ਜੇਐੱਨਐੱਨ, ਜਲੰਧਰ : ਜ਼ਮੀਨ ਵਿਕਰੀ ਦੀ ਆੜ 'ਚ ਅਮਰੀਕਾ ਰਹਿੰਦੇ ਐੱਨਆਰਆਈ ਨਾਲ ਚਾਰ ਕਰੋੜ ਦੀ ਧੋਖਾਧੜੀ ਕਰ ਦਿੱਤੀ ਗਈ। ਐੱਨਆਰਆਈ ਵੱਲੋਂ ਦਿੱਤੀ ਗਈ ਪਾਵਰ ਆਫ ਅਟਾਰਨੀ ਗੁੰਮ ਹੋਣ ਦਾ ਬਹਾਨਾ ਬਣਾ ਕੇ ਉਸ ਦੀ ਜ਼ਮੀਨ ਅੱਗੇ ਵੇਚ ਕੇ ਰਜਿਸਟਰੀ ਤਕ ਕਰਵਾ ਦਿੱਤੀ ਗਈ। ਐੱਨਆਰਆਈ ਨੇ ਸ਼ਿਕਾਇਤ ਕੀਤੀ ਤਾਂ ਹੁਣ ਪੁਲਿਸ ਨੇ ਧੋਖਾਧੜੀ ਕਰਨ ਵਾਲੇ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਏਡੀਸੀਪੀ ਇਨਵੈਸਟੀਗੇਸ਼ਨ ਨੇ ਜਾਂਚ ਰਿਪੋਰਟ ਵਿਚ ਦੱਸਿਆ ਕਿ ਬਸਤੀ ਦਾਨਿਸ਼ਮੰਦਾ ਦੇ ਗੁਰਵਿੰਦਰ ਸਿੰਘ ਅੌਜਲਾ ਪੱਕੇ ਤੌਰ 'ਤੇ ਅਮਰੀਕਾ ਰਹਿੰਦੇ ਹਨ। ਉਨ੍ਹਾਂ ਦੀ ਪੰਜਾਬ ਵਿਚ ਕਈ ਜਗ੍ਹਾ ਜਾਇਦਾਦ ਹੈ ਪਰ ਅਮਰੀਕਾ ਵਿਚ ਰਹਿਣ ਕਾਰਨ ਉਹ ਇਸ ਦੀ ਦੇਖਭਾਲ ਨਹੀਂ ਕਰ ਪਾ ਰਹੇ ਸਨ। ਉਨ੍ਹਾਂ ਬਸਤੀ ਸ਼ੇਖ ਤੇ ਬਸਤੀ ਗੁਜਾਂ ਸਥਿਤ ਆਪਣੀ 11 ਕਨਾਲ 16 ਮਰਲੇ ਜ਼ਮੀਨ ਨੂੰ ਸਾਢੇ ਚਾਰ ਕਰੋੜ ਵਿਚ ਵੇਚਣ ਲਈ ਜਸਕਰਨ ਸਿੰਘ ਗਿੱਲ ਨਾਲ ਸੌਦਾ ਕੀਤਾ। ਇਸ ਦਾ ਐਗਰੀਮੈਂਟ 27 ਮਾਰਚ 2007 ਨੂੰ ਹੋਇਆ। ਐੱਨਆਰਆਈ ਅੌਜਲਾ ਨੇ ਬਿਆਨੇ ਵਜੋਂ ਜਸਕਰਨ ਗਿੱਲ ਤੋਂ 50 ਲੱਖ ਰੁਪਏ ਲੇ ਲਏ। 31 ਦਸੰਬਰ 2007 ਨੂੰ ਇਸ ਦੀ ਰਜਿਸਟਰੀ ਹੋਣੀ ਸੀ। ਉਸ ਜ਼ਮੀਨ ਨੂੰ ਅੱਗੇ ਵੇਚਣ ਲਈ ਐੱਨਆਰਆਈ ਅੌਜਲਾ ਨੇ ਜਸਕਰਨ ਗਿੱਲ ਦੇ ਨਾਂ 15 ਅਕਤੂਬਰ 2007 ਨੂੰ ਜਨਰਲ ਪਾਵਰ ਆਫ ਅਟਾਰਨੀ ਕਰ ਦਿੱਤੀ। ਹਾਲਾਂਕਿ ਕੁਝ ਸਮਾਂ ਬਾਅਦ ਅੌਜਲਾ ਨੇ ਜਸਕਰਨ ਤੋਂ ਅਟਾਰਨੀ ਵਾਪਸ ਮੰਗੀ ਤਾਂ ਉਸ ਨੇ ਬਹਾਨੇਬਾਜ਼ੀ ਕਰਦਿਆਂ ਨਹੀਂ ਦਿਜੱਤੀ। ਐੱਨਆਰਆਈ ਅੌਜਲਾ ਨੇ ਕਿਹਾ ਕਿ ਅਸਲ ਵਿਚ ਜਸਕਰਨ ਨੇ ਉਨ੍ਹਾਂ ਦੀ ਪਾਵਰ ਆਫ ਅਟਾਰਨੀ ਦਾ ਇਸਤੇਮਾਲ ਕਰ ਕੇ ਉਨ੍ਹਾਂ ਦੀ ਜ਼ਮੀਨ ਨੂੰ ਵੱਖ-ਵੱਖ ਲੋਕਾਂ ਨੂੰ ਵੇਚ ਕੇ ਉਨ੍ਹਾਂ ਦੇ ਨਾਂ ਰਜਿਸਟਰੀ ਕਰ ਦਿੱਤੀ। ਉਸ ਨੇ ਜ਼ਮੀਨ ਦੇ ਸੱਤ ਮਰਲੇ ਤੇ 93 ਵਰਗ ਫੁੱਟ ਦੇ ਹਿਸਾਬ ਨਾਲ ਇਸ ਦੀ ਰਜਿਸਟਰੀ ਅਰਜਨ ਨਗਰ ਬਸਤੀ ਮਿੱਠੂ ਦੇ ਰਜਿੰਦਰ ਸਿੰਘ, ਦੀਪ ਡੇਅਰੀ ਨੇੜੇ ਕਪੂਰਥਲਾ ਰੋਡ ਦੀ ਬਲਵੀਰ ਕੌਰ, ਅਰਜਨ ਨਗਰ ਦੇ ਅਮਰਜੀਤ ਸਿੰਘ, ਬਸਤੀ ਮਿੱਠੂ ਦੇ ਅਰਵਿੰਦਰ ਸਿੰਘ, ਅਰਜਨ ਨਗਰ ਦੀ ਹਰਜਿੰਦਰ ਕੌਰ ਅਤੇ 7 ਮਰਲੇ 94 ਫੁੱਟ ਦੀ ਰਜਿਸਟਰੀ ਕਪੂਰਥਲਾ ਰੋਡ ਦੀ ਕੁਲਦੀਪ ਕੌਰ ਅਤੇ 14 ਮਰਲੇ 187 ਵਰਗ ਫੁੱਟ ਦੀ ਰਜਿਸਟਰੀ ਜੰਮੂ ਕੰਪਲੈਕਸ ਦੇ ਨੇੜੇ ਅਨਮੋਲ ਹਸਪਤਾਲ ਕੋਲ ਕਪੂਰਥਲਾ ਰੋਡ ਦੇ ਗੁਰਬਖਸ਼ ਸਿੰਘ ਦੇ ਨਾਂ ਕਰ ਦਿੱਤੀ ਅਤੇ ਉਨ੍ਹਾਂ ਤੋਂ ਪੈਸੇ ਵੀ ਲੈ ਲਏ।