ਜਲੰਧਰ : ਰੈਸਟੋਰੈਂਟ ਐਂਡ ਪਬ ਚੇਨ ਨਿਊਵੋ ਹੋਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਛਪਾਲ ਸਚਦੇਵਾ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਜੀਪੀਐੱਸ ਭੁੱਲਰ ਨੂੰ ਗਇਕ ਕਰਨ ਓਜਲਾ ਤੇ ਦੀਪ ਜੰਡੂ ਖ਼ਿਲਾਫ਼ ਸ਼ਿਕਾਇਤ ਦਿੱਤੀ ਹੈ। ਸ਼ਿਕਾਇਤ 'ਚ ਰਾਹੁਲ ਦੇਵ ਫਿਲਮਜ਼ ਦੇ ਰਾਹੁਲ, ਅਭਿ ਤੇ ਸਪੇਡ ਅਭਿ ਫਿਲਮਜ਼ ਦੇ ਕੁਨਾਲ ਦਾ ਨਾਂ ਵੀ ਸ਼ਾਮਲ ਹੈ।

ਰਛਪਾਲ ਨੇ ਦੱਸਿਆ ਕਿ ਜਲੰਧਰ ਦੇ ਮਾਡਲ ਟਾਉਨ ਤੇ ਲੁਧਿਆਣਾ 'ਚ ਉਨ੍ਹਾਂ ਦਾ ਡੀਨਿਊਵੋ ਰੈਸਟੋਰੈਂਟ ਹੈ। 13 ਤੇ 14 ਅਪ੍ਰੈਲ ਨੂੰ ਉਨ੍ਹਾਂ ਆਪਣੇ ਦੋਨੋਂ ਰੈਸਟੋਰੈਂਟਸ 'ਚ ਗਾਇਕ ਕਰਨ ਓਜਲਾ ਤੇ ਦੀਪ ਜੰਡੂ ਦੇ ਸਮਾਗਮ ਰੱਖੇ ਹੋਏ ਸਨ। ਇਸ ਲਈ ਰਾਹੁਲ ਦੇਵ ਫਿਲਮਜ਼ ਦੇ ਰਾਹੁਲ, ਅਭੀ ਤੇ ਸਪੇਡ ਅਭੀ ਫਿਲਮਜ਼ ਦੇ ਕੁਨਾਲ ਨਾਲ ਸੰਪਰਕ ਹੋਇਆ ਸੀ ਤੇ ਸਵਾ ਤਿੰਨ ਲੱਖ ਰੁਪਏ 'ਚ ਡੀਲ ਹੋਈ ਸੀ। ਇਕ ਲੱਖ ਨੱਬੇ ਹਜ਼ਾਰ ਰੁਪਏ ਐਡਵਾਂਸ ਵੀ ਦਿੱਤੇ ਗਏ ਸਨ। ਉਨ੍ਹਾਂ ਦੱਸਿਆ ਕਿ ਸਮਾਗਮ ਤੋਂ ਠੀਕ ਚਾਰ ਦਿਨ ਪਹਿਲਾਂ ਰਾਹੁਲ ਨੇ ਉਨ੍ਹਾਂ ਨਾਲ ਰਾਬਤਾ ਕੀਤਾ ਤੇ ਸਮਾਗਮ ਲਈ 13 ਲੱਖ ਰੁਪਏ ਮੰਗਣ ਲੱਗੇ। ਰੱਛਪਾਲ ਨੇ ਦੱਸਿਆ ਕਿ ਉਨ੍ਹਾਂ ਇਕਦਮ ਇੰਨੀ ਵੱਡੀ ਰਕਮ ਦੇਣ 'ਚ ਅਸਮਰਥਤਾ ਜ਼ਾਹਿਰ ਕੀਤੀ। ਉਨ੍ਹਾਂ ਦੋਸ਼ ਲਗਾਇਆ ਕਿ ਕੰਪਨੀ ਦੇ ਰਾਹੁਲ ਨੇ ਉਨ੍ਹਾਂ ਦਾ ਸਮਾਗਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪੁਲਿਸ ਕਮਿਸ਼ਨਰ ਨੇ ਇਸ ਮਾਮਲੇ ਦੀ ਜਾਂਚ ਏਸੀਪੀ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਹੈ।

ਕਦੇ ਨਹੀਂ ਕੀਤੀ 13 ਲੱਖ ਰੁਪਏ ਦੀ ਮੰਗ : ਰਾਹੁਲ

ਇਸ ਸਬੰਧੀ ਰਾਹੁਲ ਦੇਵ ਫਿਲਮਜ਼ ਦੇ ਰਾਹੁਲ ਨੇ ਦੱਸਿਆ ਕਿ ਉਨ੍ਹਾਂ ਕਦੀ ਵੀ 13 ਲੱਖ ਰੁਪਏ ਦੀ ਮੰਗ ਨਹੀਂ ਕੀਤੀ। ਉਨ੍ਹਾਂ ਦੀ ਡੀਲ ਸਵਾ ਤਿੰਨ ਲੱਖ ਰੁਪਏ 'ਚ ਹੋਈ ਸੀ ਤੇ ਉਹ ਵੀ ਉਨ੍ਹਾਂ ਨੂੰ ਪੂਰੇ ਨਹੀਂ ਦਿੱਤੇ ਗਏ ਸਨ। ਇਕ ਲੱਖ ਨੱਬੇ ਹਜ਼ਾਰ ਰਪਏ ਐਡਵਾਂਸ ਦਿੱਤੇ ਗਏ ਸਨ ਜਿਸ ਤੋਂ ਬਾਅਦ ਕੋਈ ਪੈਸਾ ਨਹੀਂ ਮਿਲਿਆ। ਜਦੋਂ ਪੂਰੇ ਪੈਸੇ ਮੰਗੇ ਤਾਂ ਨਹੀਂ ਮਿਲੇ ਤੇ ਝੂਠੀ ਸ਼ਿਕਾਇਤ ਦੇ ਦਿੱਤੀ ਗਈ। ਜੇ ਰੱਛਪਾਲ ਕੋਲ ਕੋਈ ਸਬੂਤ ਹੈ ਕਿ 13 ਲੱਖ ਰੁਪਏ ਮੰਗੇ ਗਏ ਤਾਂ ਦਿਖਾਏ। ਉਨ੍ਹਾਂ ਕਿਹਾ ਕਿ ਝੂਠੀ ਸ਼ਿਕਾਇਤ ਕਰਨ ਵਾਲੇ ਰਛਪਾਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਨ੍ਹਾਂ ਦੀ ਕੰਪਨੀ ਦੀ ਛਵੀ ਖਰਾਬ ਕਰਨ ਤੇ ਉਨ੍ਹਾਂ ਨੂੰ ਲੀਗਲ ਨੋਟਿਸ ਵੀ ਭੇਜਿਆ ਗਿਆ ਹੈ।

Posted By: Amita Verma