ਜੇਐੱਨਐੱਨ, ਜਲੰਧਰ : ਤਹਿਸੀਲ ਕੰਪਲੈਕਸ 'ਚ ਕੰਮ ਕਰਨ ਵਾਲੇ ਡੀਡ ਰਾਈਟਰ ਰਾਜਿੰਦਰ ਦੇ ਪੁੱਤਰ ਨੂੰ ਸਿੱਧਾ ਆਈਪੀਐੱਸ ਬਣਾਉਣ ਦਾ ਝਾਂਸਾ ਦੇ ਕੇ ਕਰੋੜਾਂ ਰੁਪਏ ਠੱਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਦੋ ਵੱਡੇ ਸਨਅਤਕਾਰਾਂ 'ਤੇ ਦੋਸ਼ ਲਾਏ ਗਏ ਹਨ ਕਿ ਉਨ੍ਹਾਂ ਨੇ ਆਪਣੇ ਸਬੰਧ ਉਪਰ ਤਕ ਹੋਣ ਦੀ ਗੱਲ ਕਹਿ ਕੇ ਕਰੋੜਾਂ ਰੁਪਏ ਲੈ ਲਏ ਪਰ ਹਾਲੇ ਤਕ ਕੁਝ ਨਹੀਂ ਕੀਤਾ। ਰਾਜਿੰਦਰ ਨੇ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਹੈ ਜਿਸ ਤੋਂ ਬਾਅਦ ਮਾਮਲੇ ਦੀ ਜਾਂਚ ਏਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਕਿੰਗਰਾ ਨੂੰ ਸੌਂਪ ਦਿੱਤੀ ਗਈ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਰਾਜਿੰਦਰ ਨੇ ਦੱਸਿਆ ਕਿ ਕਰੀਬ ਛੇ ਸਾਲ ਪਹਿਲਾਂ ਸ਼ਹਿਰ ਦੇ ਦੋ ਵੱਡੇ ਸਨਅਤਕਾਰ ਉਸ ਦੇ ਸੰਪਰਕ 'ਚ ਆਏ। ਉਨ੍ਹਾਂ ਨੇ ਉਸ ਦੇ ਪੁੱਤਰ ਨੂੰ ਆਈਪੀਐੱਸ ਬਣਾਉਣ ਦੀ ਗੱਲ ਕਹੀ। ਇਸ ਤੋਂ ਬਾਅਦ ਉਸ ਨੂੰ ਦਿੱਲੀ 'ਚ ਸੱਦ ਕੇ ਸਰਕਾਰੀ ਦਫ਼ਤਰ ਵੀ ਲੈ ਗਏ ਤੇ ਉਥੇ 'ਤੇ ਵੀ ਅਜਿਹਾ ਦਿਖਾਇਆ ਕਿ ਜਿਵੇਂ ਸਭ ਉਨ੍ਹਾਂ ਨੂੰ ਜਾਣਦੇ ਹਨ ਤੇ ਉਹ ਸਾਰੇ ਕੰਮ ਕਰ ਸਕਦੇ ਹਨ। ਇਸ ਤੋਂ ਬਾਅਦ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇ ਪੋਸਟਿੰਗ ਦੇ ਆਰਡਰ ਵੀ ਦਿਖਾਏ। ਇਸ ਸਬੰਧੀ ਏਡੀਸੀਪੀ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਸ਼ਿਕਾਇਤ ਆਈ ਹੈ, ਜਿਨ੍ਹਾਂ 'ਤੇ ਦੋਸ਼ ਲਾਏ ਗਏ ਹਨ ਉਨ੍ਹਾਂ ਨੂੰ ਵੀ ਤਫ਼ਤੀਸ਼ 'ਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਸੋਮਵਾਰ ਸਨਅਤਕਾਰਾਂ ਨਾਲ ਇਸ ਸਬੰਧੀ ਗੱਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੀ ਇਸ ਮਾਮਲੇ 'ਚ ਕੁਝ ਕਿਹਾ ਜਾ ਸਕਦਾ ਹੈ।

ਸਿੱਧਾ ਆਈਪੀਐੱਸ ਬਣਾਉਣ ਤੇ ਕਰੋੜਾਂ ਦੀ ਵੀ ਹੋਵੇਗੀ ਜਾਂਚ

ਪੁਲਿਸ ਦੀ ਜਾਂਚ ਸਿਰਫ ਇਸ ਗੱਲ 'ਤੇ ਹੀ ਨਹੀਂ ਰਹੇਗੀ ਕਿ ਸਿੱਧਾ ਆਈਪੀਐੱਸ ਬਣਾਉਣ ਦੀ ਗੱਲ ਕਹਿ ਕੇ ਕਰੋੜਾਂ ਰੁਪਏ ਠੱਗ ਲਏ ਗਏ ਹਨ। ਇਸ ਗੱਲ ਦੀ ਜਾਂਚ ਵੀ ਹੋਵੇਗੀ ਕਿ ਛੇ ਸਾਲ 'ਚ ਕਰੋੜਾਂ ਰੁਪਏ ਕਿਸ ਕੰਮ ਤੋਂ ਆਏ ਤੇ ਕਿਵੇਂ ਉਨ੍ਹਾਂ ਦਾ ਲੈਣ-ਦੇਣ ਕੀਤਾ ਗਿਆ। ਇਸ ਤੋਂ ਇਲਾਵਾ ਪੁਲਿਸ ਦੀ ਵਰਦੀ ਕਿਵੇਂ ਮੰਗਵਾਈ ਗਈ, ਕਿਸ ਨੇ ਮੰਗਵਾਈ ਤੇ ਬਿਨਾਂ ਪੁਲਿਸ ਦੀ ਨੌਕਰੀ ਲਈ ਕੋਈ ਉਸ ਵਰਦੀ ਨੂੰ ਆਪਣੇ ਕੋਲ ਰੱਖ ਕੇ ਕਿਵੇਂ ਗਿਆ।