੀਮਾਂ ਮਿਲਵਾਕੀ ਵੁਲਵਜ਼, ਟੁੱਟ ਬ੍ਦਰਜ਼ (ਯੂਐੱਸਏ), ਹੰਸ ਰਾਜ ਐਂਡ ਸੰਨਜ਼ ਅਤੇ ਏਜੀਆਈ ਇਨਫਰਾ ਹਿੱਸਾ ਲੈ ਰਹੀਆਂ ਹਨ।

ਰਕਸ਼ਕ ਤੇ ਜੇਪੀਜੀਏ 'ਚ ਹੋਵੇਗਾ ਪਹਿਲਾ ਮੁਕਾਬਲਾ

ਸੰਧੂ ਨੇ ਅੱਗੇ ਦੱਸਿਆ ਕਿ ਸਾਰੀਆਂ ਟੀਮਾਂ ਲੜਕੇ ਤੇ ਲੜਕੀਆਂ ਰਲਕੇ ਖੇਡਣਗੀਆਂ ਅਤੇ ਹਰੇਕ ਖਿਡਾਰੀ/ਅਧਿਕਾਰੀ ਨੂੰ ਪੂਰੀ ਖੇਡਣ ਵਾਲੀ ਕਿੱਟ, ਦੋ ਸਮੇਂ ਦਾ ਖਾਣਾ ਤੇ ਡਾਈਟ ਲੀਗ ਵੱਲੋਂ ਮੁਹੱਈਆ ਕਰਵਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਹ ਮੈਚ ਸਵੇਰੇ 7.30 ਵਜੇ ਤੋਂ ਸ਼ਾਮ ਤਕ ਖੇਡੇ ਜਾਣਗੇ। ਲੀਗ ਦਾ ਉਦਘਾਟਨੀ ਮੈਚ ਰਕਸ਼ਕ-ਇਲੈਵਨ ਅਤੇ ਜੇਪੀਜੀਏ ਫਾਰਮਰਜ਼ ਵਿਚਕਾਰ ਸਵੇਰੇ 7.30 ਵਜੇ ਖੇਡਿਆ ਜਾਵੇਗਾ।