ਅਮਰਜੀਤ ਸਿੰਘ ਵੇਹਗਲ, ਜਲੰਧਰ : ਨਵੀਂ ਸਬਜ਼ੀ ਮੰਡੀ ਮਕਸੂਦਾਂ ਨਜ਼ਦੀਕ ਸਥਿਤ ਗੂੰਗੇ-ਬੋਲ਼ੇ ਬੱਚਿਆਂ ਦੇ ਸਕੂਲ 'ਚ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਬੱਚਿਆਂ ਨੂੰ ਫਲ ਤੇ ਤੋਹਫ਼ੇ ਵੰਡ ਕੇ ਦੀਵਾਲੀ ਦੀ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਬੱਚਿਆਂ ਨਾਲ ਜੋ ਸਮਾਂ ਬਤੀਤ ਕਰ ਕੇ ਉਨ੍ਹਾਂ ਨੂੰ ਖੁਸ਼ੀ ਮਿਲੀ ਹੈ, ਉਸ ਨੂੰ ਉਹ ਬਿਆਨ ਨਹੀਂ ਕਰ ਸਕਦੇ। ਉਨ੍ਹਾਂ ਸਕੂਲ ਮੈਨੇਜਮੈਂਟ ਕਮੇਟੀ ਦੇ ਮੁਖੀ ਵਜੋਂ ਦੱਸਿਆ ਕਿ ਇਨ੍ਹਾਂ ਬੱਚਿਆਂ ਦੇ ਸਰੀਰਕ ਵਿਕਾਸ ਲਈ ਸਮੇਂ-ਸਮੇਂ 'ਤੇ ਡਾਕਟਰੀ ਚੈੱਕਅਪ ਕਰਵਾਇਆ ਜਾਂਦਾ ਹੈ, ਤਾਂ ਜੋ ਇਨ੍ਹਾਂ ਨੂੰ ਕਿਸੇ ਵੀ ਕਿਸਮ ਦੀ ਤਕਲੀਫ਼ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਇਹ ਬੱਚੇ ਵੀ ਇਕ ਨਾਜ਼ੁਕ ਬੱਚੇ ਦੀ ਤਰ੍ਹਾਂ ਹਨ, ਕਿਉਂਕਿ ਇਹ ਆਮ ਬੱਚਿਆਂ ਵਾਂਗ ਬੋਲ ਕੇ ਆਪਣੇ ਮਨ ਦੀ ਗੱਲ ਆਮ ਲੋਕਾਂ ਨਾਲ ਸਾਂਝੀ ਨਹੀਂ ਕਰ ਸਕਦੇ। ਇਸ ਮੌਕੇ ਸਹਾਇਕ ਕਮਿਸ਼ਨਰ ਵਰਜੀਤ ਵਾਲੀਆ, ਸਕੂਲ ਮੈਨੇਜਮੈਂਟ ਕਮੇਟੀ ਦੇ ਸੈਕਟਰੀ ਪਰਮਜੀਤ ਸਿੰਘ, ਪਿ੍ਰੰਸੀਪਲ ਪੁਸ਼ਪਿੰਦਰ ਸ਼ਰਮਾ, ਸਕੂਲ ਦੇ ਅਧਿਆਪਕ ਤੇ ਪਰਿਆਸ ਸਕੂਲ ਦੇ ਵਿਦਿਆਰਥੀ ਵੀ ਹਾਜ਼ਰ ਸਨ।