ਜਲੰਧਰ : ਮਹਾਨਗਰ ਦੇ ਸ਼ਹੀਦ ਭਗਤ ਸਿੰਘ ਇੰਟਰ ਸਟੇਟ ਬੱਸ ਟਰਮੀਨਲ 'ਤੇ ਜਲਦੀ ਹੀ ਮੁਫ਼ਤ ਵਾਈ-ਫਾਈ ਸਹੂਲਤ ਯਾਤਰੀਆਂ ਨੂੰ ਮੁਹੱਈਆ ਹੋ ਜਾਵੇਗੀ। ਆਗਾਮੀ ਇਕ ਹਫ਼ਤੇ ਅੰਦਰ ਯਾਤਰੀਆਂ ਲਈ ਉਕਤ ਸਹੂਲਤ ਮੁਹੱਈਆ ਹੋ ਜਾਣ ਦੀ ਸੰਭਾਵਨਾ ਵਿਅਕਤ ਕੀਤੀ ਜਾ ਰਹੀ ਹੈ।

ਬੱਸ ਸਟੈਂਡ ਸੰਚਾਲਨ ਕਰਨ ਵਾਲਾ ਪੰਜਾਬ ਰੋਡਵੇਜ਼ ਜਲੰਧਰ-1 ਡਿਪੂ ਇਸ ਸਹੂਲਤ ਨੂੰ ਮੁਹੱਈਆ ਕਰਵਾਉਣ ਲਈ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਦੀ ਅਗਵਾਈ 'ਚ ਕਵਾਇਦ 'ਚ ਜੁਟ ਗਿਆ ਹੈ। ਖਾਸ ਗੱਲ ਹੈ ਕਿ ਬੱਸ ਸਟੈਂਡ 'ਤੇ ਮੁਫ਼ਤ ਵਾਈ-ਫਾਈ ਸਹੂਲਤ ਮੁਹੱਈਆ ਕਰਵਾਏ ਜਾਣ ਦੌਰਾਨ ਅਸ਼ਲੀਲ ਤੇ ਸੁਰੱਖਿਆ ਨਾਲ ਜੁੜੀਆਂ ਸਬੰਧਤ ਇੰਟਰਨੈੱਟ ਸਾਈਟਸ 'ਤੇ ਪਾਬੰਦੀ ਲੱਗੀ ਰਹੇਗੀ ਤੇ ਸਿਰਫ ਸਾਧਾਰਨ ਜਾਣਕਾਰੀ ਲਈ ਹੀ ਮੁਫ਼ਤ ਵਾਈ-ਫਾਈ ਸਹੂਲਤ ਦਾ ਲਾਭ ਉਠਾਇਆ ਜਾ ਸਕੇਗਾ।

ਬੱਸ ਸਟੈਂਡ 'ਤੇ ਮੁਫ਼ਤ ਵਾਈ-ਫਾਈ ਸਹੂਲਤ ਮੁਹੱਈਆ ਕਰਵਾਏ ਜਾਣ ਦੀ ਕਵਾਇਦ ਜਾਰੀ ਹੋਣ ਦੀ ਪੁਸ਼ਟੀ ਕਰਦੇ ਹੋਏ ਜਨਰਲ ਮੈਨੇਜਰ ਪਰਨੀਤ ਸਿੰਘ ਮਿਨਹਾਸ ਨੇ ਕਿਹਾ ਕਿ ਜਿਸ ਦਿਨ ਤੋਂ ਵਾਈ-ਫਾਈ ਸਹੂਲਤ ਬੱਸ ਸਟੈਂਡ 'ਤੇ ਮੁਹੱਈਆ ਕਰਵਾਈ ਜਾਵੇਗੀ, ਉਸ ਤੋਂ ਪਹਿਲਾਂ ਇਸਨੂੰ ਇਸਤੇਮਾਲ ਕਰਨ ਸਬੰਧੀ ਨਿਰਦੇਸ਼ ਵੀ ਬੱਸ ਸਟੈਂਡ 'ਤੇ ਲਿਖ ਕੇ ਲਗਾਏ ਜਾਣਗੇ।

ਉਨ੍ਹਾਂ ਕਿਹਾ ਕਿ ਯਾਤਰੀਆਂ ਲਈ ਮੁਫ਼ਤ ਵਾਈ-ਫਾਈ ਸਹੂਲਤ ਲਗਾਤਾਰ ਜਾਰੀ ਰਹੇ, ਇਸ ਕਾਰਨ ਪਹਿਲਾਂ ਸਾਰੇ ਤਕਨੀਕੀ ਪਹਿਲੂਆਂ 'ਤੇ ਡੂੰਘਾਈ ਨਾਲ ਮਾਹਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ। ਮੁਫ਼ਤ ਵਾਈ-ਫਾਈ ਸਹੂਲਤ ਨਾਲ ਕੋਈ ਅਸ਼ਲੀਲ ਸਾਈਟਸ ਤੇ ਸੁਰੱਖਿਆ ਸਬੰਧੀ ਸਾਈਟ ਨਾ ਖੋਲ ਸਕੇ, ਇਸ ਸਬੰਧੀ ਪੂਰਨ ਸਾਵਧਾਨੀ ਵਰਤੀ ਜਾ ਰਹੀ ਹੈ, ਜੋ ਵਾਈ-ਫਾਈ ਇਸਤੇਮਾਲ ਹੋਣ ਦੌਰਾਨ ਵੀ ਜਾਰੀ ਰਹੇਗੀ।

ਜਿਵੇਂ ਹੀ ਤਸੱਲੀਬਖਸ਼ ਸਿਸਟਮ ਸੈੱਟਅਪ ਹੋ ਜਾਵੇਗਾ, ਤੁਰੰਤ ਪ੍ਭਾਵ ਨਾਲ ਮੁਫ਼ਤ ਵਾਈ-ਫਾਈ ਸਹੂਲਤ ਯਾਤਰੀਆਂ ਲਈ ਮੁਹੱਈਆ ਕਰਵਾ ਦਿੱਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਸਮੇਂ ਛੋਟੇ-ਛੋਟੇ ਰੈਸਟੋਰੈਂਟਸ ਤੋਂ ਇਲਾਵਾ ਨਿੱਜੀ ਬੱਸ ਆਪ੍ਰੇਟਰ ਵੀ ਮੁਫ਼ਤ ਵਾਈ-ਫਾਈ ਸਹੂਲਤ ਮੁਹੱਈਆ ਕਰਵਾ ਰਹੇ ਹਨ। ਬੱਸ ਸਟੈਂਡ ਵਰਗੇ ਜਨਤਕ ਸਥਾਨ 'ਤੇ ਵੀ ਮੁਫ਼ਤ ਵਾਈ-ਫਾਈ ਸਹੂਲਤ ਹੋਣ ਨਾਲ ਯਾਤਰੀਆਂ ਨੂੰ ਇੰਟਰਨੈੱਟ ਕਨੈਕਟੀਵਿਟੀ ਮਿਲ ਸਕੇਗੀ, ਜਿਸਨੂੰ ਇਕ ਵੱਡੀ ਸਹੂਲਤ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।