ਰਾਕੇਸ਼ ਗਾਂਧੀ, ਜਲੰਧਰ : ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ ਨੇ 120 ਫੁੱਟੀ ਰੋਡ ਤੋਂ ਮੰਗਲਵਾਰ ਸਵੇਰੇ ਇਕ ਦੁਕਾਨਦਾਰ ਕੋਲੋਂ ਬਾਬਾ ਬਣ ਕੇ ਲੁੱਟ ਕਰਨ ਵਾਲੇ ਚਾਰ ਜਣਿਆਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਹੈ।

ਥਾਣਾ ਮੁਖੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅਨਿਲ ਕੁਮਾਰ ਵਾਸੀ 120 ਫੁੱਟੀ ਰੋਡ ਨੇ ਸ਼ਿਕਾਇਤ ਕੀਤੀ ਸੀ ਕਿ ਉਹ ਅੱਜ ਸਵੇਰੇ ਆਪਣੀ ਦੁਕਾਨ 'ਤੇ ਬੈਠਾ ਸੀ ਕਿ ਇਕ ਬਾਬੇ ਦਾ ਭੇਸ ਧਾਰ ਕੇ ਆਇਆ ਵਿਅਕਤੀ ਉਸ ਕੋਲੋਂ ਰਾਧਾ ਸੁਆਮੀ ਸਤਸੰਗ ਘਰ ਦਾ ਪਤਾ ਪੁੱਛਣ ਲੱਗਾ। ਇੰਨੇ 'ਚ ਦੋ ਵਿਅਕਤੀ ਅਤੇ ਇਕ ਅੌਰਤ ਵੀ ਉੱਥੇ ਪਹੁੰਚ ਗਏ ਅਤੇ ਦੁਕਾਨਦਾਰ ਨੂੰ ਕਹਿਣ ਲੱਗੇ ਕਿ ਇਹ ਬਾਬਾ ਤਾਂ ਬਹੁਤ ਚਮਤਕਾਰੀ ਹੈ। ਅਨਿਲ ਕੁਮਾਰ ਨੂੰ ਜਦ ਇਹੀ ਲੱਗਾ ਕਿ ਇਹ ਠੱਗ ਹਨ ਤਾਂ ਉਸ ਨੇ ਆਪਣੇ ਉਂਗਲਾਂ ਵਿਚ ਪਾਈਆਂ ਸੋਨੇ ਦੀਆਂ ਅੰਗੂਠੀਆਂ ਲਾਹ ਕੇ ਅੱਗ ਰੁਮਾਲ ਵਿਚ ਪਾ ਕੇ ਆਪਣੀ ਜੇਬ ਵਿਚ ਰੱਖ ਲਈਆਂ ਪਰ ਰੁਮਾਲ ਦਾ ਕੁਝ ਹਿੱਸਾ ਜੇਬ 'ਚੋਂ ਬਾਹਰ ਦਿਖਾਈ ਦੇ ਰਿਹਾ ਸੀ। ਉਨ੍ਹਾਂ ਲੋਕਾਂ ਨੇ ਉਹ ਰੁਮਾਲ ਜੇਬ 'ਚੋਂ ਬਾਹਰ ਕੱਢ ਲਿਆ ਤੇ ਮੋਟਰਸਾਈਕਲ 'ਤੇ ਬਹਿ ਕੇ ਫ਼ਰਾਰ ਹੋ ਗਏ। ਇੰਨ੍ਹੇ ਨੂੰ ਇਕ ਹੋਰ ਮੋਟਰਸਾਈਕਲ ਆਇਆ, ਜਿਸ 'ਤੇ ਬਾਬਾ ਵੀ ਬਹਿ ਕੇ ਫ਼ਰਾਰ ਹੋ ਗਿਆ। ਪੁਲਿਸ ਨੇ ਅਨਿਲ ਕੁਮਾਰ ਦੇ ਬਿਆਨਾਂ 'ਤੇ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਏਐੱਸਆਈ ਰਘਬੀਰ ਕੁਮਾਰ ਨੂੰ ਦਿੱਤੀ। ਏਐੱਸਆਈ ਰਘਵੀਰ ਕੁਮਾਰ ਇਨ੍ਹਾਂ ਦੀ ਭਾਲ ਵਿਚ ਇਲਾਕੇ ਵਿਚ ਮੌਜੂਦ ਸਨ ਕਿ ਮੁਖਬਰ ਖਾਸ ਨੇ ਉਨ੍ਹਾਂ ਨੂੰ ਸੂਚਨਾ ਦਿੱਤੀ ਕਿ ਦੁਕਾਨਦਾਰ ਨਾਲ ਲੁੱਟ ਕਰਨ ਵਾਲਾ ਬਾਬਾ ਇਸ ਵੇਲੇ ਬਾਬਾ ਬੁੱਢਾ ਜੀ ਪੁਲ 'ਤੇ ਘੁੰਮ ਰਿਹਾ ਹੈ। ਤੁਰੰਤ ਕਾਰਵਾਈ ਕਰਦੇ ਹੋਏ ਪੁਲਿਸ ਪਾਰਟੀ ਨੇ ਉਕਤ ਕਥਿਤ ਬਾਬਾ ਅਕਬਰ ਵਾਸੀ ਨੂਰਪੁਰ ਕਾਲੋਨੀ ਨੂੰ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਨੇ ਪੀੜਤ ਅਨਿਲ ਕੁਮਾਰ ਨੂੰ ਥਾਣੇ ਬੁਲਾਇਆ ਸੀ, ਜਿਸ ਨੇ ਅਕਬਰ ਦੀ ਪਛਾਣ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਉਸ ਦੇ ਫਰਾਰ ਦੋ ਸਾਥੀਆਂ ਅਤੇ ਇਕ ਅੌਰਤ ਨੂੰ ਵੀ ਜਲਦ ਕਾਬੂ ਕਰ ਲਵੇਗੀ। ਫਿਲਹਾਲ ਅਕਬਰ ਤਿੰਨ ਦਿਨ ਦੇ ਪੁਲਿਸ ਰਿਮਾਂਡ 'ਤੇ ਹੈ।