ਰਾਕੇਸ਼ ਗਾਂਧੀ, ਜਲੰਧਰ : ਪੀਓ ਸਟਾਫ ਦੀ ਪੁਲਿਸ ਨੇ ਚੋਰੀ ਦੇ ਮਾਮਲੇ 'ਚ ਭਗੌੜਾ ਚੱਲ ਰਹੇ ਇਕ ਨੌਜਵਾਨ ਨੂੰ ਗਿ੍ਫਤਾਰ ਕੀਤਾ ਹੈ। ਪੀਓ ਸਟਾਫ ਦੇ ਇੰਚਾਰਜ ਸਬ-ਇੰਸਪੈਕਟਰ ਸੁਰਜੀਤ ਸਿੰਘ ਨੇ ਦੱਸਿਆ ਕਿ ਸੰਜੂ ਵਾਸੀ ਮਿੱਠੂ ਬਸਤੀ ਜਿਸ ਖਿਲਾਫ ਥਾਣਾ ਬਸਤੀ ਬਾਵਾ ਖੇਲ 'ਚ 30 ਮਾਰਚ 2018 ਨੂੰ ਧਾਰਾ 379, 34 ਆਈਪੀਸੀ ਤਹਿਤ ਮਾਮਲਾ ਦਰਜ ਹੋਇਆ ਸੀ ਜੋ ਜ਼ਮਾਨਤ ਤੋਂ ਬਾਅਦ ਅਦਾਲਤ 'ਚ ਪੇਸ਼ ਨਹੀਂ ਹੋਇਆ ਤਾਂ ਅਦਾਲਤ ਵੱਲੋਂ ਉਸ ਨੂੰ 24 ਫਰਵਰੀ 2023 ਨੂੰ ਭਗੌੜਾ ਐਲਾਨਣ ਦਿੱਤਾ ਗਿਆ ਸੀ। ਉਸ ਵੇਲੇ ਤੋਂ ਹੀ ਪੁਲਿਸ ਉਸ ਦੀ ਤਲਾਸ਼ 'ਚ ਸੀ। ਸ਼ੁੱਕਰਵਾਰ ਪੀਓ ਸਟਾਫ ਦੀ ਪੁਲਿਸ ਨੇ ਉਸ ਨੂੰ ਉਸ ਦੇ ਘਰੋਂ ਗਿ੍ਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਫੜੇ ਗਏ ਭਗੌੜੇ ਨੂੰ ਸਬੰਧਤ ਥਾਣੇ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।