ਸਤਿੰਦਰ ਸ਼ਰਮਾ, ਫਿਲੌਰ

ਸਿਵਲ ਹਸਪਤਾਲ ਵਿਖੇ ਦੰਦਾਂ ਦਾ 31ਵਾਂ ਪੰਦਰਵਾੜਾ 1 ਫਰਵਰੀ ਤੋਂ ਲਗਾਤਾਰ ਜਾਰੀ ਹੈ, ਜੋ 15 ਫਰਵਰੀ ਤਕ ਜਾਰੀ ਰਹੇਗਾ। ਦੰਦਾਂ ਦੇ ਮਾਹਿਰ ਡਾ. ਕੁਲਦੀਪ ਰਾਏ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਮੁਫ਼ਤ ਕੈਂਪ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ. ਰਾਜੇਸ਼ ਬੱਗਾ ਤੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਡਾ. ਗੁਰਿੰਦਰ ਕੌਰ ਦੀ ਅਗਵਾਈ ਹੇਠ ਦੰਦਾਂ ਦੀ ਸਿਹਤ ਲਈ ਸਾਲਾਨਾ 31ਵਾਂ ਪੰਦਰਵਾੜਾ ਲਾਇਆ ਜਾ ਰਿਹਾ ਹੈ, ਜਿਸ 'ਚ ਆਏ ਸਾਲ ਸੈਂਕੜਿਆਂ ਦੀ ਗਿਣਤੀ 'ਚ ਲੋੜਵੰਦ ਮਰੀਜ਼ ਆਪਣੇ ਦੰਦਾਂ ਦਾ ਇੱਥੇ ਆ ਕੇ ਇਲਾਜ਼ ਕਰਵਾਉਂਦੇ ਹਨ। ਡਾ. ਰਾਏ ਨੇ ਦੱਸਿਆ ਕਿ ਹਰ ਸਾਲ ਸਰਕਾਰ ਵੱਲੋਂ ਮਿੱਥੇ ਟੀਚੇ ਤੋਂ ਵਧ ਕੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਲੋੜਵੰਦਾਂ ਨੂੰ ਡੈਂਚਰ ਵੀ ਮੁਫ਼ਤ ਮੁਹੱਈਆ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਦੰਦਾਂ ਦੀ ਸਾਂਭ-ਸੰਭਾਲ ਦਾ ਖ਼ਾਸ ਖਿਆਲ ਰੱਖੇ।

ਸਵੇਰੇ ਨਾਸ਼ਤੇ ਤੋਂ ਬਾਅਦ ਤੇ ਰਾਤ ਦੇ ਖਾਣੇ ਤੋਂ ਬਾਅਦ ਦੰਦਾਂ ਦੀ ਸਫ਼ਾਈ ਟੁੱਥ ਬਰਸ਼ ਜ਼ਰੂਰ ਕਰੇ ਤੇ ਜੀਭ ਨੂੰ ਵੀ ਟੰਗ ਕਲੀਨਰ ਨਾਲ ਸਾਫ਼ ਕਰੇ। ਉਨ੍ਹਾਂ ਕਿਹਾ ਕਿ ਦਾਤਨ ਕਰਨ ਨਾਲ ਮਸੂੜੇ ਮਜ਼ਬੂਤ ਹੁੰਦੇ ਹਨ। ਮਿੱਠੀਆਂ ਤੇ ਦੰਦਾਂ ਨੂੰ ਚਿਪਕਣ ਵਾਲੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜੇ ਕਰੋ ਤਾਂ ਬਾਅਦ 'ਚ ਬਰਸ਼ ਜ਼ਰੂਰ ਕਰਨਾ ਚਾਹੀਦਾ ਹੈ। ਤਾਜ਼ੇ ਫਲ ਤੇ ਸਬਜ਼ੀਆਂ ਆਦਿ ਜ਼ਰੂਰ ਖਾਣੇ ਚਾਹੀਦੇ ਹਨ। ਦੁੱਧ ਦੇ ਦੰਦਾਂ ਦੀ ਸੰਭਾਲ ਵੀ ਪੱਕੇ ਦੰਦਾਂ ਦੀ ਸੰਭਾਲ ਵਾਂਗ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇਹ ਧਾਰਨਾ ਗਲਤ ਹੈ ਕਿ ਉਪਰਾਲੇ ਦੰਦ ਕਢਵਾਉਣ ਦੇ ਨਾਲ ਨਜ਼ਰ ਕਮਜ਼ੋਰ ਜੋ ਜਾਂਦੀ ਹੈ, ਅਜਿਹਾ ਨਹੀਂ ਹੈ। ਦੰਦ ਕਢਵਾਉਣ ਤੋਂ ਪਹਿਲਾਂ ਦੰਦਾਂ ਦੇ ਡਾਕਟਰ ਨੂੰ ਆਪਣੀ ਕਿਸੇ ਵੀ ਬਿਮਾਰੀ ਹੋਣ ਦੇ ਬਾਰੇ ਜਿਵੇਂ ਕਿ ਬਲੱਡ ਪ੍ੈਸ਼ਰ, ਸ਼ੂਗਰ ਜਾਂ ਦਿਲ ਦੇ ਰੋਗ ਸਬੰਧੀ ਜ਼ਰੂਰ ਦੱਸੋ।